ਸਟਾਫ ਦੀ ਘਾਟ ਕਾਰਨ ਬੰਦ ਹੋਣ ਜਾ ਰਿਹੈ ਸਿਵਲ ਹਸਪਤਾਲ ਦਾ ਬਲੱਡ ਸਟੋਰੇਜ ਯੂਨਿਟ

Thursday, Mar 08, 2018 - 12:52 AM (IST)

ਜਲਾਲਾਬਾਦ(ਸੇਤੀਆ)-ਬੀਤੇ ਲੰਬੇ ਸਮੇਂ ਤੋਂ ਸ਼ਹਿਰ ਦੇ ਸਰਕਾਰੀ ਹਸਪਤਾਲ ਵਿਚ ਬਲੱਡ ਬੈਂਕ ਨਾ ਹੋਣ ਦੇ ਬਾਵਜੂਦ ਇਕ ਬਲੱਡ ਸਟੋਰੇਜ ਯੂਨਿਟ ਦੇ ਸਹਾਰੇ ਆਮ ਲੋਕਾਂ ਨੂੰ ਐਮਰਜੈਂਸੀ ਸੇਵਾਵਾਂ ਦਿੱਤੀਆਂ ਜਾ ਰਹੀਆਂ ਸਨ ਪਰ ਭਵਿੱਖ ਵਿਚ ਸਿਵਲ ਹਸਪਤਾਲ 'ਚ ਐੱਸ. ਐੱਮ. ਓ. ਦੀ ਲਾਪ੍ਰਵਾਹੀ ਅਤੇ ਸਟਾਫ ਦੀ ਘਾਟ ਕਾਰਨ ਸਥਾਪਤ ਬਲੱਡ ਸਟੋਰੇਜ ਯੂਨਿਟ ਬੰਦ ਹੋਣ ਦੀ ਕਗਾਰ 'ਤੇ ਪਹੁੰਚ ਗਿਆ ਹੈ, ਜਿਸ ਦੀ ਮਿਸਾਲ ਇਸ ਗੱਲ ਤੋਂ ਲਾਈ ਜਾ ਸਕਦੀ ਹੈ ਕਿ ਮੌਜੂਦਾ ਐੱਸ. ਐੱਮ. ਓ. ਵੱਲੋਂ ਅਜੇ ਤੱਕ ਬਲੱਡ ਸਟੋਰੇਜ ਦੀ ਮਿਆਦ ਵਧਾਉਣ ਲਈ ਲਿਖਤੀ 'ਚ ਪੱਤਰ ਨਹੀਂ ਭੇਜਿਆ ਗਿਆ ਹੈ, ਜਦਕਿ ਦੂਜੇ ਪਾਸੇ ਐੱਸ. ਐੱਮ. ਓ. ਵੱਲੋਂ ਸਟਾਫ ਨਾ ਹੋਣ ਦਾ ਹਵਾਲਾ ਦਿੱਤਾ ਗਿਆ ਹੈ। ਜਾਣਕਾਰੀ ਅਨੁਸਾਰ ਸਿਵਲ ਹਸਪਤਾਲ ਵਿਚ ਚੱਲ ਰਹੇ ਬਲੱਡ ਸਟੋਰੇਜ ਯੂਨਿਟ ਤੋਂ ਰੋਜ਼ਾਨਾ ਨਿੱਜੀ ਹਸਪਤਾਲਾਂ ਅਤੇ ਹੋਰ ਐਮਰਜੈਂਸੀ ਮਰੀਜ਼ਾਂ ਲਈ 5 ਤੋਂ 10 ਯੂਨਿਟ ਬਲੱਡ ਭੇਜਿਆ ਜਾਂਦਾ ਹੈ ਪਰ ਜੇਕਰ ਇਹ ਸਟੋਰੇਜ ਬੰਦ ਹੁੰਦਾ ਹੈ ਤਾਂ ਫਿਰ ਐਮਰਜੈਂਸੀ ਕੇਸਾਂ ਜਾਂ ਫਿਰ ਹੋਰ ਲੋੜਵੰਦ ਮਰੀਜ਼ਾਂ ਨੂੰ ਬਲੱਡ ਜਲਾਲਾਬਾਦ ਤੋਂ 50 ਤੋਂ 60 ਕਿਲੋਮੀਟਰ ਬਾਹਰ ਲੈਣ ਲਈ ਜਾਣਾ ਪਵੇਗਾ ਅਤੇ ਲਗਭਗ 1.5 ਤੋਂ 2 ਘੰਟੇ ਦੀ ਇੰਨੀ ਦੂਰੀ ਦੇ ਦੌਰਾਨ ਮਰੀਜ਼ ਦੀ ਜਾਨ ਵੀ ਜਾ ਸਕਦੀ ਹੈ। ਇਸ ਤੋਂ ਇਲਾਵਾ ਬਾਹਰ ਤੋਂ ਬਲੱਡ ਲੈਣ ਦੀ ਪ੍ਰਕਿਰਿਆ ਦੌਰਾਨ ਜਿੰਨੇ ਲੋੜੀਂਦੇ ਯੂਨਿਟ ਦੀ ਲੋੜ ਪਵੇਗੀ, ਉਸ ਮੁਤਾਬਕ ਮਰੀਜ਼ ਦੇ ਪਰਿਵਾਰਕ ਮੈਂਬਰਾਂ ਨੂੰ ਆਪਣਾ ਦੂਜੇ ਗਰੁੱਪ ਦਾ ਬਲੱਡ ਦੇਣਾ ਪਵੇਗਾ। ਇਸ ਸਬੰਧੀ ਡਾ. ਅਮਰਜੀਤ ਸਿੰਘ ਟੱਕਰ ਨਾਲ ਗੱਲਬਾਤ ਕੀਤੀ ਗਈ ਤਾਂ ਉਨ੍ਹਾਂ ਦੱਸਿਆ ਕਿ ਬੀਤੀ ਰਾਤ ਇਕ ਔਰਤ ਦੀ ਡਲਿਵਰੀ ਦੌਰਾਨ ਬਲੱਡ ਦੀ ਜ਼ਰੂਰਤ ਪਈ ਸੀ, ਜਦੋਂ ਸਿਵਲ ਹਸਪਤਾਲ ਵਿਚ ਬਲੱਡ ਲਈ ਸੰਪਰਕ ਕੀਤਾ ਗਿਆ ਤਾਂ ਅੱਗੋਂ ਇਹ ਕਿਹਾ ਗਿਆ ਕਿ ਬਲੱਡ ਖਤਮ ਹੈ ਅਤੇ ਬਲੱਡ ਸਟੋਰੇਜ ਬੰਦ ਹੋ ਚੁੱਕਾ ਹੈ। ਇਸੇ ਤਰ੍ਹਾਂ ਕੁਮਾਰ ਹਸਪਤਾਲ ਦੇ ਸੰਚਾਲਕ ਡਾ. ਅਜੇ ਸਿੰਘ ਕੁਮਾਰ ਨੇ ਦੱਸਿਆ ਕਿ ਐਮਰਜੈਂਸੀ ਕੇਸਾਂ ਦੌਰਾਨ ਬਲੱਡ ਲੈਣ ਲਈ ਪਹਿਲਾਂ ਹੀ ਕਾਫੀ ਮੁਸ਼ਕਲਾਂ 'ਚੋਂ ਲੰਘਣਾ ਪੈਂਦਾ ਹੈ। ਉਨ੍ਹਾਂ ਦੱਸਿਆ ਕਿ ਸਰਕਾਰੀ ਬਲੱਡ ਬੈਂਕ ਬਠਿੰਡਾ ਵਿਚ ਹੈ, ਜੋ 90 ਕਿਲੋਮੀਟਰ ਦੀ ਦੂਰੀ ਹੈ ਅਤੇ ਇਥੋਂ ਬਲੱਡ ਲੈਣ ਜਾਣ ਸਮੇਂ ਕਿਸੇ ਵੀ ਮਰੀਜ਼ ਦਾ ਜਾਨੀ ਨੁਕਸਾਨ ਵੀ ਹੋ ਸਕਦਾ ਹੈ ਤੇ ਜੇਕਰ ਫਾਜ਼ਿਲਕਾ ਜਾਂ ਮੁਕਤਸਰ ਤੋਂ ਬਲੱਡ ਲਿਆਉਣਾ ਹੋਵੇ ਤਾਂ ਉਸ ਦੇ ਬਦਲੇ ਬਰਾਬਰ ਯੂਨਿਟ ਜਮ੍ਹਾ ਕਰਵਾਉਣੇ ਪੈਂਦੇ ਹਨ ਪਰ ਸਿਵਲ ਪ੍ਰਸ਼ਾਸਨ ਨੂੰ ਚਾਹੀਦਾ ਹੈ ਕਿ ਜਲਾਲਾਬਾਦ ਵਿਚ ਬਲੱਡ ਸਟੋਰੇਜ ਯੂਨਿਟ ਨੂੰ ਚਾਲੂ ਰੱਖਿਆ ਜਾਵੇ। 
ਸਟਾਫ ਦੀ ਘਾਟ ਕਾਰਨ ਅਜਿਹਾ ਹੋ ਰਿਹੈ : ਐੱਸ. ਐੱਮ. ਓ.
ਇਸ ਸਬੰਧੀ ਜਦੋਂ ਐੱਸ. ਐੱਮ. ਓ. ਡਾ. ਅਮਿਤਾ ਚੌਧਰੀ ਨਾਲ ਗੱਲਬਾਤ ਕੀਤੀ ਗਈ ਤਾਂ ਪਹਿਲਾਂ ਉਨ੍ਹਾਂ ਛੁੱਟੀ 'ਤੇ ਹੋਣ ਦਾ ਹਵਾਲਾ ਦਿੱਤਾ ਅਤੇ ਬਾਅਦ ਵਿਚ ਜਦੋਂ ਬਲੱਡ ਸਟੋਰੇਜ ਬੈਂਕ ਦੇ ਬੰਦ ਹੋਣ ਸਬੰਧੀ ਪੁੱਛਿਆ ਗਿਆ ਤਾਂ ਉਨ੍ਹਾਂ ਕਿਹਾ ਕਿ ਸਟਾਫ ਦੀ ਘਾਟ ਕਾਰਨ ਅਜਿਹਾ ਹੋ ਰਿਹਾ ਹੈ ਅਤੇ ਜਦ ਉਨ੍ਹਾਂ ਨੂੰ ਆਗਾਮੀ ਫੀਸ ਭਰਨ ਦੀ ਪ੍ਰਕਿਰਿਆ ਬਾਰੇ ਪੁੱਛਿਆ ਗਿਆ ਤਾਂ ਉਹ ਕੋਈ ਵੀ ਸਪੱਸ਼ਟ ਜਵਾਬ ਨਾ ਦੇ ਸਕੇ ਅਤੇ ਘੁੰਮਾ ਕੇ ਕਿਹਾ ਕਿ ਉਹ ਮਿਆਦ ਵਧਾਉਣ ਲਈ ਪੱਤਰ ਲਿਖਣਗੇ।


Related News