ਸਿਟੀ ਸੈਂਟਰ ਘਪਲਾ ਮਾਮਲਾ : ਸਾਬਕਾ ਐੱਸ. ਐੱਸ. ਪੀ. ਸੰਧੂ ਦੀ ਅਰਜ਼ੀ ''ਤੇ ਸਰਕਾਰ ਨੇ ਦਾਖਲ ਕੀਤਾ ਜਵਾਬ

Friday, Jul 27, 2018 - 06:13 AM (IST)

ਸਿਟੀ ਸੈਂਟਰ ਘਪਲਾ ਮਾਮਲਾ : ਸਾਬਕਾ ਐੱਸ. ਐੱਸ. ਪੀ. ਸੰਧੂ ਦੀ ਅਰਜ਼ੀ ''ਤੇ ਸਰਕਾਰ ਨੇ ਦਾਖਲ ਕੀਤਾ ਜਵਾਬ

ਲੁਧਿਆਣਾ(ਮਹਿਰਾ)-ਲੁਧਿਆਣਾ ਦੇ ਬਹੁ-ਚਰਚਿਤ ਸਿਟੀ ਸੈਂਟਰ ਘਪਲਾ ਮਾਮਲੇ 'ਚ ਸਾਬਕਾ ਐੱਸ. ਐੱਸ. ਪੀ. ਵਿਜੀਲੈਂਸ ਕੰਵਲਜੀਤ ਸਿੰਘ ਸੰਧੂ ਵਲੋਂ ਅਦਾਲਤ 'ਚ ਦਾਖਲ ਕੀਤੀ ਗਈ ਅਰਜ਼ੀ 'ਤੇ ਅੱਜ ਸਰਕਾਰੀ ਧਿਰ ਵਲੋਂ ਪੰਜਾਬ ਦੇ ਪ੍ਰਾਸੀਕਿਊਸ਼ਨ ਵਿਭਾਗ ਦੇ ਡਾਇਰੈਕਟਰ ਵਿਜੇ ਸਿੰਗਲਾ ਤੇ ਜ਼ਿਲਾ ਅਟਾਰਨੀ ਰਵਿੰਦਰ ਕੁਮਾਰ ਅਬਰੋਲ ਨੇ ਆਪਣਾ ਜਵਾਬ ਦਾਖਲ ਕਰ ਦਿੱਤਾ ਹੈ।
ਮਾਮਲੇ ਦੀ ਸੁਣਵਾਈ ਸ਼ੁਰੂ ਹੁੰਦੇ ਹੀ ਜ਼ਿਲਾ ਅਟਾਰਨੀ ਅਦਾਲਤ 'ਚ ਪੇਸ਼ ਹੋਏ ਅਤੇ ਉਨ੍ਹਾਂ ਨੇ ਅਦਾਲਤ 'ਚ ਦਾਖਲ ਕੀਤੇ ਗਏ ਆਪਣੇ ਜਵਾਬ ਵਿਚ ਸਾਬਕਾ ਐੱਸ. ਐੱਸ. ਪੀ. ਵਲੋਂ ਲਾਏ ਗਏ ਸਾਰੇ ਦੋਸ਼ਾਂ ਨੂੰ ਝੂਠਾ ਦੱਸਿਆ। ਪ੍ਰਾਸੀਕਿਊਸ਼ਨ ਵਿਭਾਗ ਵਲੋਂ ਦਾਖਲ ਕੀਤੇ ਗਏ ਆਪਣੇ ਜਵਾਬ ਵਿਚ ਉਨ੍ਹਾਂ ਨੇ ਸਾਬਕਾ ਐੱਸ. ਐੱਸ. ਪੀ. ਵਲੋਂ ਦਾਇਰ ਕੀਤੀ ਗਈ ਅਰਜ਼ੀ ਦਾ ਕੋਈ ਮਹੱਤਵ ਨਾ ਦੱਸਦੇ ਹੋਏ ਕਿਹਾ ਕਿ ਸਿਟੀ ਸੈਂਟਰ ਮਾਮਲੇ 'ਚ ਵਿਜੀਲੈਂਸ ਪੁਲਸ ਵਲੋਂ ਦਾਖਲ ਕੀਤੀ ਗਈ ਕੈਂਸਲੇਸ਼ਨ ਰਿਪੋਰਟ 'ਚ ਪੂਰੀ ਤਰ੍ਹਾਂ ਸੱਚਾਈ ਅਦਾਲਤ ਦੇ ਸਾਹਮਣੇ ਰੱਖੀ ਗਈ ਹੈ ਅਤੇ ਕੁੱਝ ਵੀ ਛੁਪਾਇਆ ਨਹੀਂ ਗਿਆ। ਉਨ੍ਹਾਂ ਨੇ ਸਾਬਕਾ ਐੱਸ. ਐੱਸ. ਪੀ. ਦੇ ਲਾਏ ਗਏ ਦੋਸ਼ਾਂ ਨੂੰ ਬੇਬੁਨਿਆਦ ਦੱਸਦੇ ਹੋਏ ਕਿਹਾ ਕਿ ਸਾਬਕਾ ਐੱਸ. ਐੱਸ. ਪੀ. ਮੀਡੀਆ 'ਚ ਪਬਲੀਸਿਟੀ ਹਾਸਲ ਕਰਨ ਦੀ ਕੋਸ਼ਿਸ਼ ਕਰ ਰਹੇ ਹਨ। ਉਨ੍ਹਾਂ ਕਿਹਾ ਕਿ ਸਾਬਕਾ ਐੱਸ. ਐੱਸ. ਪੀ. ਅਦਾਲਤ ਵਿਚ ਦਾਖਲ ਕੀਤੀ ਗਈ ਅਰਜ਼ੀ 'ਚ ਝੂਠੇ ਦੋਸ਼ ਲਾ ਕੇ ਸਰਕਾਰੀ ਧਿਰ ਨੂੰ ਧਮਕਾਉਣ ਤੇ ਉਨ੍ਹਾਂ ਤੇ ਦਬਾਅ ਬਣਾਉਣ ਦੀ ਕੋਸ਼ਿਸ਼ ਕਰ ਰਹੇ ਹਨ। ਸਰਕਾਰੀ ਧਿਰ ਵਲੋਂ ਦਾਖਲ ਕੀਤੇ ਗਏ ਜਵਾਬ ਵਿਚ ਸਾਬਕਾ ਐੱਸ. ਐੱਸ. ਪੀ. ਸਿਆਸੀ ਮਿਲੀ-ਭੁਗਤ ਹੋਣ ਦਾ ਵੀ ਦੋਸ਼ ਲਾਇਆ ਗਿਆ ਹੈ ਅਤੇ ਕਿਹਾ ਗਿਆ ਹੈ ਕਿ ਸਾਬਕਾ ਐੱਸ. ਐੱਸ. ਪੀ. ਸੰਧੂ ਸਿਆਸੀ ਪ੍ਰਭਾਵ ਹੇਠਾਂ ਆ ਕੇ ਝੂਠੇ ਦੋਸ਼ ਲਾ ਰਹੇ ਹਨ। ਉਨ੍ਹਾਂ ਇਹ ਵੀ ਕਿਹਾ ਕਿ ਪਹਿਲਾਂ ਲੋਕ ਇਨਸਾਫ ਪਾਰਟੀ ਦੇ ਵਿਧਾਇਕ ਸਿਮਰਜੀਤ ਸਿੰਘ ਬੈਂਸ ਨੇ ਵੀ ਅਜਿਹੀ ਹੀ ਇਕ ਅਰਜ਼ੀ ਉਪਰੋਕਤ ਅਦਾਲਤ ਵਿਚ ਦਾਖਲ ਕੀਤੀ ਸੀ, ਜਿਸ ਨੂੰ ਅਦਾਲਤ ਨੇ ਪੂਰੀ ਬਹਿਸ ਸੁਣਨ ਦੇ ਬਾਅਦ ਕਾਨੂੰਨ ਮੁਤਾਬਕ 3 ਫਰਵਰੀ, 2018 ਨੂੰ ਰੱਦ ਕਰ ਦਿੱਤਾ ਸੀ। ਉਨ੍ਹਾਂ ਨੇ ਸਿਮਰਜੀਤ ਸਿੰਘ ਬੈਂਸ ਤੇ ਸਾਬਕਾ ਐੱਸ. ਐੱਸ. ਪੀ. ਦੀ ਆਪਸੀ ਮਿਲੀਭੁਗਤ ਦਾ ਵੀ ਦੋਸ਼ ਲਾਇਆ ਤੇ ਕਿਹਾ ਕਿ ਸਮੂਹ ਅਖਬਾਰਾਂ ਵਿਚ ਬੈਂਸ ਨੇ ਸੰਧੂ ਦਾ ਸਾਥ ਦੇਣ ਦੀ ਗੱਲ ਵੀ ਕਹੀ ਹੈ। ਇਸ ਮਾਮਲੇ ਦੀ ਅਗਲੀ ਸੁਣਵਾਈ ਹੁਣ 3 ਅਗਸਤ ਨੂੰ ਹੋਵੇਗੀ। ਜ਼ਿਲਾ ਅਤੇ ਸੈਸ਼ਨ ਜੱਜ ਗੁਰਬੀਰ ਸਿੰਘ ਨੇ ਸਾਬਕਾ ਐੱਸ. ਐੱਸ. ਪੀ. ਸੰਧੂ ਦੀ ਅਰਜ਼ੀ 'ਤੇ ਬਹਿਸ ਲਈ ਇਸ ਨੂੰ ਅਗਲੀ ਤਰੀਖ ਤਕ ਲਈ ਰੱਦ ਕਰ ਦਿੱਤਾ।


Related News