ਸਾਵਧਾਨ! ਸਿਵਲ ਹਸਪਤਾਲ ਆਉਣੈ ਤਾਂ ਬਿਸਕੁਟ ਨਾਲ ਲਿਆਓ
Thursday, Oct 05, 2017 - 04:53 AM (IST)
ਜਲੰਧਰ(ਸ਼ੋਰੀ)—ਖਬਰ ਦਾ ਹੈਡਿੰਗ ਪੜ੍ਹ ਕੇ ਕਾਫੀ ਹੈਰਾਨੀ ਹੋਵੇਗੀ ਕਿ ਸਿਵਲ ਹਸਪਤਾਲ ਆਉਣ ਦੌਰਾਨ ਬਿਸਕੁਟ ਨਾਲ ਲਿਆਉਣਾ ਕਿਉਂ ਜ਼ਰੂਰੀ ਹੋ ਗਿਆ ਹੈ ਕਿਉਂਕਿ ਇਨ੍ਹਾਂ ਦਿਨਾਂ 'ਚ ਸਿਵਲ ਹਸਪਤਾਲ ਵਿਚ ਆਵਾਰਾ ਕੁੱਤਿਆਂ ਨੇ ਡੇਰਾ ਜਮ੍ਹਾ ਰੱਖਿਆ ਹੈ ਜੋ ਕਿ ਹਸਪਤਾਲ ਆਉਣ-ਜਾਣ ਵਾਲੇ ਮਰੀਜ਼ਾਂ ਨੂੰ ਕੱਟਣ ਅਤੇ ਭੌਂਕਣ ਤੋਂ ਪਿੱਛੇ ਨਹੀਂ ਹਟਦੇ। ਭੁੱਖੇ ਕੁੱਤਿਆਂ ਨੇ ਕੁਝ ਦਿਨ ਪਹਿਲਾਂ ਇਕ ਮਹਿਲਾ ਨੂੰ ਕੱਟ ਕੇ ਬੁਰੀ ਤਰ੍ਹਾਂ ਜ਼ਖ਼ਮੀ ਕਰ ਦਿੱਤਾ ਸੀ। ਹਸਪਤਾਲ ਪ੍ਰਸ਼ਾਸਨ ਕੁੱਤਿਆਂ 'ਤੇ ਨਕੇਲ ਕੱਸਣ ਵਿਚ ਨਾਕਾਮ ਸਾਬਿਤ ਹੋ ਰਿਹਾ ਹੈ। ਇਸਦਾ ਹੱਲ ਇਹ ਨਿਕਲਦਾ ਹੈ ਕਿ ਕੁੱਤਾ ਤੁਹਾਡੇ ਮਾਸ ਨੂੰ ਨੋਚ ਕੇ ਭੁੱਖ ਮਿਟਾਵੇ, ਇਸ ਤੋਂ ਚੰਗਾ ਹੈ ਕਿ ਉਸਨੂੰ ਬਿਸਕੁਟ ਖਿਲਾ ਦਿੱਤਾ ਜਾਵੇ। ਲੋਕ ਕਈ ਵਾਰ ਇਸ ਬਾਬਤ ਮੈਡੀਕਲ ਦਫਤਰ ਵਿਚ ਸ਼ਿਕਾਇਤਾਂ ਕਰ ਕੇ ਥੱਕ ਚੁੱਕੇ ਹਨ। ਸਟਾਫ ਦਾ ਕਹਿਣਾ ਹੈ ਕਿ ਜੇਕਰ ਆਉਣ ਵਾਲੇ ਦਿਨਾਂ ਵਿਚ ਹਸਪਤਾਲ ਵਿਚ ਘੁੰਮਣ ਵਾਲੇ ਕੁੱਤਿਆਂ 'ਤੇ ਨਕੇਲ ਨਾ ਕੱਸੀ ਗਈ ਤਾਂ ਇਹ ਗਿਣਤੀ ਵਧ ਜਾਣ ਦੇ ਨਾਲ ਲੋਕਾਂ ਦੀ ਪ੍ਰੇਸ਼ਾਨੀ ਵੀ ਵਧੇਗੀ।
