ਸਿਟੀ ਸੈਂਟਰ ਕੇਸ : ਮੁੱਖ ਮੰਤਰੀ ਕੈਪਟਨ ਤੇ ਹੋਰ ਦੋਸ਼ੀ ਅੱਜ ਹੋਣਗੇ ਅਦਾਲਤ ''ਚ ਪੇਸ਼
Wednesday, Nov 27, 2019 - 11:47 AM (IST)

ਲੁਧਿਆਣਾ (ਮਹਿਰਾ) : ਵਿਜੀਲੈਂਸ ਪੁਲਸ ਵੱਲੋਂ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਸਮੇਤ ਹੋਰਨਾਂ ਖਿਲਾਫ ਚੱਲ ਰਹੇ ਬਹੁ ਕਰੋੜੀ ਸਿਟੀ ਸੈਂਟਰ ਕੇਸ ਨੂੰ ਬੰਦ ਕਰਵਾਉਣ ਲਈ ਅਦਾਲਤ 'ਚ ਦਾਖਲ ਕੀਤੀ ਗਈ ਕਲੋਜ਼ਰ ਰਿਪੋਰਟ 'ਤੇ ਅਦਾਲਤ ਬੁੱਧਵਾਰ ਨੂੰ ਆਪਣਾ ਫੈਸਲਾ ਸੁਣਾ ਸਕਦੀ ਹੈ। ਜ਼ਿਲਾ ਅਤੇ ਸੈਸ਼ਨ ਜੱਜ ਗੁਰਬੀਰ ਸਿੰਘ ਦੀ ਅਦਾਲਤ 'ਚ ਚੱਲ ਰਹੇ ਇਸ ਕੇਸ 'ਚ ਸਰਕਾਰੀ ਅਤੇ ਦੋਸ਼ੀ ਧਿਰ ਵੱਲੋਂ ਆਪਣੀ-ਆਪਣੀ ਬਹਿਸ ਵੀ ਪੂਰੀ ਕੀਤੀ ਜਾ ਚੁੱਕੀ ਹੈ, ਜਿਸ ਤੋਂ ਬਾਅਦ ਅਦਾਲਤ ਨੇ ਕੇਸ ਨੂੰ 27 ਨਵੰਬਰ ਲਈ ਰੱਦ ਕਰ ਦਿੱਤਾ ਹੈ, ਜਦੋਂ ਕਿ ਸੁਣਵਾਈ ਦੌਰਾਨ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਅਤੇ ਸਿਟੀ ਸੈਂਟਰ ਕੇਸ 'ਚ ਨਾਮਜ਼ਦ ਹੋਰ ਦੋਸ਼ੀ ਵੀ ਅਦਾਲਤ 'ਚ ਪੇਸ਼ ਹੋਣਗੇ। ਬਾਅਦ ਦੁਪਹਿਰ ਹੋਣ ਵਾਲੀ ਸਿਟੀ ਸੈਂਟਰ ਕੇਸ ਦੀ ਸੁਣਵਾਈ ਤੋਂ ਬਾਅਦ ਅਦਾਲਤ ਆਪਣਾ ਫੈਸਲਾ ਵੀ ਸੁਣਾ ਸਕਦੀ ਹੈ, ਜੋ ਕੈਪਟਨ ਅਮਰਿੰਦਰ ਸਿੰਘ ਲਈ ਬੇਹੱਦ ਮਹੱਤਵਪੂਰਨ ਹੋਵੇਗਾ। ਕਰੀਬ 12 ਸਾਲ ਤੋਂ ਕੇਸ ਅਦਾਲਤ ਦੇ ਵਿਚਾਰ ਅਧੀਨ ਹੈ।