ਸਿਵਲ ਹਸਪਤਾਲ ਦੀ ਓ. ਪੀ. ਡੀ. ''ਚੋਂ ਪਰਸ ਚੋਰੀ ਕਰਦੇ 2 ਕਾਬੂ
Tuesday, Jul 11, 2017 - 02:40 PM (IST)

ਮੋਗਾ(ਸੰਦੀਪ)-ਸੋਮਵਾਰ ਨੂੰ ਜ਼ਿਲਾ ਪੱਧਰੀ ਸਿਵਲ ਹਸਪਤਾਲ ਦੀ ਓ. ਪੀ. ਡੀ. 'ਚ ਹੱਡੀਆਂ ਦੇ ਮਾਹਿਰ ਡਾ. ਬਲਵਿੰਦਰ ਸਿੰਘ ਦੇ ਕਮਰੇ ਦੇ ਬਾਹਰ ਆਪਣੀ ਜਾਂਚ ਕਰਵਾਉਣ ਪੁੱਜੇ ਇਕ ਬਜ਼ੁਰਗ ਦੀ ਜੇਬ 'ਚੋਂ ਉਸ ਦਾ ਪਰਸ ਚੋਰੀ ਕਰਦੇ ਦੋ ਚੋਰਾਂ ਨੂੰ ਕਾਬੂ ਕੀਤੇ ਜਾਣ ਦਾ ਪਤਾ ਲੱਗਾ ਹੈ। ਇਸ ਸਬੰਧੀ ਸਰਦਾਰ ਨਗਰ ਨਿਵਾਸੀ ਕਬਿੰਦਰ ਕੁਮਾਰ ਨੇ ਦੱਸਿਆ ਕਿ ਉਹ ਅੱਜ ਦਵਾਈ ਲੈਣ ਲਈ ਸਿਵਲ ਹਸਪਤਾਲ ਮੋਗਾ ਗਿਆ ਸੀ ਅਤੇ ਪਰਚੀ ਕਟਵਾਉਣ ਉਪਰੰਤ ਓ. ਪੀ. ਡੀ. ਵਾਰਡ ਵਿਚ ਹੱਡੀਆਂ ਦੇ ਮਾਹਿਰ ਡਾਕਟਰ ਦੇ ਕਮਰੇ ਦੇ ਬਾਹਰ ਬੈਠਾ ਸੀ ਕਿ ਇਸ ਦੌਰਾਨ ਉਸ ਨੇ ਇਕ ਵਿਅਕਤੀ ਵੱਲੋਂ ਆਪਣੇ ਸਾਥੀ ਸਮੇਤ ਉਸ ਦੀ ਜੇਬ ਨਾਲ ਛੇੜਛਾੜ ਕਰਨ ਬਾਰੇ ਪਤਾ ਲੱਗਾ ਹੈ ਤਾਂ ਉਸ ਨੇ ਆਪਣੀ ਜੇਬ ਚੈੱਕ ਕੀਤੀ ਤਾਂ ਉਸ ਦਾ ਪਰਸ ਜੇਬ 'ਚੋਂ ਨਿਕਲ ਕੇ ਹੇਠਾਂ ਡਿੱਗਿਆ ਹੋਇਆ ਸੀ। ਇਸ ਮੌਕੇ ਉਕਤ ਦੋਵੇਂ ਵਿਅਕਤੀਆਂ ਨੇ ਉਸ ਦਾ ਪਰਸ ਚੁੱਕ ਲਿਆ ਅਤੇ ਭੱਜਣ ਦਾ ਯਤਨ ਕੀਤਾ ਪਰ ਉਸ ਨੇ ਇਕ ਨੂੰ ਕਾਬੂ ਕਰ ਲਿਆ, ਜਿਸ ਦੀ ਸੂਚਨਾ ਉਸ ਨੇ ਸਕਿਓਰਿਟੀ ਸੁਪਰਵਾਈਜ਼ਰ ਨੈਬ ਸਿੰਘ ਨੂੰ ਦਿੱਤੀ। ਡਿਊਟੀ ਦੌਰਾਨ ਸਕਿਓਰਿਟੀ ਗਾਰਡ ਮਨਜੀਤ ਸਿੰਘ ਅਤੇ ਸੁਖਚੈਨ ਸਿੰਘ ਦੇ ਨਾਲ ਮੌਕੇ 'ਤੇ ਪਹੁੰਚ ਕੇ ਉਕਤ ਦੂਸਰੇ ਵਿਅਕਤੀ ਨੂੰ ਵੀ ਕਾਬੂ ਕਰ ਲਿਆ ਅਤੇ ਦੋਵਾਂ ਚੋਰਾਂ ਨੂੰ ਪੁਲਸ ਦੇ ਹਵਾਲੇ ਕਰ ਦਿੱਤਾ ਗਿਆ ਹੈ।