ਵਿੱਤ ਖੇਤਰ ਦੇ 77 ਸਿਵਲ ਸਪੋਰਟ ਸਟਾਫ਼ ਦਾ ਇਕ ਹੋਰ ਬੈਚ ਸੋਮਵਾਰ ਨੂੰ ਪੰਜਾਬ ਪੁਲਸ ’ਚ ਹੋਵੇਗਾ ਸ਼ਾਮਲ
Sunday, Jul 09, 2023 - 06:44 PM (IST)
ਚੰਡੀਗੜ੍ਹ : ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਪੰਜਾਬ ਦੇ ਨੌਜਵਾਨਾਂ ਨੂੰ ਨੌਕਰੀਆਂ ਪ੍ਰਦਾਨ ਕਰਨ ਦੀ ਵਚਨਬੱਧਤਾ ਨੂੰ ਪੂਰਾ ਕਰਦਿਆਂ ਵਿੱਤੀ ਖੇਤਰ ਦੇ 77 ਸਿਵਿਲੀਅਨ ਉਮੀਦਵਾਰਾਂ ਦਾ ਇਕ ਹੋਰ ਬੈਚ ਸੋਮਵਾਰ ਤੋਂ ਪੰਜਾਬ ਪੁਲਸ ਦੇ ਪੰਜਾਬ ਬਿਊਰੋ ਆਫ਼ ਇਨਵੈਸਟੀਗੇਸ਼ਨ (ਪੀਬੀਆਈ) ਵਿਚ ਸ਼ਾਮਲ ਹੋਣ ਜਾ ਰਿਹਾ ਹੈ। ਇਹ ਜਾਣਕਾਰੀ ਅੱਜ ਇੱਥੇ ਡਾਇਰੈਕਟਰ ਜਨਰਲ ਆਫ਼ ਪੁਲਸ (ਡੀਜੀਪੀ) ਪੰਜਾਬ ਗੌਰਵ ਯਾਦਵ ਨੇ ਦਿੱਤੀ। ਦੱਸਣਯੋਗ ਹੈ ਕਿ ਇਨ੍ਹਾਂ 77 ਵਿੱਤੀ ਮਾਹਿਰਾਂ ਵਿਚੋਂ 10 ਉਮੀਦਵਾਰ ਵਿੱਤੀ ਅਫਸਰ ਵਜੋਂ ਸੇਵਾਵਾਂ ਨਿਭਾਉਣਗੇ, ਜਦੋਂ ਕਿ 67 ਉਮੀਦਵਾਰ (46 ਪੁਰਸ਼ ਅਤੇ 21 ਮਹਿਲਾ ਉਮੀਦਵਾਰ) ਸਹਾਇਕ ਵਿੱਤੀ ਅਫਸਰ ਵਜੋਂ ਸੇਵਾਵਾਂ ਨਿਭਾਉਣਗੇ। ਮੁੱਖ ਮੰਤਰੀ ਭਗਵੰਤ ਮਾਨ ਵੱਲੋਂ 18 ਮਈ, 2023 ਨੂੰ ਆਯੋਜਿਤ ਸਮਾਗਮ ਦੌਰਾਨ ਕਾਨੂੰਨੀ ਮਾਹਿਰਾਂ ਅਤੇ ਫੋਰੈਂਸਿਕ ਮਾਹਿਰਾਂ ਦੇ 144 ਉਮੀਦਵਾਰਾਂ ਨੂੰ ਨਿਯੁਕਤੀ ਪੱਤਰ ਸੌਂਪੇ ਜਾਣ ਤੋਂ ਮਹੀਨੇ ਤੋਂ ਕੁਝ ਦਿਨਾਂ ਉਪਰੰਤ ਇਹ ਨਿਯੁਕਤੀ ਕੀਤੀ ਗਈ ਹੈ। ਇਸ ਬੈਚ ਦੀ ਨਿਯੁਕਤੀ ਨਾਲ ਸਿਵਿਲ ਸਪੋਰਟ ਸਟਾਫ਼ ਦੀ ਗਿਣਤੀ 221 ਤੱਕ ਪਹੁੰਚ ਜਾਵੇਗੀ।
ਇਹ ਵੀ ਪੜ੍ਹੋ : ਪੰਜਾਬ ਵਿਚ ਪੈ ਰਹੇ ਭਾਰੀ ਮੀਂਹ ਦਰਮਿਆਨ ਮੁੱਖ ਮੰਤਰੀ ਵਲੋਂ ਸਖ਼ਤ ਹੁਕਮ ਜਾਰੀ
ਡੀ. ਜੀ. ਪੀ. ਨੇ ਕਿਹਾ ਕਿ ਇਹ ਦੇਸ਼ ਦਾ ਪਹਿਲਾ ਪੁਲਸ ਬਲ ਹੈ ਜਿਸ ਨੇ ਕਾਨੂੰਨ, ਫੋਰੈਂਸਿਕ ਅਤੇ ਵਿੱਤ ਸਮੇਤ ਖੇਤਰਾਂ ਵਿਚ ਸਿਵਲ ਸਪੋਰਟ ਸਟਾਫ ਦੀ ਭਰਤੀ ਕੀਤੀ ਹੈ, ਜੋ ਨਾ ਸਿਰਫ਼ ਕਾਨੂੰਨ ਅਤੇ ਵਿਵਸਥਾ ਤੋਂ ਵੱਖ ਹੋਣ ਕੇ ਜਾਂਚ ਪ੍ਰਕਿਰਿਆ ਵਿਚ ਵਾਧਾ ਕਰੇਗੀ ਬਲਕਿ ਜਾਂਚ ਅਤੇ ਸਮੁੱਚੀ ਪੁਲਿਸਿੰਗ ਵਿਚ ਪ੍ਰਭਾਵਸ਼ਾਲੀ ਸੁਧਾਰ ਵੀ ਕਰੇਗੀ। ਉਨ੍ਹਾਂ ਪੰਜਾਬ ਪੁਲਸ ਵਿਚ ਨਵੇਂ ਭਰਤੀ ਹੋਏ ਬੈਚ ਦਾ ਸਵਾਗਤ ਕਰਦਿਆਂ ਨੌਜਵਾਨਾਂ ਨੂੰ ਪੰਜਾਬ ਪੁਲਸ ਦਾ ਅਨਿੱਖੜਵਾਂ ਅੰਗ ਬਣਨ ਲਈ ਵਧਾਈ ਦਿੱਤੀ। ਉਨ੍ਹਾਂ ਕਿਹਾ ਕਿ ਅੱਜ ਸਮਾਜ ਨੂੰ ਦਰਪੇਸ਼ ਵੱਡੀਆਂ ਚੁਣੌਤੀਆਂ ਨੂੰ ਦੂਰ ਕਰਨ ਲਈ ਇਹ ਜ਼ਰੂਰੀ ਹੈ ਕਿ ਪੁਲਸ ਬਲ ਨੂੰ ਜਾਂਚ, ਵਿਗਿਆਨ ਅਤੇ ਤਕਨਾਲੋਜੀ ਦੇ ਖੇਤਰ ਵਿਚਲੀ ਲੋੜਾਂ ਅਨੁਸਾਰ ਅਪਡੇਟ ਕੀਤਾ ਜਾਵੇ। ਉਨ੍ਹਾਂ ਕਿਹਾ ਕਿ ਸਾਰੇ ਉਮੀਦਵਾਰਾਂ ਦੀ ਚੋਣ ਪੂਰੀ ਤਰ੍ਹਾਂ ਮੈਰਿਟ ਦੇ ਆਧਾਰ 'ਤੇ ਕੀਤੀ ਗਈ ਹੈ ਅਤੇ ਇਸ ਅਹੁਦੇ ਨੂੰ ਹਾਸਲ ਕਰਨ ਲਈ ਉਨ੍ਹਾਂ ਨੇ ਸਖ਼ਤ ਮਿਹਨਤ ਕੀਤੀ ਹੈ। ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਭਗਵੰਤ ਮਾਨ ਦੇ ਨਿਰਦੇਸ਼ਾਂ ਅਨੁਸਾਰ, ਪੰਜਾਬ ਪੁਲਸ ਨੇ ਪੂਰੀ ਭਰਤੀ ਪ੍ਰਕਿਰਿਆ ਲਈ ਸੁਜੱਚੀ ਵਿਧੀ ਅਪਣਾਈ ਹੈ ਤਾਂ ਜੋ ਉਮੀਦਵਾਰਾਂ ਨੂੰ ਭਰਤੀ ਹੋਣ ਤੋਂ ਬਾਅਦ ਕਿਸੇ ਵੀ ਕਾਨੂੰਨੀ ਮੁਸ਼ਕਲ ਦਾ ਸਾਹਮਣਾ ਨਾ ਕਰਨਾ ਪਵੇ।
ਇਹ ਵੀ ਪੜ੍ਹੋ : ਪੰਜਾਬ ਵਿਚ ਮੀਂਹ ਕਾਰਨ ਵਿਗੜੇ ਹਾਲਾਤ, ਇਨ੍ਹਾਂ ਇਲਾਕਿਆਂ ਵਿਚ ਰੈੱਡ ਅਲਰਟ ਜਾਰੀ
ਪੀ. ਬੀ. ਆਈ ਦੇ ਡਾਇਰੈਕਟਰ ਐੱਲ. ਕੇ. ਯਾਦਵ ਨੇ ਕਿਹਾ ਕਿ ਇਹ ਸਾਰੇ ਅਧਿਕਾਰੀ, ਜੋ ਕਾਮਰਸ/ਵਿੱਤ ਗ੍ਰੈਜੂਏਟ ਹਨ ਅਤੇ ਵਿੱਤੀ ਅਫਸਰਾਂ ਵਜੋਂ ਸੱਤ ਸਾਲ ਦਾ ਤਜਰਬਾ ਅਤੇ ਸਹਾਇਕ ਵਿੱਤੀ ਅਫਸਰਾਂ ਵਜੋਂ ਦੋ ਸਾਲ ਦਾ ਤਜਰਬਾ ਰੱਖਦੇ ਹਨ, ਆਰਥਿਕ/ਵਿੱਤੀ ਨਾਲ ਸਬੰਧਤ ਧੋਖਾਧੜੀ ਨੂੰ ਰੋਕਣ ਵਿਚ ਮਦਦ ਕਰਨਗੇ। ਉਨ੍ਹਾਂ ਅੱਗੇ ਕਿਹਾ ਕਿ ਲਾਜ਼ਮੀ ਸਿਖਲਾਈ ਦੇ ਮੁਕੰਮਲ ਹੋਣ ਉਪਰੰਤ, ਇਨ੍ਹਾਂ ਨਵੇਂ ਭਰਤੀ ਅਫਸਰਾਂ ਨੂੰ ਵੱਖ-ਵੱਖ ਡਿਵੀਜ਼ਨਾਂ/ਜ਼ਿਲ੍ਹਿਆਂ ਵਿਚ ਤਾਇਨਾਤ ਕੀਤਾ ਜਾਵੇਗਾ ਤਾਂ ਜੋ ਵਿੱਤੀ ਟ੍ਰੇਲ ਜਿਵੇਂ ਕਿ ਬੈਂਕ ਖਾਤਿਆਂ, ਬੈਲੇਂਸ ਸ਼ੀਟਾਂ, ਅਕਾਊਂਟ ਬੁੱਕਾਂ ਆਦਿ ਦੀ ਜਾਂਚ ਨਾਲ ਅਪਰਾਧ ਦਾ ਪਤਾ ਲਗਾਉਣ ਵਿਚ ਜਾਂਚ ਅਧਿਕਾਰੀਆਂ/ਵਿਸ਼ੇਸ਼ ਜਾਂਚ ਟੀਮਾਂ ਦੀ ਸਹਾਇਤਾ ਕੀਤੀ ਜਾ ਸਕੇ। ਜ਼ਿਕਰਯੋਗ ਹੈ ਕਿ ਵਿੱਤੀ ਅਫਸਰਾਂ ਦੀ ਭਰਤੀ ਅਪਰਾਧੀਆਂ, ਖਾਸ ਕਰਕੇ ਨਸ਼ਾ ਤਸਕਰਾਂ, ਗੈਂਗਸਟਰਾਂ ਅਤੇ ਅੱਤਵਾਦੀਆਂ ਦੀ ਜਾਇਦਾਦ ਕੁਰਕ ਕਰਨ ਦੀ ਪ੍ਰਕਿਰਿਆ ਨੂੰ ਲਾਗੂ ਕਰਨ ਵਿਚ ਵੀ ਮਦਦ ਕਰੇਗੀ।
ਜਗ ਬਾਣੀ ਈ-ਪੇਪਰ ਪੜ੍ਹਨ ਅਤੇ ਐਪ ਡਾਨਲੋਡ ਕਰਨ ਲਈ ਹੇਠਾਂ ਦਿੱਤੇ ਕਲਿੱਕ ’ਤੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8