ਸ਼ਹਿਰ ਵਿਚ ਗੰਦਗੀ ਦੇ ਢੇਰ ਕਰਦੇ ਹਨ ਲੋਕਾਂ ਦਾ ਥਾਂ-ਥਾਂ ਸਵਾਗਤ

Thursday, Jul 26, 2018 - 12:02 AM (IST)

ਸ਼ਹਿਰ ਵਿਚ ਗੰਦਗੀ ਦੇ ਢੇਰ ਕਰਦੇ ਹਨ ਲੋਕਾਂ ਦਾ ਥਾਂ-ਥਾਂ ਸਵਾਗਤ

ਕਲਾਨੌਰ,   (ਵਤਨ)-  ਹਿੰਦ-ਪਾਕਿ ਕੌਮਾਂਤਰੀ ਸਰਹੱਦ ’ਤੇ ਵੱਸਿਆ ਕਸਬਾ ਕਲਾਨੌਰ ਇਸ ਲਈ ਵੀ ਮਸ਼ਹੂਰ ਹੈ ਕਿ ਇਥੇ ਮੁਗਲ ਬਾਦਸ਼ਾਹ ਅਕਬਰ ਦੀ ਤਾਜਪੋਸ਼ੀ ਹੋਈ ਸੀ ਅਤੇ ਇਸੇ ਲਈ ਇਸ ਸਥਾਨ ਨਾਲ ਅਖਾਣ ਮਸ਼ਹੂਰ ਹੈ ‘ਜਿਹਨੇ ਵੇਖਿਆ ਨਹੀਂ ਲਾਹੌਰ, ਉਹ ਵੇਖੇ ਕਲਾਨੌਰ’ ਅੱਜ ਗੰਦਗੀ ਦੇ ਢੇਰ ਇਸ ਕਸਬੇ ਵਿਚ ਆਉਣ ਵਾਲੇ ਲੋਕਾਂ ਦਾ ਸਵਾਗਤ ਕਰਦੇ ਹਨ ਅਤੇ ਇਨ੍ਹਾਂ ਗੰਦਗੀ ਦੇ ਢੇਰਾਂ ਤੋਂ ਨਿਕਲਦੀ ਬਦਬੂ ਨਾਲ ਲੋਕਾਂ ਨੂੰ ਭਾਰੀ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ।
  ਉਂਝ ਹਲਕਾ ਵਿਧਾਇਕ ਅਤੇ ਸਹਿਕਾਰਤਾ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਨੇ ਕੁਝ ਮਹੀਨੇ ਪਹਿਲਾਂ ਕਿਰਨ ਨਾਲੇ ਦੇ ਕਿਨਾਰਿਆਂ ’ਤੇ ਮਿੱਟੀ ਪਵਾ ਕੇ ਲੋਕਾਂ ਨੂੰ ਕੁਝ ਰਾਹਤ ਦਿਵਾਈ ਸੀ ਅਤੇ ਕਸਬੇ ਦੀ ਗੰਦਗੀ ਨੂੰ ਚੁਕਵਾ ਕੇ ਪੰਚਾਇਤ ਵਾਲੀ ਥਾਂ ’ਤੇ ਖੱਡੇ ਪੁੱਟ ਕੇ ਉਸ ਵਿਚ ਭਰ ਦਿੱਤੀ ਸੀ ਪਰ ਕੁਝ ਸਮਾਂ ਬੀਤਣ ਤੋਂ ਬਾਅਦ ਸਫਾਈ ਕਰਮਚਾਰੀਆਂ ਵੱਲੋਂ ਕਸਬੇ ਦੀ ਗੰਦਗੀ ਨੂੰ ਮੁਡ਼ ਇਸ ਸਥਾਨ ’ਤੇ ਸੁੱਟਣ ਨਾਲ ਲੋਕਾਂ ਲਈ ਫਿਰ ਤੋਂ ਬਦਬੂ ਦੀ ਸਮੱਸਿਆ ਪੈਦਾ ਹੋ ਗਈ ਹੈ।  ਪਿਛਲੇ ਮਹੀਨੇ ਸੈਰ-ਸਪਾਟਾ ਮੰਤਰੀ ਨਵਜੋਤ ਸਿੰਘ ਸਿੱਧੂ ਅਤੇ ਸਹਿਕਾਰਤਾ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਨੇ ਸਾਂਝੇ ਤੌਰ ’ਤੇ ਤਖਤੇ ਅਕਬਰੀ ਵਾਲੇ ਸਥਾਨ ਸਮੇਤ ਸ਼ਿਵ ਮੰਦਰ ਆਦਿ ਥਾਵਾਂ ਦਾ ਦੌਰਾ ਕਰ ਕੇ ਇਸ ਸਥਾਨ ਨੂੰ ਸੈਰ-ਸਪਾਟੇ ਵਜੋਂ ਵਿਕਸਿਤ ਕਰਨ ਦੀ ਤਜਵੀਜ਼ ਬਣਾਈ ਸੀ ਅਤੇ ਕਰੋਡ਼ਾਂ ਦੇ ਫੰਡ ਵੀ ਰਿਲੀਜ਼ ਕਰਨ ਦੀ ਗੱਲ ਕਹੀ ਸੀ ਪਰ ਜੇਕਰ ਕਸਬੇ ਦੇ ਸਵਾਗਤੀ ਸਥਾਨਾਂ ’ਤੇ ਹੀ ਅਜਿਹੇ ਗੰਦਗੀ ਦੇ ਢੇਰ ਰਹੇ ਤਾਂ ਕਸਬੇ ਦੀ ਕੀ ਦਿੱਖ ਰਹਿ ਜਾਵੇਗੀ।
  ਕਸਬੇ ਦੇ ਪ੍ਰਮੁੱਖ ਮਾਰਗਾਂ ’ਤੇ ਵੀ ਸਫਾਈ ਦੇ ਕੋਈ ਬਿਹਤਰ ਪ੍ਰਬੰਧ ਦਿਖਾਈ ਨਹੀਂ ਦਿੰਦੇ। ਕਸਬੇ ਦੇ ਸੀਨੀਅਰ ਸੈਕੰਡਰੀ ਸਕੁੂਲ ਦੇ ਸਾਹਮਣੇ ਰੂਡ਼ੀ ਅਤੇ ਮਿੱਟੀ ਦੇ ਢੇਰ ਲੱਗੇ ਹੋਏ ਹਨ। ਕਸਬੇ ਦੇ ਲੋਕਾਂ ਨੂੰ ਆਸ ਸੀ ਕਿ ਸਰਕਾਰ ਬਦਲਣ ਤੋਂ ਬਾਅਦ ਕਸਬੇ ਦੀ ਦਿੱਖ ਸੁਧਰੇਗੀ ਪਰ ਸਰਕਾਰ ਬਦਲਦਿਆਂ ਸਾਰ ਤਾਂ ਕਸਬੇ ਦੀਆਂ ਪੰਚਾਇਤਾਂ ਦੇ ਬਹੁਤੇ ਸਰਪੰਚ ਕਾਂਗਰਸ ਵਿਚ ਸ਼ਾਮਲ ਹੋ ਗਏ ਅਤੇ ਆਮ ਲੋਕਾਂ ਨੂੰ ਕਸਬੇ ਦੇ ਵਿਕਾਸ ਲਈ ਮੁਡ਼ ਉਨ੍ਹਾਂ ਸਰਪੰਚਾਂ ਵੱਲ ਹੀ ਆਸ ਰੱਖਣੀ ਪਈ। ਦੱਸਣਯੋਗ ਹੈ ਕਿ ਇਸ ਕਸਬੇ ਵਿਚ ਤਖਤੇ ਅਕਬਰੀ, ਪ੍ਰਾਚੀਨ ਸ਼ਿਵ ਮੰਦਰ ਅਤੇ ਗੁਰਦੁਆਰਾ ਬਾਬਾ ਬੰਦਾ ਸਿੰਘ ਬਹਾਦਰ ਵਰਗੇ ਸੰਸਾਰ ਪ੍ਰਸਿੱਧ ਸਥਾਨਾਂ ਤੋਂ ਇਲਾਵਾ ਬਾਵਾ ਲਾਲ ਜੀ ਦਾ ਮੰਦਰ ਸਥਿਤ ਹੈ, ਜਿਥੇ ਰੋਜ਼ਾਨਾ ਵੱਡੀ ਗਿਣਤੀ ਵਿਚ ਲੋਕ ਪਹੁੰਚਦੇ ਹਨ, ਜਿਸ ਕਾਰਨ ਇਸ ਕਸਬੇ ਨੂੰ ਸਫਾਈ ਪੱਖੋਂ ਠੀਕ ਰੱਖਣਾ ਸਮੇਂ ਦੀ ਜ਼ਰੂਰਤ ਹੈ। ਕਸਬੇ ਦੀ ਗੰਦਗੀ ਨੂੰ ਚੁੱਕਣ ਲਈ ਸਾਜ਼ੋ-ਸਾਮਾਨ ਅਤੇ ਗੰਦਗੀ ਨੂੰ ਡੰਪ ਕਰਨ ਲਈ ਨਿਸ਼ਚਿਤ ਸਥਾਨ ਬਣਾਉਣ ਦੀ ਲੋਡ਼ ਹੈ।
 


Related News