ਸਖਤ ਸੁਰੱਖਿਆ ਦੇ ਬਾਵਜੂਦ ਇੰਸਟੀਚਿਊਟ ''ਚ ਹਥਿਆਰ ਕਿਵੇਂ ਲੈ ਗਏ ਵਿਦਿਆਰਥੀ

10/11/2018 5:25:54 PM

ਜਲੰਧਰ (ਜ. ਬ.)— ਸਿੱਖਿਆ ਸੰਸਥਾਵਾਂ 'ਚ ਰੁਤਬਾ ਰੱਖਣ ਵਾਲਾ ਸ਼ਾਹਪੁਰ ਸਥਿਤ ਸਿਟੀ ਇੰਸਟੀਚਿਊਟ ਆਫ ਇੰਜੀਨੀਅਰਿੰਗ ਮੈਨੇਜਮੈਂਟ ਐਂਡ ਟੈਕਨਾਲੋਜੀ ਅਤੇ ਹੋਸਟਲ ਜੋ ਕਾਲਜ ਦੇ ਪੁਖਤਾ ਪ੍ਰਬੰਧਾਂ ਅਤੇ ਬੱਚਿਆਂ ਦੀ ਸੁਰੱਖਿਆ ਦਾ ਦਾਅਵਾ ਕਰਦਾ ਹੈ, ਦੇ ਸਾਰੇ ਦਾਅਵਿਆਂ ਦੀ ਹਵਾ ਇੰਸਟੀਚਿਊਟ ਦੀਆਂ ਛੋਟੀਆਂ ਕੰਧਾਂ ਅਤੇ ਚੋਰ ਰਸਤੇ ਕੱਢ ਰਹੇ ਹਨ, ਜਿਸ ਦਾ ਫਾਇਦਾ ਇੰਸਟੀਚਿਊਟ ਦੇ ਵਿਦਿਆਰਥੀ ਲੈ ਰਹੇ ਹਨ ਅਤੇ ਸਵਾਲ ਪੈਦਾ ਹੁੰਦਾ ਹੈ ਕਿ ਵਿਦਿਆਰਥੀ ਅੰਦਰ ਹਥਿਆਰ ਕਿਵੇਂ ਲੈ ਗਏ। ਵਿਦਿਆਰਥੀ ਕਾਲਜ ਦੀਆਂ ਛੋਟੀਆਂ ਛੋਟੀਆਂ ਕੰਧਾਂ ਟੱਪ ਕੇ ਆਪਣੀਆਂ ਸਰਗਰਮੀਆਂ ਨੂੰ ਅੰਜਾਮ ਦੇ ਰਹੇ ਹਨ।

'ਜਗ ਬਾਣੀ' ਟੀਮ ਨੇ ਇਸ ਦੀ ਪੜਤਾਲ ਕੀਤੀ ਤਾਂ ਹੈਰਾਨ ਕਰਨ ਵਾਲੀ ਤਸਵੀਰ ਸਾਹਮਣੇ ਆਈ। ਸਿਟੀ ਕੈਂਪਸ ਦੇ ਮੇਨ ਗੇਟ ਕੋਲ ਸਿਰਫ 4 ਫੁੱਟ ਦੀ ਕੰਧ ਹੈ, ਜਿਸ ਨੂੰ ਟੱਪ ਕੇ ਵਿਦਿਆਰਥੀ ਕਾਲਜ ਬੰਕ ਕਰ ਰਹੇ ਹਨ। ਇਸ ਤੋਂ ਬਾਅਦ ਜਾਂ ਤਾਂ ਪਾਰਕਾਂ 'ਚ ਮਸਤੀ ਕਰਦੇ ਹਨ ਜਾਂ ਬਾਜ਼ਾਰਾਂ 'ਚ ਗੇੜੀਆਂ ਲਗਾਉਂਦੇ ਹਨ। ਕਈ ਵਿਦਿਆਰਥੀ ਰੁੱਖਾਂ ਦੀ ਆੜ 'ਚ ਬੈਂਚਾਂ 'ਚ ਬੈਠੇ ਸਨ। ਕੋਈ ਗਾਣੇ ਸੁਣ ਰਿਹਾ ਸੀ, ਕੋਈ ਆਪਣੇ ਮੋਬਾਇਲ 'ਤੇ ਲੱਗਾ ਸੀ ਅਤੇ ਕੋਈ ਬੈਗ 'ਚੋਂ ਰੰਗ ਬਿਰੰਗੇ ਕੱਪੜੇ ਕੱਢ ਕੇ ਪਾ ਰਿਹਾ ਸੀ।

PunjabKesari
ਸੂਤਰ ਦੱਸਦੇ ਹਨ ਕਿ ਸਿਟੀ ਇੰਸਟੀਚਿਊਟ ਦੇ ਅੰਦਰ ਅਤੇ ਬਾਹਰ ਜਾਣ ਲਈ ਦੋ ਮੁੱਖ ਗੇਟ ਹਨ। ਇਕ ਅੱਗੇ ਅਤੇ ਇਕ ਪਿੱਛੇ। ਜਿਨ੍ਹਾਂ ਦੇ ਦੋਵੇਂ ਪਾਸਿਓਂ 2-2 ਰਸਤੇ ਨਿਕਲਦੇ ਹਨ ਅਤੇ ਬਾਹਰ ਵਾਲੀ ਛੋਟੀ ਕੰਧ ਅਤੇ ਪਿਛਲੇ ਗੇਟ ਦੇ ਕੋਲ ਟੁੱਟੀ ਹੋਈ ਕੰਧ ਨੂੰੰ ਟੱਪ ਕੇ ਅਕਸਰ ਵਿਦਿਆਰਥੀ ਕਾਲਜ ਅੰਦਰ ਦਾਖਲ ਹੋ ਜਾਂਦੇ ਹਨ। ਇੰਸਟੀਚਿਊਟ ਦੀ ਸੁਰੱਖਿਆ ਲਈ 10 ਸਕਿਓਰਿਟੀ ਗਾਰਡ ਅਤੇ ਗੇਟ 'ਤੇ ਲੱਗੇ ਸੀ. ਸੀ. ਟੀ. ਵੀ. ਕੈਮਰਿਆਂ ਦੇ ਡਰ ਨਾਲ ਵਿਦਿਆਰਥੀ ਮੇਨ ਗੇਟ ਤੋਂ ਨਹੀਂ ਆਉਂਦੇ-ਜਾਂਦੇ। ਸੂਤਰ ਦੱਸਦੇ ਹਨ ਕਿ ਕੰਧ ਟੱਪ ਕੇ ਕੈਂਪਸ ਅੰਦਰ ਆਉਣ-ਜਾਣ ਦਾ ਸਿਲਸਿਲਾ ਕਾਫੀ ਪੁਰਾਣਾ ਹੈ। ਫੜੇ ਗਏ 3 ਅੱਤਵਾਦੀਆਂ ਨੇ ਵੀ ਇਸੇ ਰਸਤੇ ਰਾਹੀਂ ਹਥਿਆਰ ਅਤੇ ਧਮਾਕਾਖੇਜ਼ ਸਮੱਗਰੀ ਕੈਂਪਸ ਦੇ ਅੰਦਰ ਪਹੁੰਚਾਈ, ਜਿਸ ਦੀ ਜਾਂਚ ਕਰਵਾਉਣੀ ਜ਼ਰੂਰੀ ਹੈ। ਸਭ ਤੋਂ ਵੱਡਾ ਸਵਾਲ ਇਹ ਹੈ ਕਿ ਕੈਂਪਸ 'ਚ ਸਕਿਓਰਿਟੀ ਦੇ ਬਾਵਜੂਦ ਇਨ੍ਹਾਂ ਅੱਤਵਾਦੀਆਂ ਦਾ ਕੈਂਪਸ ਦੇ ਅੰਦਰ ਤੇ ਬਾਹਰ ਆਖਿਰ ਕੌਣ ਮਦਦਗਾਰ ਹੈ।

ਬਿਨਾਂ ਬੈਗ ਚੈੱਕ ਕੀਤੇ ਭੇਜਦੇ ਹਨ ਸਿਟੀ ਦੇ ਸਕਿਓਰਿਟੀ ਗਾਰਡ
ਪੱਤਰਕਾਰਾਂ ਦੀ ਟੀਮ ਨੇ ਸੀ. ਟੀ. ਇੰਸਟੀਚਿਊਟ ਦਾ ਦੌਰਾ ਕੀਤਾ ਅਤੇ ਦੇਖਿਆ ਕਿ ਇੰਸਟੀਚਿਊਟ ਦੇ ਅੰਦਰ ਜਾਣ ਵਾਲੇ ਲੋਕਾਂ ਤੇ ਵਾਹਨਾਂ ਨੂੰ ਚੈੱਕ ਨਹੀਂ ਕੀਤਾ ਜਾਂਦਾ, ਸਿਰਫ ਉਨ੍ਹਾਂ ਦਾ ਨਾਂ ਪਤਾ ਰਜਿਸਟਰ 'ਚ ਲਿਖ ਕੇ ਉਨ੍ਹਾਂ ਨੂੰ ਭੇਜ ਦਿੱਤਾ ਜਾਂਦਾ ਹੈ। ਟੀਮ ਨੇ ਕਈ ਘੰਟਿਆਂ ਦੀ ਜਾਂਚ ਦੌਰਾਨ ਦੇਖਿਆ ਕਿ ਸਿਟੀ ਦੇ ਅੰਦਰ ਵਿਦਿਆਰਥੀ ਅਤੇ ਬਾਹਰੀ ਲੋਕ ਬੈਗ ਅਤੇ ਗੱਡੀਆਂ ਲੈ ਕੇ ਗਏ, ਜਿਨ੍ਹਾਂ ਨੂੰ ਚੈੱਕ ਨਹੀਂ ਕੀਤਾ ਗਿਆ ਅਤੇ ਸਿਰਫ ਨਾਂ ਪਤਾ ਪੁੱਛਿਆ ਗਿਆ। ਇੰਨੀ ਵੱਡੀ ਘਟਨਾ ਤੋਂ ਬਾਅਦ ਵੀ ਕਾਲਜ ਦੀ ਸਕਿਓਰਿਟੀ ਬਾਰੇ ਜਦੋਂ ਗੇਟ 'ਤੇ ਖੜ੍ਹੇ ਸਕਿਓਰਿਟੀ ਗਾਰਡ ਕੋਲੋਂ ਪੁੱਛਿਆ ਗਿਆ ਤਾਂ ਉਹ ਕੋਈ ਜਵਾਬ ਨਾ ਦੇ ਸਕਿਆ। ਕਾਲਜ ਦੇ ਪੀ. ਆਰ. ਓ. ਕੰਵਰਪ੍ਰੀਤ ਸਿੰਘ ਨੇ ਦੱਸਿਆ ਕਿ ਸਕਿਓਰਿਟੀ ਗਾਰਡ ਨੂੰ ਪੂਰੀ ਚੈੱਕਿੰਗ ਕਰਨ ਦੇ ਅਧਿਕਾਰ ਹਨ, ਬਿਨਾਂ ਚੈੱਕ ਕੀਤੇ ਕਿਸੇ ਨੂੰ ਦਾਖਲ ਨਹੀਂ ਹੋਣ ਦਿੱਤਾ ਜਾਵੇਗਾ। ਉਨ੍ਹਾਂ ਦੱਸਿਆ ਕਿ ਸੀ. ਟੀ. ਕੈਂਪਸ 'ਚ 2500 ਅਤੇ ਹੋਸਟਲ 'ਚ ਕਰੀਬ 800 ਵਿਦਿਆਰਥੀ ਹਨ, ਜਿਨ੍ਹਾਂ ਦੀ ਬਾਰੀਕੀ ਨਾਲ ਜਾਂਚ ਕਰਨਾ ਮੁਸ਼ਕਲ ਹੈ।

PunjabKesari

ਖੁਫੀਆ ਏਜੰਸੀਆਂ ਦੇ ਰਾਡਾਰ 'ਤੇ ਅੱਤਵਾਦੀਆਂ ਦੀ ਫਰੈਂਡਲਿਸਟ ਅਤੇ ਹਥਿਆਰ ਸਮੱਗਰੀ ਮੁਹੱਈਆ ਕਰਵਾਉਣ ਵਾਲੇ ਅੱਤਵਾਦੀਆਂ ਦੀ ਫਰੈਂਡਲਿਸਟ ਦੀ ਏਜੰਸੀਆਂ ਡੂੰਘਾਈ ਨਾਲ ਜਾਂਚ ਕਰ ਰਹੀਆਂ ਹਨ। ਇਸਦੇ ਪਿੱਛੇ ਉਨ੍ਹਾਂ ਦੇ ਸਾਥੀਆਂ ਦਾ ਇਕ ਗਰੁੱਪ ਸਰਗਰਮ ਹੋਣ ਦਾ ਸ਼ੱਕ ਜਤਾਇਆ ਜਾ ਰਿਹਾ ਹੈ। ਜਿਨ੍ਹਾਂ ਨੇ ਹੁਣ ਫਿਰ ਸ਼ਹਿਰ ਵਿਚ ਪੈਰ ਪਸਾਰਨੇ ਸ਼ੁਰੂ ਕਰ ਦਿੱਤੇ ਹਨ। ਸੂਤਰ ਦੱਸਦੇ ਹਨ ਕਿ ਸ਼ਹਿਰ ਨਕਸਲੀ ਅਤੇ ਅੱਤਵਾਦੀ ਸਰਗਰਮੀਆਂ ਵਿਚ ਸ਼ਾਮਲ ਲੋਕਾਂ ਨੂੰ ਹਥਿਆਰਾਂ ਤੋਂ ਲੈ ਕੇ ਕਾਰਤੂਸ ਤੱਕ ਏਜੰਟਾਂ ਰਾਹੀਂ ਮੁਹੱਈਆ ਕਰਵਾਏ ਜਾ ਰਹੇ ਹਨ।

ਕੁਝ ਦਿਨ ਪਹਿਲਾਂ ਤਿੰਨੇ ਕਸ਼ਮੀਰੀ ਫੈਸਟੀਵਲ ਵਿਚ ਹਿੱਸਾ ਲੈਣ ਗਏ ਸਨ
ਸੂਤਰਾਂ ਨੇ ਦੱਸਿਆ ਕਿ ਫੜੇ ਗਏ ਤਿੰਨੇ ਅੱਤਵਾਦੀ ਕੁਝ ਦਿਨ ਪਹਿਲਾਂ ਮੁਸਲਿਮ ਫੈਸਟੀਵਲ ਵਿਚ ਹਿੱਸਾ ਲੈਣ ਲਈ ਇਕੱਠੇ ਗਏ ਸਨ, ਜਿਨ੍ਹਾਂ ਵਿਚੋਂ 2 ਸਿਟੀ ਦੇ ਵਿਦਿਆਰਥੀ ਅਤੇ ਤੀਜਾ ਕਿਸੇ ਹੋਰ ਕਾਲਜ ਦਾ ਹੈ ਜੋ ਇਨ੍ਹਾਂ ਨਾਲ ਜੰਮੂ ਗਿਆ ਸੀ। ਇਸ ਤੋਂ ਬਾਅਦ ਦੂਜੀ ਵਾਰ ਇਹ ਦੋ ਦਿਨ ਪਹਿਲਾਂ ਹੋਸਟਲ ਵਿਚ ਰਹਿਣ ਲਈ ਆਏ। ਇਸ ਸਬੰਧੀ ਗੇਟ ਦੇ ਰਜਿਸਟਰ 'ਤੇ ਐਂਟਰੀ ਸੀ, ਜਿਸ ਦੀ ਜਾਂਚ ਪੁਲਸ ਕਰ ਰਹੀ ਹੈ। ਪੁਲਸ ਨੇ ਕਾਲਜ ਵਿਚ ਕੈਮਰਿਆਂ 'ਚੋਂ ਬੈਕਅਪ ਅਤੇ ਰਜਿਸਟਰ ਆਪਣੇ ਕਬਜ਼ੇ ਵਿਚ ਲੈ ਲਏ ਹਨ।

ਸਾਰਾ ਦਿਨ ਸਿਰਫ ਇਕ ਪੁਲਸ ਮੁਲਾਜ਼ਮ ਅਤੇ 4 ਕਮਾਂਡੋਜ਼ ਨੇ ਦਿੱਤਾ ਪਹਿਰਾ
ਜ਼ਿਕਰਯੋਗ ਹੈ ਕਿ ਸੀ. ਟੀ. ਇੰਸਟੀਚਿਊਟ 'ਚੋਂ 3 ਅੱਤਵਾਦੀ ਫੜੇ ਜਾਣ ਦੇ ਬਾਵਜੂਦ ਸਰਕਾਰ ਨੇ ਜ਼ਰੂਰੀ ਕਦਮ ਨਹੀਂ ਚੁੱਕੇ। ਕਾਲਜ ਕੈਂਪਸ ਦੇ ਬਾਹਰ ਸਿਰਫ ਇਕ ਪੁਲਸ ਮੁਲਾਜ਼ਮ ਅਤੇ 4 ਕਮਾਂਡੋਜ਼ ਦੀ ਡਿਊਟੀ ਲਗਾਈ ਗਈ ਹੈ।


Related News