ਸਿਵਲ ਹਸਪਤਾਲ ਵਿਚ ਠੇਕੇਦਾਰ ਦਾ ਕਰਿੰਦਾ ਆਕਸੀਜਨ ਸਿਲੰਡਰ ਵੇਚਦਾ ਰੰਗੇ-ਹੱਥੀਂ ਕਾਬੂ

Thursday, May 20, 2021 - 06:04 PM (IST)

ਸਿਵਲ ਹਸਪਤਾਲ ਵਿਚ ਠੇਕੇਦਾਰ ਦਾ ਕਰਿੰਦਾ ਆਕਸੀਜਨ ਸਿਲੰਡਰ ਵੇਚਦਾ ਰੰਗੇ-ਹੱਥੀਂ ਕਾਬੂ

ਮੋਹਾਲੀ (ਪ੍ਰਦੀਪ): ਜ਼ਿਲ੍ਹਾ ਸਿਹਤ ਵਿਭਾਗ ਦੇ ਅਧਿਕਾਰੀਆਂ ਨੇ ਜ਼ਿਲ੍ਹਾ ਹਸਪਤਾਲ ਵਿਚ ਮੈਡੀਕਲ ਆਕਸੀਜਨ ਸਿਲੰਡਰਾਂ ਦੀ ਵਿਕਰੀ ਦੇ ਕਾਲੇ ਧੰਦੇ ਦਾ ਪਰਦਾਫ਼ਾਸ਼ ਕਰਦਿਆਂ ਇਕ ਪ੍ਰਾਈਵੇਟ ਕੰਪਨੀ ਦੇ ਕਰਿੰਦੇ ਨੂੰ ਗ੍ਰਿਫ਼ਤਾਰ ਕਰਵਾਇਆ ਹੈ।ਸਿਵਲ ਸਰਜਨ ਡਾ. ਆਦਰਸ਼ਪਾਲ ਕੌਰ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਸਿਵਲ ਹਸਪਤਾਲ ਵਿਚ ਮੈਡੀਕਲ ਆਕਸੀਜਨ ਸਪਲਾਈ ਦੇ ਪ੍ਰਬੰਧ ਅਤੇ ਕੰਟਰੋਲ ਲਈ ‘ਮੈਕ ਟੈਕ ਇੰਜਨੀਅਰਜ਼’ ਨਾਮੀ ਕੰਪਨੀ ਨੂੰ ਠੇਕਾ ਦਿਤਾ ਹੋਇਆ ਹੈ। ਉਨ੍ਹਾਂ ਨੂੰ ਸੂਤਰਾਂ ਤੋਂ ਪਤਾ ਲੱਗਾ ਕਿ ਇਸ ਕੰਪਨੀ ਦਾ ਇਕ ਕਰਿੰਦਾ ਹਸਪਤਾਲ ਵਿਚ ਆਉਣ ਵਾਲੇ ਸਿਲੰਡਰ ਚੋਰੀ-ਛਿਪੇ ਬਾਹਰ ਵੇਚਦਾ ਹੈ ਅਤੇ ਬਦਲੇ ਵਿਚ ਕਾਫ਼ੀ ਪੈਸੇ ਲੈਂਦਾ ਹੈ। ਉਨ੍ਹਾਂ ਦੱਸਿਆ ਕਿ ਇਸ ਬਾਬਤ ਪਤਾ ਲੱਗਣ ’ਤੇ ਉਨ੍ਹਾਂ ਤੁਰੰਤ ਇਹ ਮਾਮਲਾ ਡਿਪਟੀ ਕਮਿਸ਼ਨਰ ਸ੍ਰੀ ਗਿਰੀਸ਼ ਦਿਆਲਨ ਦੇ ਧਿਆਨ ਵਿਚ ਲਿਆਂਦਾ ਜਿਨ੍ਹਾਂ ਪੁਲਸ ਨੂੰ ਲੋੜੀਂਦੀ ਕਾਰਵਾਈ ਕਰਨ ਦੇ ਹੁਕਮ ਦਿੱਤੇ।

ਇਹ ਵੀ ਪੜ੍ਹੋ: ਬਠਿੰਡਾ ਦੇ ਗੁਰਦੁਆਰਾ ਸਾਹਿਬ ’ਚ ਰਾਮ ਰਹੀਮ ਦੀ ਰਿਹਾਈ ਲਈ ਅਰਦਾਸ ’ਤੇ ਛਿੜਿਆ ਵਿਵਾਦ, ਵੀਡੀਓ ਵਾਇਰਲ 

ਇਸ ਦੌਰਾਨ ਸਿਹਤ ਵਿਭਾਗ ਦੇ ਇਕ ਮੁਲਾਜ਼ਮ ਨੇ ਗਾਹਕ ਬਣ ਕੇ ਉਕਤ ਕਰਿੰਦੇ ਨੂੰ ਸਿਲੰਡਰ ਖ਼ਰੀਦਣ ਲਈ ਫ਼ੋਨ ਕੀਤਾ ਅਤੇ ਫ਼ੋਨ ’ਤੇ ਹੀ 25 ਹਜ਼ਾਰ ਰੁਪਏ ਪ੍ਰਤੀ ਸਿਲੰਡਰ ਸੌਦਾ ਤੈਅ ਹੋਇਆ। ਇਸ ਤੋਂ ਬਾਅਦ ਸਿਹਤ ਵਿਭਾਗ ਦਾ ਮੁਲਾਜ਼ਮ ਕਰਿੰਦੇ ਵਲੋਂ ਦੱਸੀ ਹੋਈ ਥਾਂ-ਸਿਵਲ ਹਸਪਤਾਲ ਦੇ ਪਿੱਛੇ (ਮੈਕਸ ਹਸਪਤਾਲ ਵਲ) ਅੱਜ ਦੁਪਹਿਰ 2 ਵਜੇ ਪਹੁੰਚ ਗਿਆ ਅਤੇ ਉਕਤ ਕਰਿੰਦੇ ਨੇ ਆਕਸੀਜਨ ਦਾ ਸਿਲੰਡਰ ਤੁਰੰਤ ਉਸ ਦੀ ਗੱਡੀ ਵਿਚ ਰਖਵਾ ਦਿਤਾ ਅਤੇ ਬਦਲੇ ਵਿਚ ਨੋਟ ਲੈ ਲਏ। ਮੌਕੇ ’ਤੇ ਤਾਇਨਾਚ ਪੁਲਸ ਦੀ ਟੀਮ ਨੇ ਤੁਰੰਤ ਉਕਤ ਕਰਿੰਦੇ ਨੂੰ ਰੰਗੇ-ਹੱਥੀਂ ਕਾਬੂ ਕਰ ਕੇ ਹਿਰਾਸਤ ਵਿਚ ਲੈ ਲਿਆ ਅਤੇ ਉਸ ਕੋਲੋਂ ਪੁੱਛਗਿਛ ਜਾਰੀ ਹੈ। ਇਸ ਕਰਿੰਦੇ ਦੀ ਪਛਾਣ ਰਾਹੁਲ ਵਜੋਂ ਹੋਈ ਹੈ।

ਹ ਵੀ ਪੜ੍ਹੋ:  ਸਿਹਤ ਵਿਭਾਗ ਦੀ ਵੱਡੀ ਲਾਪਰਵਾਹੀ, ਕੋਰੋਨਾ ਪਾਜ਼ੇਟਿਵ ਆਸ਼ਾ ਵਰਕਰਾਂ ਨੂੰ ਹੀ ਭੇਜਿਆ ‘ਫਤਿਹ ਕਿੱਟਾਂ’ ਵੰਡਣ

ਸਿਵਲ ਸਰਜਨ ਨੇ ਇਸ ਗੋਰਖਧੰਦੇ ਦਾ ਪਰਦਾਫ਼ਾਸ਼ ਕਰਨ ’ਚ ਭੂਮਿਕਾ ਨਿਭਾਉਣ ਲਈ ਮੁੱਖ ਤੌਰ ’ਤੇ ਐੱਸ.ਐੱਮ.ਓ. ਡਾ. ਐੱਚ.ਐੱਸ. ਚੀਮਾ, ਡਿਪਟੀ ਮੈਡੀਕਲ ਕਮਿਸ਼ਨਰ ਡਾ. ਦਲਜੀਤ ਸਿੰਘ ਚੀਮਾ, ਹੈਲਥ ਇੰਸਪੈਕਟਰ ਭੁਪਿੰਦਰ ਸਿੰਘ ਤੇ ਹੋਰ ਅਧਿਕਾਰੀਆਂ ਦੀ ਸ਼ਲਾਘਾ ਕੀਤੀ ਅਤੇ ਕਿਹਾ ਕਿ ਕੋਰੋਨਾ ਵਾਇਰਸ ਦੀ ਲਾਗ ਦੇ ਕੇਸਾਂ ਵਿਚ ਤੇਜ਼ੀ ਨਾਲ ਹੋ ਰਹੇ ਵਾਧੇ ਅਤੇ ਮਰੀਜ਼ਾਂ ਦੇ ਗੰਭੀਰ ਹੋਣ ਦੀ ਸਥਿਤੀ ਵਿਚ ਮੈਡੀਕਲ ਆਕਸੀਜਨ ਦੀ ਮੰਗ ਲਗਾਤਾਰ ਵੱਧ ਰਹੀ ਹੈ ਪਰ ਅਜਿਹੇ ਸਮਾਜ-ਵਿਰੋਧੀ ਅਨਸਰ ਜਿਥੇ ਮਨੁੱਖੀ ਜ਼ਿੰਦਗੀਆਂ ਨਾਲ ਖਿਲਵਾੜ ਕਰ ਰਹੇ ਹਨ, ਉੱਥੇ ਕੋਵਿਡ ਵਿਰੁੱਧ ਲੜਾਈ ਨੂੰ ਵੀ ਢਾਹ ਲਾਉਣ ਦਾ ਯਤਨ ਕਰ ਰਹੇ ਹਨ। ਉਨ੍ਹਾਂ ਕਿਹਾ ਕਿ ਅਜਿਹੇ ਸਮਾਜ ਵਿਰੋਧੀ ਅਨਸਰਾਂ ਨੂੰ ਸਲਾਖਾਂ ਪਿੱਛੇ ਭੇਜਣ ਵਿਚ ਲੋਕਾਂ ਨੂੰ ਵੀ ਪ੍ਰਸ਼ਾਸਨ ਅਤੇ ਸਿਹਤ ਵਿਭਾਗ ਦਾ ਸਾਥ ਦੇਣ ਦੀ ਲੋੜ ਹੈ।

ਇਹ ਵੀ ਪੜ੍ਹੋ: ਪਤਨੀ ਨੇ ਗੁਆਂਢਣ ਨਾਲ ਹੋਟਲ 'ਚ ਰੰਗੇ ਹੱਥੀਂ ਫੜ੍ਹਿਆ ਪਤੀ, ਦੋਵਾਂ ਦੀ ਖ਼ੂਬ ਕੀਤੀ ਛਿੱਤਰ-ਪਰੇਡ


author

Shyna

Content Editor

Related News