ਸਿਹਤ ਮੰਤਰਾਲੇ ਦੀ ਟੀਮ ਵੱਲੋਂ ਸਿਵਲ ਹਸਪਤਾਲ ਦੀ ਚੈਕਿੰਗ

Tuesday, Sep 19, 2017 - 03:03 AM (IST)

ਸਿਹਤ ਮੰਤਰਾਲੇ ਦੀ ਟੀਮ ਵੱਲੋਂ ਸਿਵਲ ਹਸਪਤਾਲ ਦੀ ਚੈਕਿੰਗ

ਅੰਮ੍ਰਿਤਸਰ,   (ਦਲਜੀਤ)-  ਭਾਰਤ ਸਰਕਾਰ ਦੇ ਸਿਹਤ ਮੰਤਰਾਲੇ ਦੀ ਟੀਮ ਨੇ ਅੱਜ ਕਾਇਆ-ਕਲਪ ਪ੍ਰੋਗਰਾਮ ਤਹਿਤ ਸਿਵਲ ਹਸਪਤਾਲ ਵਿਚ ਅਚਨਚੇਤੀ ਜਾਂਚ ਕੀਤੀ। ਟੀਮ ਨੇ ਹਸਪਤਾਲ ਵਿਚ ਮਰੀਜ਼ਾਂ ਨੂੰ ਮਿਲਣ ਵਾਲੀਆਂ ਸਹੂਲਤਾਂ ਨੂੰ ਜਾਂਚਿਆ ਅਤੇ ਹਸਪਤਾਲ ਵਿਚ ਸਾਫ਼-ਸਫਾਈ ਦੇ ਪ੍ਰਬੰਧਾਂ ਨੂੰ ਡੂੰਘਾਈ ਨਾਲ ਵੇਖਿਆ। ਟੀਮ ਨੇ ਹਸਪਤਾਲ ਦੀ ਡਿਸਪੈਂਸਰੀ ਦੀ ਵੀ ਚੈਕਿੰਗ ਕੀਤੀ । ਇਸ ਤੋਂ ਪਹਿਲਾਂ ਕਾਇਆ-ਕਲਪ ਪ੍ਰੋਗਰਾਮ ਵਿਚ ਉਕਤ ਹਸਪਤਾਲ ਉੱਤਰੀ ਭਾਰਤ ਵਿਚ ਪਹਿਲੇ ਸਥਾਨ 'ਤੇ ਰਿਹਾ ਸੀ।  
ਜਾਣਕਾਰੀ ਅਨੁਸਾਰ ਭਾਰਤ ਸਰਕਾਰ ਵੱਲੋਂ ਸਵੱਛ ਅਭਿਆਨ ਦੇ ਤਹਿਤ ਕਾਇਆ-ਕਲਪ ਪ੍ਰੋਗਰਾਮ ਸ਼ੁਰੂ ਕੀਤਾ ਗਿਆ ਹੈ। ਮੰਤਰਾਲੇ ਦੀ ਟੀਮ ਅੱਜ ਡਾ. ਪਰਵਿੰਦਰਪਾਲ ਕੌਰ  ਦੀ ਅਗਵਾਈ ਵਿਚ ਸਿਵਲ ਹਸਪਤਾਲ ਪਹੁੰਚੀ।  ਟੀਮ ਨੇ ਮਰੀਜ਼ਾਂ ਨੂੰ ਮਿਲਣ ਵਾਲੀਆਂ ਸਹੂਲਤਾਂ ਨੂੰ ਵੇਖਿਆ ਅਤੇ ਮਰੀਜ਼ਾਂ ਨਾਲ ਵੀ ਗੱਲਬਾਤ ਕੀਤੀ। ਜੱਚਾ-ਬੱਚਾ ਵਾਰਡ ਦੀ ਜਾਂਚ ਕੀਤੀ ਗਈ, ਇਸ ਦੇ ਇਲਾਵਾ ਸਾਫ਼-ਸਫਾਈ ਪ੍ਰਬੰਧਾਂ ਨੂੰ ਵੀ ਵੇਖਿਆ ਗਿਆ। ਹਸਪਤਾਲ ਦੇ ਅਧੀਨ ਚੱਲਣ ਵਾਲੀਆਂ ਡਿਸਪੈਂਸਰੀਆਂ ਦਾ ਵੀ ਨਿਰੀਖਣ ਕੀਤਾ ਗਿਆ। ਟੀਮ ਨੇ ਹੁਣ ਤੱਕ ਹਸਪਤਾਲ ਦੇ ਕੰਮਾਂ ਨੂੰ ਵੇਖ ਕੇ ਤਸੱਲੀ ਪ੍ਰਗਟਾਈ ਹੈ, ਕੋਈ ਵੀ ਪ੍ਰਮੁੱਖ ਕਮੀ ਸਾਹਮਣੇ ਨਹੀਂ ਆਈ।  
ਪਹਿਲੀ ਥਾਂ 'ਤੇ ਆਉਣ 'ਤੇ ਮਿਲਦੀ ਹੈ 50 ਲੱਖ ਦੀ ਰਾਸ਼ੀ
ਕਾਇਆ-ਕਲਪ ਪ੍ਰੋਗਰਾਮ ਤਹਿਤ ਦੇਸ਼ ਭਰ ਦੇ ਸਰਕਾਰੀ ਹਸਪਤਾਲਾਂ ਨੂੰ ਚੁਣਿਆ ਜਾਂਦਾ ਹੈ,  ਹਰੇਕ ਹਸਪਤਾਲ ਵਿਚ ਮੰਤਰਾਲੇ ਦੀ ਟੀਮ ਜਾਂਚ ਕਰ ਕੇ ਗੁਪਤ ਰਿਪੋਰਟ ਵਿਭਾਗ ਨੂੰ ਸੌਂਪਦੀ ਹੈ। ਮਿਲੀ ਰਿਪੋਰਟ ਦੇ ਬਾਅਦ ਕਾਇਆ-ਕਲਪ ਪ੍ਰੋਗਰਾਮ ਵਿਚ ਪਹਿਲੀ ਥਾਂ 'ਤੇ ਆਉਣ ਵਾਲੇ ਹਸਪਤਾਲ ਨੂੰ ਸਰਕਾਰ ਵੱਲੋਂ 50 ਲੱਖ ਰੁਪਏ ਦੀ ਰਾਸ਼ੀ ਦਿੱਤੀ ਜਾਂਦੀ ਹੈ। ਜ਼ਿਲਾ ਅੰਮ੍ਰਿਤਸਰ ਵਿਚ ਸਥਿਤ ਸਿਵਲ ਹਸਪਤਾਲ ਦੀ ਗੱਲ ਕਰੀਏ ਤਾਂ ਦੋ ਵਾਰ ਕਾਇਆ-ਕਲਪ ਪ੍ਰੋਗਰਾਮ ਵਿਚ ਹਸਪਤਾਲ ਮੋਹਰੀ ਰਿਹਾ ਹੈ। ਇਸ ਦੇ ਇਲਾਵਾ ਹਸਪਤਾਲ ਨੂੰ ਨੈਸ਼ਨਲ ਕਵਾਲਿਟੀ ਇੰਸ਼ੋਰੈਂਸ ਸਟੈਂਡਰਡ ਪ੍ਰੋਗਰਾਮ ਦਾ ਵੀ ਸਰਟੀਫਿਕੇਟ ਹਾਸਲ ਹੈ।  ਸਿਹਤ ਵਿਭਾਗ ਦਾ ਨਾਂ ਰੌਸ਼ਨ ਕਰਨ ਵਿਚ ਉਕਤ ਹਸਪਤਾਲ ਦਾ ਵਿਸ਼ੇਸ਼ ਯੋਗਦਾਨ ਰਿਹਾ ਹੈ। ਹਸਪਤਾਲ ਦੇ ਇੰਚਾਰਜ ਡਾ.  ਚਰਨਜੀਤ ਅਤੇ ਐੱਸ.ਐੱਮ.ਓ. ਡਾ. ਰਾਜਿੰਦਰ ਅਰੋੜਾ ਵੱਲੋਂ ਸਮਾਂ ਰਹਿੰਦੇ ਹੀ ਹੋਣ ਵਾਲੀ ਜਾਂਚ ਦੀਆਂ ਵਿਸ਼ੇਸ਼ ਤਿਆਰੀਆਂ ਕਰਵਾਈਆਂ ਗਈਆਂ। 
ਪ੍ਰੋਗਰਾਮ ਵਿਚ ਇਨ੍ਹਾਂ ਸਹੂਲਤਾਂ 'ਤੇ ਹੁੰਦੈ ਖਾਸ ਧਿਆਨ
ਕਾਇਆ-ਕਲਪ ਪ੍ਰੋਗਰਾਮ ਵਿਚ ਮੰਤਰਾਲਾ ਵਲੋਂ ਆਉਣ ਵਾਲੀਆਂ ਟੀਮਾਂ ਸਿਹਤ ਸੇਵਾਵਾਂ, ਸਾਫ਼-ਸਫਾਈ, ਮੈਨੇਜਮੈਂਟ, ਐਮਰਜੈਂਸੀ ਸੇਵਾਵਾਂ, ਕੁਆਲਿਟੀ ਅਤੇ ਹੋਰ ਸੁਵਿਧਾਵਾਂ ਆਦਿ ਦੀ ਜਾਂਚ ਕਰਨਗੀਆਂ। ਟੀਮਾਂ ਵੱਲੋਂ ਜਾਂਚਿਆ ਜਾਵੇਗਾ ਕਿ ਕਦੋਂ ਮਰੀਜ਼ ਐਮਰਜੈਂਸੀ ਵਿਚ ਆਇਆ, ਕਦੋਂ ਉਸ ਦਾ ਇਲਾਜ ਹੋਣਾ ਸ਼ੁਰੂ ਹੋਇਆ ਅਤੇ ਇਲਾਜ ਵਿਚ ਕੋਈ ਪ੍ਰੇਸ਼ਾਨੀ ਤਾਂ ਨਹੀਂ ਹੋਈ। ਮੁਫਤ ਮਿਲਣ ਵਾਲੀਆਂ ਦਵਾਈਆਂ ਦਾ ਲਾਭ ਮਿਲਿਆ ਕਿ ਨਹੀਂ। ਇਸ ਦੇ ਇਲਾਵਾ ਟੀਮ ਵੱਲੋਂ ਪਿਛਲੇ ਸਮੇਂ ਦੇ ਸਰਕਾਰੀ ਰਜਿਸਟਰਡ ਅਤੇ ਹੋਰ ਦਸਤਾਵੇਜ਼ ਚੈੱਕ ਕਰ ਕੇ ਮਰੀਜ਼ਾਂ ਦੀ ਫੀਡਬੈਕ ਲਈ ਜਾਵੇਗੀ।   
ਇਨ੍ਹਾਂ ਪ੍ਰੋਗਰਾਮਾਂ ਵਿਚ ਹਸਪਤਾਲ ਰਿਹਾ ਅੱਵਲ
ਸਿਵਲ ਹਸਪਤਾਲ ਨੇ ਕਾਇਆ-ਕਲਪ ਪ੍ਰੋਗਰਾਮ, ਜਨਣੀ ਸੁਰੱਖਿਆ ਯੋਜਨਾ, ਛੋਟੇ ਬੱਚਿਆਂ ਦੀ ਦੇਖ-ਭਾਲ ਆਦਿ ਪ੍ਰੋਗਰਾਮਾਂ ਵਿਚ ਵਿਸ਼ੇਸ਼ ਸਥਾਨ ਹਾਸਲ ਕੀਤੇ ਹਨ। ਹਸਪਤਾਲ ਵਿਚ ਉਕਤ ਹਸਪਤਾਲ ਵਿਚ ਮਰੀਜ਼ਾਂ ਨੂੰ ਪ੍ਰਾਈਵੇਟ ਹਸਪਤਾਲਾਂ ਦੀ ਤਰ੍ਹਾਂ ਵਿਸ਼ੇਸ਼ ਸੁਵਿਧਾਵਾਂ ਮਿਲ ਰਹੀਆਂ ਹਨ। ਇਸ ਦੇ ਇਲਾਵਾ ਹਸਪਤਾਲ ਨੂੰ ਨੈਸ਼ਨਲ ਕੁਆਲਿਟੀ ਇੰਸ਼ੋਰੈਂਸ ਸਟੈਂਡਰਡ ਪ੍ਰੋਗਰਾਮ ਦਾ ਵੀ ਸਰਟੀਫਿਕੇਟ ਹਾਸਲ ਹੈ ਜੋ ਕਿ ਪੰਜਾਬ ਦੇ ਕਿਸੇ ਵੀ ਹਸਪਤਾਲ ਨੂੰ ਅੱਜ ਤੱਕ ਨਹੀਂ ਮਿਲਿਆ ਹੈ।  ਪੰਜਾਬ ਸਰਕਾਰ ਅਤੇ ਕੇਂਦਰ ਸਰਕਾਰ ਵੱਲੋਂ ਵੀ ਹਸਪਤਾਲ ਅਧਿਕਾਰੀਆਂ ਨੂੰ ਇਸ ਸਬੰਧੀ ਉਨ੍ਹਾਂ ਦੇ ਕੰਮਾਂ ਦੀ ਪ੍ਰਸ਼ੰਸਾ ਵੀ ਕੀਤੀ ਹੈ।   
ਵਧੀਆ ਅਧਿਕਾਰੀਆਂ ਦੀ ਅਗਵਾਈ ਵਿਚ ਹੋ ਰਿਹੈ ਵਿਕਾਸ  
ਸਿਵਲ ਹਸਪਤਾਲ ਵਿਚ ਮਿਲਣ ਵਾਲੀਆਂ ਮਰੀਜ਼ਾਂ ਨੂੰ ਵਧੀਆ ਸਹੂਲਤਾਂ ਦਾ ਮੁੱਖ ਯੋਗਦਾਨ ਵਧੀਆ ਅਧਿਕਾਰੀਆਂ ਦੀ ਅਗਵਾਈ ਵਿਚ ਹੋ ਰਿਹਾ ਹੈ। ਸਿਵਲ ਸਰਜਨ ਡਾ. ਨਰਿੰਦਰ ਕੌਰ ਦੀ ਅਗਵਾਈ ਵਿਚ ਸਿਵਲ ਹਸਪਤਾਲ ਦੇ ਇੰਚਾਰਜ ਡਾ. ਚਰਨਜੀਤ ਅਤੇ ਐੱਸ.ਐੱਮ.ਓ. ਡਾ.  ਰਾਜਿੰਦਰ ਅਰੋੜਾ ਵੱਲੋਂ ਕਰਮਚਾਰੀਆਂ ਨਾਲ ਮਿਲ ਕੇ ਆਉਣ ਵਾਲੀਆਂ ਸਮੱਸਿਆਵਾਂ ਦੇ ਹੱਲ ਲਈ ਯਤਨਸ਼ੀਲ ਰਹੇ ਹਨ। ਡਾ. ਚਰਨਜੀਤ ਵੱਲੋਂ ਇਕ ਸਾਲ ਦੇ ਕਾਰਜਕਾਲ ਵਿਚ ਹਸਪਤਾਲ  ਦੇ ਵਿਕਾਸ ਕੰਮਾਂ ਨੂੰ ਹੋਰ ਬੁਲੰਦੀਆਂ ਉੁਤੇ ਪਹੁੰਚਾ ਦਿੱਤਾ ਹੈ।


Related News