ਅੰਮ੍ਰਿਤਸਰ : ਸਿਵਲ ਹਸਪਤਾਲ ''ਚ ਖਾਲੀ ਪਈ ਆਈਸੋਲੇਸ਼ਨ ਅਤੇ ਸਵਾਈਨ ਫਲੂ ਵਾਰਡ
Saturday, Sep 09, 2017 - 12:46 PM (IST)
ਅੰਮ੍ਰਿਤਸਰ (ਮਮਤਾ)- ਪੰਜਾਬ ਦੇ ਵੱਖ-ਵੱਖ ਜ਼ਿਲਿਆਂ 'ਚ ਡੇਂਗੂ ਅਤੇ ਸਵਾਈਨ ਫਲੂ ਦੇ ਮਰੀਜ਼ਾਂ ਦੀ ਗਿਣਤੀ ਵਿਚ ਦਿਨੋ-ਦਿਨ ਹੋ ਰਹੇ ਵਾਧੇ ਦੇ ਬਾਵਜੂਦ ਜ਼ਿਲਾ ਅੰਮ੍ਰਿਤਸਰ 'ਚ ਸਵਾਈਨ ਫਲੂ ਦੇ ਇਕ ਸ਼ੱਕੀ ਮਾਮਲੇ ਤੋਂ ਇਲਾਵਾ ਇਕ ਵੀ ਮਾਮਲਾ ਅਜਿਹਾ ਸਾਹਮਣੇ ਨਹੀਂ ਆਇਆ, ਜਿਸ ਕਾਰਨ ਸਿਵਲ ਹਸਪਤਾਲ ਵਿਚ ਸਥਿਤ ਆਈਸੋਲੇਸ਼ਨ ਅਤੇ ਸਵਾਈਨ ਫਲੂ ਵਾਰਡ ਖਾਲੀ ਜਾਂ ਬੰਦ ਪਏ ਹੋਏ ਹਨ ਅਤੇ ਹਸਪਤਾਲ ਪ੍ਰਸ਼ਾਸਨ ਵੱਲੋਂ ਕਿਸੇ ਵੀ ਹਾਲਤ ਨਾਲ ਨਿੱਬੜਨ ਲਈ ਪੂਰੀ ਤਿਆਰੀ ਦੇ ਦਾਅਵੇ ਕੀਤੇ ਜਾ ਰਹੇ ਹਨ।
ਖਾਲੀ ਨਜ਼ਰ ਆਏ ਬੈੱਡ
ਜਗ ਬਾਣੀ ਦੀ ਟੀਮ ਨੇ ਜਦੋਂ ਸਿਵਲ ਹਸਪਤਾਲ ਦਾ ਦੌਰਾ ਕੀਤਾ ਤਾਂ ਉਥੇ ਆਈਸੋਲੇਸ਼ਨ ਵਾਰਡ ਦੇ ਬਾਹਰ ਤਾਲਾ ਦੇਖਣ ਨੂੰ ਮਿਲਿਆ, ਜਦੋਂ ਕਿ ਸਵਾਈਨ ਫਲੂ ਅਤੇ ਡੇਂਗੂ ਸਬੰਧੀ 10-10 ਬੈੱਡਾਂ ਦਾ ਵਾਰਡ ਖਾਲੀ ਪਾਇਆ ਗਿਆ। ਇਸ ਸਬੰਧੀ ਸਿਹਤ ਵਿਭਾਗ ਦੇ ਅਧਿਕਾਰੀਆਂ ਦਾ ਕਹਿਣਾ ਸੀ ਕਿ ਹੁਣ ਤੱਕ ਇਕ ਵੀ ਕੇਸ ਪਾਜ਼ੇਟਿਵ ਨਹੀਂ ਆਇਆ ਗਿਆ, ਜਦੋਂ ਕਿ ਪਿਛਲੇ ਸਾਲ ਡੇਂਗੂ ਦੇ ਲਗਭਗ 1358 ਮਾਮਲੇ ਸਾਹਮਣੇ ਆਏ ਸਨ, ਜਿਨ੍ਹਾਂ 'ਚੋਂ ਕਈਆਂ ਦੀ ਮੌਤ ਵੀ ਹੋ ਗਈ, ਜਦੋਂ ਕਿ ਇਸ ਵਾਰ ਹੁਣ ਤੱਕ ਕੋਈ ਵੀ ਅਜਿਹਾ ਮਾਮਲਾ ਸਾਹਮਣੇ ਨਹੀਂ ਆਇਆ।
ਲੈਬ ਦੇ ਬਾਹਰ ਮਰੀਜ਼ਾਂ ਦਾ ਤਾਂਤਾ
ਮੌਸਮ ਦੇ ਬਦਲਾਅ ਕਾਰਨ ਵਾਇਰਲ ਬੁਖਾਰ ਅਤੇ ਖੰਘ ਜ਼ੁਕਾਮ ਤੋਂ ਪੀੜਤ ਮਰੀਜ਼ਾਂ ਵੱਲੋਂ ਡੇਂਗੂ ਅਤੇ ਹੋਰ ਬੀਮਾਰੀਆਂ ਦੇ ਟੈਸਟ ਕਰਵਾਏ ਜਾ ਰਹੇ ਹਨ, ਜਿਸ ਲਈ ਮਰੀਜ਼ਾਂ ਵੱਲੋਂ ਸਵੇਰ ਤੋਂ ਹੀ ਸੈਂਪਲ ਲਏ ਜਾਂਦੇ ਹਨ ਅਤੇ ਰਿਪੋਰਟ ਸਬੰਧੀ ਘੰਟੀਆਂਬੱਧੀ ਇੰਤਜ਼ਾਰ ਵੀ ਕਰਨਾ ਪੈਂਦਾ ਹੈ। ਸਿਵਲ ਹਸਪਤਾਲ ਵਿਚ ਕੁਝ ਲੋਕ ਆਪਣੇ ਬੱਚਿਆਂ ਸਮੇਤ ਆਪਣੀ ਵਾਰੀ ਦੇ ਇੰਤਜ਼ਾਰ ਵਿਚ ਦੇਖੇ ਗਏ।
