ਕੀ ਇਨ੍ਹਾਂ ਹਾਲਤਾਂ ’ਚ ਚੰਗੀਆਂ ਸਿਹਤ ਸਹੂਲਤਾਂ ਮੁਹੱਈਆ ਕਰਵਾ ਸਕਦੈ ਜ਼ਿਲਾ ਪੱਧਰੀ ਸਿਵਲ ਹਸਪਤਾਲ?
Saturday, Jul 28, 2018 - 02:14 AM (IST)
ਮੋਗਾ(ਸੰਦੀਪ ਸ਼ਰਮਾ)-ਦੂਸਰੀਆਂ ਨੂੰ ਵਧੀਆ ਸਿਹਤਮੰਦ ਜਿੰਦਗੀ ਬਤੀਤ ਕਰਨ ਲਈ ਅਾਪਣੇ ਘਰ ਅਤੇ ਆਲੇ-ਦੁਆਲੇ ਸਾਫ-ਸਫਾਈ ਰੱਖਣ ਲਈ ਦਿਸ਼ਾ ਨਿਰਦੇਸ਼ ਜਾਰੀ ਕਰਨ ਵਾਲੇ ਸਿਹਤ ਵਿਭਾਗ ਦੇ ਜ਼ਿਲਾ ਪੱਧਰੀ ਸਿਵਲ ਹਸਪਤਾਲ ’ਤੇ ਇਹ ਕਹਾਵਤ ਬਿਲਕੁਲ ਢੁੱਕਦੀ ਹੈ ਕਿ ਦੂਸਰੀਆਂ ਨੂੰ ਨਸੀਹਤ ਅਤੇ ਖੁਦ ਬਾਬਾ ਫਸੀਹਤ..। ਕਿਉਂਕਿ ਇਸ ਹਸਪਤਾਲ ’ਚ ਅਧਿਕਾਰੀਆਂ ਵੱਲੋਂ ਬੇਸ਼ੱਕ ਸਾਫ-ਸਫਾਈ ਦੇ ਪੁਖਤਾ ਪ੍ਰਬੰਧਾਂ ਦੇ ਦਾਅਵੇ ਕਰਨ ਅਤੇ ਇਸ ਲਈ ਸਰਕਾਰੀ ਤੌਰ ’ਤੇ ਪੱਕੇ ਸਫਾਈ ਕਰਮਚਾਰੀਆਂ ਦੀ ਤਾਇਨਾਤੀ ਦੇ ਨਾਲ ਹੀ ਠੇਕੇ ’ਤੇ ਸਫਾਈ ਕਰਮਚਾਰੀ ਰੱਖ ਕੇ ਇਸ ਦੇ ਵਧੀਅਾਂ ਪ੍ਰਬੰਧਾਂ ਦਾ ਰਾਗ ਤਾਂ ਅਲਾਪਿਆ ਜਾ ਰਿਹਾ ਹੈ, ਪਰ ਜੇ ਇਨ੍ਹਾਂ ਪ੍ਰਬੰਧਾਂ ਬਾਰੇ ਜ਼ਮੀਨੀ ਹਕੀਕਤ ਦੀ ਗੱਲ ਕਰੀਏ ਤਾਂ ਹਾਲਾਤ ਬਦ ਤੋਂ ਬਦਤਰ ਬਣੇ ਹੋਏ ਹਨ। ਹਸਪਤਾਲ ਦੇ ਜੱਚਾ-ਬੱਚਾ ਵਾਰਡ ਦੇ ਗਰਾਉਂਡ ਫਲੋਰ ’ਤੇ ਤਾਂ ਸਫਾਈ ਦੇ ਹਾਲਾਤਾਂ ਬਾਰੇ ਮਰੀਜ਼ਾਂ ਦੇ ਰਿਸ਼ਤੇਦਾਰਾਂ ਨੇ ‘ਜਗ ਬਾਣੀ’ ਨੂੰ ਜਾਣੂ ਕਰਵਾਇਆ। ਮਰੀਜ਼ਾਂ ਦੇ ਰਿਸ਼ਤੇਦਾਰਾਂ ਨੇ ਹਸਪਤਾਲ ਪ੍ਰਬੰਧਕਾਂ ਤੋਂ ਇਨ੍ਹਾਂ ਮੰਦਹਾਲ ਸਫਾਈ ਦੇ ਪ੍ਰਬੰਧਾਂ ’ਚ ਸੁਧਾਰ ਕਰਵਾਉਣ ਦੀ ਗੁਹਾਰ ਲਾਈ ਹੈ।
ਮਰੀਜ਼ਾਂ ਦੀ ਸਹੂਲਤ ਲਈ ਸਫਾਈ ਦੇ ਪੁਖਤਾ ਪ੍ਰਬੰਧ ਕਰਵਾਉਣ ਪ੍ਰਬੰਧਕ
ਹਸਪਤਾਲ ਦੇ ਜੱਚਾ-ਬੱਚਾ ਵਾਰਡ ਸਮੇਤ ਓ. ਪੀ. ਡੀ. ਕੰਪਲੈਕਸ ਅਤੇ ਇਸ ਦੇ ਬਾਹਰਲੇ ਪਾਸੇ ਸਥਿਤ ਬਾਥਰੂਮਾਂ ਅਤੇ ਪਖਾਨਿਆਂ ਦੀ ਸਫਾਈ ਵਿਵਸਥਾ ਦੀ ਮੰਦਹਾਲੀ ਦੀ ਪੋਲ ਉੱਦੋਂ ਖੁੱਲੀ ਜਦੋਂ ‘ਜਗ ਬਾਣੀ’ ਪ੍ਰਤੀਨਿਧੀ ਵੱਲੋਂ ਸ਼ੁਕਰਵਾਰ ਨੂੰ ਦਾਖਲ ਮਰੀਜ਼ਾਂ ਦੇ ਰਿਸ਼ਤੇਦਾਰਾਂ ਵੱਲੋਂ ਜਾਣਕਾਰੀ ਮਿਲਣ ’ਤੇ ਇਥੇ ਪਹੁੰਚ ਕੇ ਹਾਲਾਤ ਵੇਖੇ ਗਏ ਤਾਂ ਸਫਾਈ ਵਿਵਸਥਾ ਦੀ ਪੋਲ ਖੁੱਲ੍ਹੀ। ਮੈਟਰਨਿਟੀ ਵਾਰਡ ’ਚ ਦਾਖਲ ਮਰੀਜ਼ਾਂ ਦੇ ਰਿਸ਼ਤੇਦਾਰਾਂ ਤਰਸੇਮ ਸਿੰਘ ਨਿਵਾਸੀ ਕੋਟਕਪੂਰਾ, ਚਮਕੌਰ ਸਿੰਘ ਨਿਵਾਸੀ ਤਾਰੇਵਾਲਾ, ਮੱਖੂ ਨਿਵਾਸੀ ਮਨਜੀਤ ਕੌਰ, ਪਰਮਜੀਤ ਕੌਰ ਨੇ ਇਸ ਵਾਰਡ ਦੀ ਸੀਵਰੇਜ ਬਲਾਕੇਜ਼ ਦੀ ਸਮੱਸਿਆ ਦੇ ਹੱਲ ਅਤੇ ਸਫਾਈ ਪ੍ਰਬੰਧਾਂ ’ਚ ਸੁਧਾਰ ਕਰਨ ਦੀ ਗੁਹਾਰ ਲਾਈ ਹੈ।
ਸੀਵਰੇਜ ਦੀ ਬਲਾਕੇਜ ਤੋਂ ਗਰਭਵਤੀ ਅੌਰਤਾਂ ਪ੍ਰੇਸ਼ਾਨ
ਹਸਪਤਾਲ ਦੇ ਜੱਚਾ-ਬੱਚਾ ਵਾਰਡ ਦੇ ਅੰਡਰਗਰਾਉਂਡ ਸੀਵਰੇਜ ਸਿਸਟਮ ਦੀਆਂ ਪਾਈਪਾਂ ਇਸ ਦੇ ਪਿਛਲੇ ਪਾਸੇ ਨਵੀਂ ਬਣ ਰਹੀ ਬਿਲਡਿੰਗ ਦੀ ਗਲਤ ਉਸਾਰੀ ਕਰਕੇ ਦੱਬ ਗਈਆਂ ਹਨ, ਜਿਸ ਕਰਕੇ ਪਖਾਣੇ ਅਤੇ ਬਾਥਰੂਮਾਂ ਦਾ ਨਿਕਾਸੀ ਪ੍ਰਬੰਧ ਬੁਰੀ ਤਰ੍ਹਾਂ ਪ੍ਰਭਾਵਿਤ ਹੋ ਕੇ ਰਹਿ ਗਿਆ ਹੈ। ਇਸ ਨਾਲ ਇਸ ਵਾਰਡ ’ਚ ਦਾਖਲ ਗਰਭਵਤੀਆਂ ਅਤੇ ਉਨ੍ਹਾਂ ਦੀ ਦੇਖਭਾਲ ਕਰਨ ਵਾਲੀਆਂ ਉਨ੍ਹਾਂ ਦੀਆਂ ਰਿਸ਼ਤੇਦਾਰ ਅੌਰਤਾਂ ਨੂੰ ਭਾਰੀ ਪ੍ਰੇਸ਼ਾਨੀ ਝੱਲਣੀ ਪੈ ਰਹੀ ਹੈ। ਬੇਸ਼ੱਕ ਹਸਪਤਾਲ ਦੇ ਪ੍ਰਬੰਧਕ ਗਰਭਵਤੀਆਂ ਦੀ ਸਹੂਲਤ ਲਈ ਇਕ ਪਖਾਨੇ ਨੂੰ ਚਾਲੂ ਕਰਵਾਉਣ ਦੀ ਗੱਲ ਕਰ ਰਹੇ ਹਨ ਪਰ ਮਰੀਜ਼ਾਂ ਦੀ ਵੱਧ ਗਿਣਤੀ ਦੇ ਹਿਸਾਬ ਨਾਲ ਇਹ ਪ੍ਰਬੰਧ ਵੀ ਕਾਰਗਰ ਸਿੱਧ ਨਹੀਂ ਹੋ ਰਿਹਾ ਹੈ।
ਕਰਮਚਾਰੀਆਂ ਨੂੰ ਸਫਾਈ ਕਰਨ ਦੇ ਦਿੱਤੇ ਜਾਣਗੇ ਨਿਰਦੇਸ਼ : ਐੱਸ. ਐੱਮ. ਓ.
ਜ਼ਿਲਾ ਪੱਧਰੀ ਸਿਵਲ ਹਸਪਤਾਲ ਦੇ ਐੱਸ. ਐੱਮ. ਓ. ਨੇ ਕਿਹਾ ਕਿ ਸਾਫ-ਸਫਾਈ ਦੀ ਮੰਦਹਾਲੀ ’ਚ ਸੁਧਾਰ ਲਈ ਸਫਾਈ ਕਰਮਚਾਰੀਆਂ ਨੂੰ ਨਿੱਜੀ ਤੌਰ ’ਤੇ ਚੈਕਿੰਗ ਕਰਨ ਅਤੇ ਸੁਧਾਰ ਲਿਆਉਣ ਦੇ ਹੁਕਮ ਜਾਰੀ ਕੀਤੇ ਜਾਣਗੇ, ਜਿੱਥੋਂ ਤੱਕ ਸੀਵਰੇਜ ਸਿਸਟਮ ਦੇ ਬਲਾਕ ਹੋਣ ਦੀ ਸਮੱਸਿਆ ਹੈ। ਇਸ ਬਾਰੇ ਉਨ੍ਹਾਂ ਵੱਲੋਂ ਪੰਜਾਬ ਹੈਲਥ ਸਿਸਟਮ ਕਾਰਪੋਰੇਸ਼ਨ ਦੀ ਸਿਵਲ ਬ੍ਰਾਂਚ ਦੇ ਅਧਿਕਾਰੀਆਂ ਨੂੰ ਸੂਚਿਤ ਕਰ ਦਿੱਤਾ ਗਿਆ ਹੈ। ਜਲਦੀ ਹੀ ਇਸ ਦਾ ਵੀ ਹੱਲ ਕਰਵਾਇਆ ਜਾਵੇਗਾ।
