ਬਾਰਿਸ਼ ਨਾਲ ਸ਼ਹਿਰ ਹੋਇਆ ਜਲ-ਥਲ

Monday, Jul 23, 2018 - 08:21 AM (IST)

ਬਾਰਿਸ਼ ਨਾਲ ਸ਼ਹਿਰ ਹੋਇਆ ਜਲ-ਥਲ

 ਮੋਗਾ (ਗੋਪੀ ਰਾਉਕੇ) - ਮਾਨਸੂਨ ਸਾਵਨ ਦਾ ਨਾਮ ਸੁਣਦੇ ਹੀ ਲੋਕਾਂ ’ਚ ਖੁਸ਼ੀ ਦੀ ਲਹਿਰ ਦੌਡ਼ ਪੈਂਦੀ ਹੈ। ਮਾਨਸੂਨ ਦੀ ਬਾਰਿਸ਼ ਆਉਣ ਨਾਲ ਜਿਥੇ ਲੋਕਾਂ  ਨੂੰ ਗਰਮੀ ਤੋਂ ਰਾਹਤ ਮਿਲਦੀ ਹੈ, ਉਥੇ ਹੀ ਦੁੂਸਰੇ ਪਾਸੇ ਲੋਕ ਬਾਰਿਸ਼ ਦੀ ਬੇਸਬਰੀ ਨਾਲ ਉਡੀਕ ਕਰਦੇ ਹਨ। ਮੋਗਾ ਸ਼ਹਿਰ ’ਚ ਹੋਈ ਬਰਸਾਤ ਦੇ ਨਾਲ ਜਿਥੇ ਮੋਗਾ ਨਿਵਾਸੀਆਂ ਨੂੰ ਗਰਮੀ ਤੋਂ ਰਾਹਤ ਮਿਲੀ, ਉਥੇ ਹੀ ਲੋਕਾਂ ਨੇ ਇਸ ਪਈ ਬਾਰਿਸ਼ ਦਾ ਖੂਬ ਆਨੰਦ ਮਾਣਿਆ । ਪੂਰਾ ਦਿਨ ਅਸਮਾਨ ’ਚ ਬੱਦਲ ਛਾਏ ਰਹੇ, ਜਿਸ ਕਾਰਨ ਸਾਰਾ ਦਿਨ ਮੌਸਮ ਠੰਡਾ ਬਣਿਆ ਰਿਹਾ। ਜਿਸਦੇ ਚੱਲਦੇ ਮੌਸਮ ਦਾ ਤਾਪਮਾਨ ਜਿਥੇ 30-31 ਡਿਗਰੀ ਵਿਚਕਾਰ ਰਿਹਾ, ਉਥੇ ਨਮੀ ਦੀ ਮਾਤਰਾ 74 ਪ੍ਰਤੀਸ਼ਤ ਪਾਈ ਗਈ। ਬਾਰਿਸ਼ ਇਕ ਐੱਮ. ਐੱਮ. ਦੀ ਰਫਤਾਰ ਨਾਲ ਹੋਈ ਅਤੇ ਹਵਾ 17 ਕਿਲੋਮੀਟਰ ਪ੍ਰਤੀ ਘੰਟੇ ਦੀ ਰਫਤਾਰ ਨਾਲ ਚੱਲੀ।
 ਦੂਸਰੇ ਪਾਸੇ ਬਾਰਿਸ਼ ਦੇ ਆਉਣ  ਨਾਲ ਜ਼ਿਆਦਾਤਰ ਸਥਾਨਾਂ ’ਤੇ ਸਥਿਤੀ ਸਹੀ ਹੈ ਜਦਕਿ ਸ਼ਹਿਰ ਦੀ ਪੁਰਾਣੀ ਦਾਣਾ ਮੰਡੀ ’ਚ ਬਾਰਿਸ਼ ਦਾ ਪਾਣੀ ਖਡ਼ਾ ਹੋ ਜਾਣ ਕਾਰਨ ਸਬਜ਼ੀ ਵਿਕਰੇਤਾਵਾਂ ਦਾ ਕੰਮਕਾਜ ਠੱਪ ਹੋ ਕੇ ਰਹਿ ਗਿਆ। ਗੱਲਬਾਤ ਕਰਦਿਆਂ ਸਬਜ਼ੀ ਵਿਕਰੇਤਾ ਅਰਜਨ ਕੁਮਾਰ ਨੇ ਦੱਸਿਆ ਕਿ ਥੋਡ਼ੇ ਜਿਹੇ ਪਏ ਮੀਂਹ ਦੇ ਬਾਅਦ ਮੰਡੀ ਜਲ-ਥਲ ਹੋ ਗਈ, ਜਿਸ ਕਾਰਨ ਗ੍ਰਾਹਕਾਂ ਨੂੰ ਦੁਕਾਨਾਂ ਤੱਕ ਆਉਣ ’ਚ ਪ੍ਰੇਸ਼ਾਨੀਆਂ ਦਾ ਸਾਹਮਣਾ ਕਰਨਾ ਪਿਆ ਅਤੇ ਗ੍ਰਾਹਕ ਸਬਜ਼ੀ ਬਿਨਾਂ ਖਰੀਦੇ ਹੀ ਵਾਪਸ ਚਲੇ ਗਏ।


Related News