'ਸਿਟੀ ਬੱਸਾਂ' ਨੂੰ ਸੜਕਾਂ 'ਤੇ ਲਿਆਉਣ ਦੀ ਕਵਾਇਦ ਸ਼ੁਰੂ, ਮੀਟਿੰਗ 'ਚ ਹੋਵੇਗਾ ਫ਼ੈਸਲਾ
Monday, Feb 15, 2021 - 12:47 PM (IST)
ਲੁਧਿਆਣਾ (ਹਿਤੇਸ਼) : ਵਰਕਸ਼ਾਪ ’ਚ ਖੜ੍ਹੀਆਂ ਸਿਟੀ ਬੱਸਾਂ ਨੂੰ ਵਾਪਸ ਸੜਕਾਂ ’ਤੇ ਲਿਆਉਣ ਲਈ ਇਕ ਵਾਰ ਫਿਰ ਕਵਾਇਦ ਸ਼ੁਰੂ ਹੋ ਗਈ ਹੈ। ਇਸ ਦੇ ਤਹਿਤ ਕਮੇਟੀ ਦੀ ਰਿਪੋਰਟ ’ਤੇ ਚਰਚਾ ਕਰਨ ਲਈ ਨਗਰ ਨਿਗਮ ਕਮਿਸ਼ਨਰ ਪ੍ਰਦੀਪ ਸੱਭਰਵਾਲ ਵੱਲੋਂ ਬੁੱਧਵਾਰ ਨੂੰ ਮੀਟਿੰਗ ਬੁਲਾਈ ਗਈ ਹੈ। ਇੱਥੇ ਦੱਸਣਾ ਜ਼ਰੂਰੀ ਹੋਵੇਗਾ ਕਿ ਸਾਲ 2015 'ਚ ਸਿਟੀ ਬੱਸ ਸਰਵਿਸ ਦੇ ਸੰਚਾਲਨ ਦੀ ਜ਼ਿੰਮੇਵਾਰੀ ਲੈਣ ਵਾਲੀ ਕੰਪਨੀ ਨੇ ਵਰਕਸ਼ਾਪ ’ਚ ਖੜ੍ਹੀਆਂ ਬੱਸਾਂ ਦਾ ਕੰਟਰੋਲ ਨਹੀਂ ਲਿਆ ਸੀ।
ਉਸ ਤੋਂ ਬਾਅਦ ਇਨ੍ਹਾਂ ਬੱਸਾਂ ਨੂੰ ਵਾਪਸ ਸੜਕਾਂ ’ਤੇ ਲਿਆਉਣ ਲਈ ਮੀਟਿੰਗਾਂ 'ਚ ਚਰਚਾ ਤੋਂ ਜ਼ਿਆਦਾ ਕੁਝ ਨਹੀਂ ਹੋਇਆ। ਇਸ ਕਾਰਨ ਇਹ ਬੱਸਾਂ ਵਰਕਸ਼ਾਪ 'ਚ ਖੜ੍ਹੀਆਂ ਕੰਡਮ ਹੋ ਰਹੀਆਂ ਹਨ। ਇਸ ਦੇ ਮੱਦੇਨਜ਼ਰ ਨਗਰ ਨਿਗਮ ਵੱਲੋਂ ਰੋਡਵੇਜ਼ ਅਤੇ ਟਰਾਂਸਪੋਰਟ ਮਹਿਕਮੇ ਦੇ ਅਫ਼ਸਰਾਂ ਦੀ ਕਮੇਟੀ ਦਾ ਗਠਨ ਕਰਕੇ ਬੱਸਾਂ ਦੀ ਰਿਪੇਅਰ ਸਬੰਧੀ ਰਿਪੋਰਟ ਤਿਆਰ ਕਰਨ ਦੇ ਨਿਰਦੇਸ਼ ਦਿੱਤੇ ਗਏ। ਦੱਸਿਆ ਜਾਂਦਾ ਹੈ ਕਿ ਕਮੇਟੀ ਨੇ ਬੱਸਾਂ ਦੀ ਅੰਦਰੂਨੀ ਹਾਲਤ ਬਾਰੇ ਕੰਪਨੀ ਤੋਂ ਚੈਕਿੰਗ ਕਰਵਾਉਣ ਦੀ ਸਿਫਾਰਿਸ਼ ਕੀਤੀ ਹੈ, ਜਿਸ ਸਬੰਧੀ ਫ਼ੈਸਲਾ ਲੈਣ ਲਈ ਕਮਿਸ਼ਨਰ ਤੋਂ ਇਲਾਵਾ ਡੀ. ਸੀ. ਅਤੇ ਏ. ਸੀ. ਏ. ਗਲਾਡਾ ਦੀ ਮੌਜੂਦਗੀ 'ਚ ਹੋਣ ਵਾਲੀ ਬੋਰਡ ਆਫ ਡਾਇਰੈਕਟਰ ਦੀ ਮੀਟਿੰਗ ’ਚ ਪ੍ਰਸਤਾਵ ਪੇਸ਼ ਕੀਤਾ ਜਾਵੇਗਾ।