ਅੰਤਰਰਾਸ਼ਟਰੀ ਨਸ਼ਾ ਵਿਰੋਧੀ ਦਿਵਸ ’ਤੇ ਵੀ ਨਹੀਂ ਮਿਲੀ ਸਿਵਲ ਹਸਪਤਾਲ ਨੂੰ ਨਸ਼ੇਡ਼ੀਆਂ ਤੋਂ ਰਾਹਤ

Wednesday, Jun 27, 2018 - 03:37 AM (IST)

ਅੰਤਰਰਾਸ਼ਟਰੀ ਨਸ਼ਾ ਵਿਰੋਧੀ ਦਿਵਸ ’ਤੇ ਵੀ ਨਹੀਂ ਮਿਲੀ ਸਿਵਲ ਹਸਪਤਾਲ ਨੂੰ ਨਸ਼ੇਡ਼ੀਆਂ ਤੋਂ ਰਾਹਤ

ਮੋਗਾ,   (ਸੰਦੀਪ ਸ਼ਰਮਾ)-  ਅੰਤਰਰਾਸ਼ਟਰੀ ਨਸ਼ਾ ਵਿਰੋਧੀ ਦਿਵਸ ’ਤੇ ਵੀ ਜ਼ਿਲਾ ਪੱਧਰੀ ਸਿਵਲ ਹਸਪਤਾਲ ਨੂੰ ਨਸ਼ੇਡ਼ੀਆਂ ਤੋਂ ਰਾਹਤ ਨਹੀਂ ਮਿਲ ਸਕੀ। ਇਕ ਪਾਸੇ  ਜਿਥੇ ਪੂਰਾ ਦੇਸ਼ ਨੈਸ਼ਨਲ ਨਸ਼ਾਖੋਰੀ ਸਮੱਗਲਿੰਗ ਵਿਰੋਧੀ ਦਿਵਸ ਮਨਾ ਰਿਹਾ ਸੀ, ਉਥੇ ਦੂਸਰੇ ਪਾਸੇ ਸਿਵਲ ਸਰਜਨ ਦਫਤਰ ਤੋਂ ਕੁੱਝ ਦੂਰੀ ’ਤੇ ਸਥਿਤ ਨਸ਼ੇ ਦੇ ਆਦੀ ਨੌਜਵਾਨ  ਨਸ਼ੇ ਦਾ ਸੇਵਨ ਕਰ ਕੇ ਜਿਥੇ ਇਸ ਦਿਨ ਦਾ ਮਜ਼ਾਕ ਉਡਾ ਰਹੇ ਸਨ, ਉਥੇ ਇਹ ਲੋਕ ਬਾਇਓਵੈਸਟਜ਼ ਨਿਯਮਾਂ ਦੀ ਖੁੱਲ੍ਹੇਆਮ ਧੱਜੀਆਂ ਉਡਾ ਰਹੇ ਸਨ, ਜਿਸ ਦਾ ਸਬੂਤ ਹਸਪਤਾਲ ’ਚ  ਖੁੱਲ੍ਹੇ ’ਚ ਸੁੱਟੀਆਂ ਗਈਆਂ ਸਰਿੰਜਾਂ ਅਤੇ ਸੂਈਆਂ ਦੇ ਰਹੀਆਂ ਸਨ।  ਸਿਹਤ ਵਿਭਾਗ ਦੇ ਜ਼ਿਲਾ ਪੱਧਰੀ ਅਧਿਕਾਰੀ ਇਸ ਸਭ ਤੋਂ ਅਣਜਾਣ ਬਣੇ ਹੋਏ ਹਨ।
 
ਰੋਜ਼ਾਨਾ ਹਸਪਤਾਲ  ’ਚ ਹੁੰਦੇ ਅਜਿਹੇ ਹਾਲਾਤ

 ਰੂਰਲ ਐੱਨ. ਜੀ. ਓ. ਦੇ ਜ਼ਿਲਾ ਪ੍ਰਧਾਨ ਕਮ ਸਿਹਤ ਸੁਪਰਵਾਈਜ਼ਰ ਮਹਿੰਦਰਪਾਲ ਲੂੰਬਾ ਨੇ ਦੱਸਿਆ ਕਿ ਉਨ੍ਹਾਂ ਦੀ ਮਲੇਰੀਆ ਬ੍ਰਾਂਚ ਪਿੱਛੇ ਅੱਜ ਜਦ ਉਹ ਕਿਸੇ ਕੰਮ ਦੇ ਮਸਲੇ ’ਚ ਗਏ ਤਾਂ ਉਨ੍ਹਾਂ ਨੇ ਉਥੇ ਭਾਰੀ ਮਾਤਰਾ ’ਚ ਵਰਤੀਆਂ ਗਈਆਂ ਸਰਿੰਜਾਂ ਅਤੇ ਸੂਈਆਂ  ਖੁੱਲ੍ਹੇ ’ਚ ਖਿੱਲਰੀਆਂ ਦੇਖੀਆਂ, ਜਿਸ ’ਤੇ ਉਨ੍ਹਾਂ ਤੁਰੰਤ ਇਸ ਦੀ ਜਾਣਕਾਰੀ ਸਿਵਲ ਹਸਪਤਾਲ ਦੇ ਐੱਸ. ਐੱਮ. ਓ. ਡਾ. ਰਾਜੇਸ਼ ਅੱਤਰੀ ਨੂੰ ਦਿੱਤੀ। ਉਨ੍ਹਾਂ ਕਿਹਾ ਕਿ ਹਸਪਤਾਲ ’ਚ ਚੱਲ ਰਹੇ ਓ. ਐੱਸ. ਟੀ. ਸੈਂਟਰ ਤੋਂ ਆਪਣੇ ਨਸ਼ੇ ਦੇ ਟੀਕੇ ਲਾਉਣ ਦੀ ਆਦਤ ਛੁਡਵਾਉਣ ਵਾਲਿਆਂ ’ਚੋਂ ਹੀ ਕੁੱਝ ਲੋਕ ਇਸ ਤਰ੍ਹਾਂ ਹਸਪਤਾਲ ’ਚ ਨਸ਼ਾ ਕਰਦੇ ਹਨ  ਤੇ   ਰੋਜ਼ਾਨਾ  ਹਸਪਤਾਲ  ’ਚ  ਅਜਿਹੇ  ਹਾਲਾਤ  ਹੁੰਦੇ  ਹਨ। ਉਨ੍ਹਾਂ ਇਸ ਖਿਲਾਫ ਮੁਹਿੰਮ ਸ਼ੁਰੂ ਕਰ ਦਿੱਤੀ ਹੈ। ਉਨ੍ਹਾਂ ਓ. ਐੱਸ. ਟੀ. ਸੈਂਟਰ ਸਟਾਫ ’ਤੇ ਵੀ ਆਪਣੀ ਡਿਊਟੀ ਸਹੀ ਢੰਗ ਨਾਲ ਨਾ ਕਰਨ ਦੇ ਦੋਸ਼ ਲਾਏ। 

ਰੋਜ਼ਾਨਾ ਹੁੰਦੀਆਂ ਚੋਰੀ ਦੀਆਂ ਘਟਨਾਵਾਂ 
ਸਿਵਲ ਹਸਪਤਾਲ ’ਚ ਰੋਜ਼ਾਨਾ ਸਾਮਾਨ ਚੋਰੀ ਹੋਣ ਦੀਆਂ ਘਟਨਾਵਾਂ ਹੁੰਦੀਆਂ ਰਹਿੰਦੀਆਂ ਹਨ। ਇਨ੍ਹਾਂ ਵਾਰਦਾਤਾਂ ਨੂੰ ਅੰਜਾਮ ਦੇਣ ’ਚ ਵੀ ਅਜਿਹੇ ਨਸ਼ੇਡ਼ੀਆਂ ਦਾ ਹੱਥ ਹੋਣ ਦਾ ਸ਼ੱਕ ਹੈ। ਸਿਵਲ ਹਸਪਤਾਲ ਦੇ ਐੱਸ. ਐੱਮ. ਓ. ਡਾ. ਰਾਜੇਸ਼ ਅੱਤਰੀ ਨੇ ਇਨ੍ਹਾਂ ਵਾਰਦਾਤਾਂ ਨੂੰ ਦੇਖਦੇ ਹੋਏ ਜ਼ਿਲ਼ਾ ਪੁਲਸ ਉੱਚ ਅਧਿਕਾਰੀਆਂ ਨਾਲ ਸੰਪਰਕ ਕਰ ਕੇ ਹਸਪਤਾਲ ’ਚ ਸੁਰੱਖਿਆ ਪ੍ਰਬੰਧ ਕਰਨ ਦੀ ਅਪੀਲ ਕੀਤੀ।

ਕੀ ਕਹਿਣੈ ਸਿਵਲ ਸਰਜਨ ਦਾ
 ਇਸ ਸਬੰਧੀ ਸਿਵਲ ਹਸਪਤਾਲ ਦੇ ਸਿਵਲ ਸਰਜਨ ਡਾ. ਸੁਸ਼ੀਲ ਜੈਨ ਨੇ ਕਿਹਾ ਕਿ ਇਹ ਮਾਮਲਾ ਉਨ੍ਹਾਂ ਦੇ ਧਿਆਨ ਵਿਚ ਹੁਣੇ  ਆਇਆ ਹੈ, ਉਹ ਇਸ ਸਬੰਧੀ ਜਾਂਚ ਕਰਵਾਉਣਗੇ। ਉਨ੍ਹਾਂ ਕਿਹਾ ਕਿ ਜਿਥੋਂ ਤੱਕ ਓ. ਐੱਸ. ਟੀ. ਸੈਂਟਰ ਤੋਂ ਇਲਾਜ ਕਰਵਾਉਣ ਵਾਲਿਆਂ ਦੇ ਹਸਪਤਾਲ ’ਚ ਘੁੰਮਣ ਦਾ ਸਵਾਲ ਹੈ ਜਦ ਤੱਕ ਇਨ੍ਹਾਂ ਲੋਕਾਂ ਨੂੰ ਕੋਈ ਕੰਮ-ਕਾਜ ’ਤੇ ਨਹੀਂ ਲਾਇਆ ਜਾਵੇਗਾ, ਤਦ ਤੱਕ ਇਸ ਸਮੱਸਿਆ ਦਾ ਹੱਲ  ਹੋਣ ਦੀ ਬਹੁਤ ਘੱਟ ਸੰਭਾਵਨਾ ਹੈ।


 


Related News