ਸ਼ਿਵਪੁਰੀ ਦੀ ਮੇਨ ਰੋਡ ''ਤੇ ਚੋਰਾਂ ਦਾ ਨਿਸ਼ਾਨਾ ਬਣੀ ਬੀੜੀਆਂ-ਸਿਗਰਟਾਂ ਦੀ ਦੁਕਾਨ

Monday, Jan 22, 2018 - 07:30 AM (IST)

ਸ਼ਿਵਪੁਰੀ ਦੀ ਮੇਨ ਰੋਡ ''ਤੇ ਚੋਰਾਂ ਦਾ ਨਿਸ਼ਾਨਾ ਬਣੀ ਬੀੜੀਆਂ-ਸਿਗਰਟਾਂ ਦੀ ਦੁਕਾਨ

ਲੁਧਿਆਣਾ, (ਮਹੇਸ਼)- ਸਲੇਮ ਟਾਬਰੀ ਦੇ ਸ਼ਿਵਪੁਰੀ ਇਲਾਕੇ ਵਿਚ ਚੋਰ ਸ਼ਨੀਵਾਰ ਰਾਤ ਨੂੰ ਬੀੜੀ-ਸਿਗਰਟ ਦੀ ਇਕ ਦੁਕਾਨ ਦਾ ਸ਼ਟਰ ਉਖਾੜ ਕੇ ਕਰੀਬ 1 ਲੱਖ ਰੁਪਏ ਦੀਆਂ ਬਰਾਂਡਿਡ ਸਿਗਰਟਾਂ, 20000 ਰੁਪਏ ਦੀ ਨਕਦੀ ਅਤੇ ਹੋਰ ਕੀਮਤੀ ਸਾਮਾਨ ਲੈ ਗਏ। ਐਤਵਾਰ ਸਵੇਰੇ ਦੁਕਾਨ ਦੇ ਮਾਲਕ ਨੂੰ ਇਸ ਦੀ ਜਾਣਕਾਰੀ ਮਿਲੀ। ਇਲਾਕਾ ਪੁਲਸ ਘਟਨਾ ਸਥਾਨ ਦੇ ਆਲੇ-ਦੁਆਲੇ ਲੱਗੇ ਸੀ. ਸੀ. ਟੀ. ਵੀ. ਕੈਮਰਿਆਂ ਦੀ ਫੁਟੇਜ ਦੀ ਛਾਣਬੀਣ ਕਰ ਰਹੀ ਹੈ।
ਚੋਰੀ ਦੀ ਵਾਰਦਾਤ ਸ਼ਿਵਪੁਰੀ ਦੀ ਮੇਨ ਰੇਡ 'ਤੇ ਵਾਪਰੀ, ਜਿੱਥੇ ਸੰਘਣੀ ਆਬਾਦੀ ਦੇ ਨਾਲ ਆਲੇ-ਦੁਆਲੇ ਕਈ ਰਾਸ਼ਟਰੀ ਤੇ ਬਹੁ-ਰਾਸ਼ਟਰੀ ਬੈਂਕਾਂ ਦੇ ਏ. ਟੀ. ਐੱਮ. ਬੂਥ ਹਨ। ਇਸ ਘਟਨਾ ਨੂੰ ਲੈ ਕੇ ਜਿੱਥੇ ਇਕ ਪਾਸੇ ਪੁਲਸ ਦੀ ਸੁਰੱਖਿਆ ਵਿਵਸਥਾ 'ਤੇ ਉਂਗਲੀਆਂ ਉੱਠ ਰਹੀਆਂ ਹਨ, ਉਥੇ ਦੂਜੇ ਪਾਸੇ ਇਲਾਕਾ ਨਿਵਾਸੀਆਂ 'ਚ ਰੋਸ ਪਾਇਆ ਜਾ ਰਿਹਾ ਹੈ।
ਸ਼ਿਵਪੁਰੀ ਇਲਾਕੇ ਦੇ ਹੀ ਰਹਿਣ ਵਾਲੇ ਦਿਨੇਸ਼ ਗੋਇਲ ਦੀ ਬਿੱਟੂ ਬੀੜੀ-ਸਿਗਰਟ ਦੀ ਦੁਕਾਨ ਹੈ। ਸ਼ਨੀਵਾਰ ਰਾਤ 9 ਵਜੇ ਦੇ ਬਾਅਦ ਉਹ ਦੁਕਾਨ ਬੰਦ ਕਰ ਕੇ ਘਰ ਚਲਾ ਗਿਆ ਸੀ। ਐਤਵਾਰ ਸਵੇਰੇ ਕਰੀਬ 5.30 ਵਜੇ ਉਸ ਨੂੰ ਇਕ ਜਾਣ-ਪਛਾਣ ਵਾਲੇ ਨੇ ਫੋਨ 'ਤੇ ਸੂਚਨਾ ਦਿੱਤੀ ਕਿ ਉਸ ਦੀ ਦੁਕਾਨ ਦਾ ਸ਼ਟਰ ਅੱਧਾ ਖੁੱਲ੍ਹਾ ਹੋਇਆ ਹੈ। ਦਿਨੇਸ਼ ਨੇ ਇਸ ਦੀ ਸੂਚਨਾ ਤੁਰੰਤ ਪੁਲਸ ਕੰਟਰੋਲ ਰੂਮ 'ਤੇ ਦਿੱਤੀ। ਪਹਿਲਾਂ ਪੀ. ਸੀ. ਆਰ. ਦਸਤਾ ਅਤੇ ਫਿਰ ਥਾਣੇ ਤੋਂ ਐੱਸ. ਆਈ. ਅਮਰੀਕ ਸਿੰਘ ਘਟਨਾ ਸਥਾਨ 'ਤੇ ਪਹੁੰਚੇ। ਦਿਨੇਸ਼ ਨੇ ਦੱਸਿਆ ਕਿ ਚੋਰ ਦੁਕਾਨ ਤੋਂ ਵੱਖ-ਵੱਖ ਬਰਾਂਡਿਡ ਸਿਗਰਟਾਂ ਦੇ ਪੈਕ ਡੱਬੇ, ਕੈਸ਼ ਕਾਉੂਂਟਰ ਵਿਚ ਪਈ ਨਕਦੀ ਤੇ ਹੋਰ ਕੀਮਤੀ ਸਾਮਾਨ ਚੋਰੀ ਕਰ ਕੇ ਲੈ ਗਏ। ਨਕਦੀ ਸਮੇਤ ਚੋਰੀ ਕੀਤੀ ਗਏ ਮਾਲ ਦੀ ਕੀਮਤ ਕਰੀਬ 1.25 ਲੱਖ ਰੁਪਏ ਹੈ। ਅਮਰੀਕ ਦਾ ਕਹਿਣਾ ਹੈ ਕਿ ਮਾਮਲੇ ਦੀ ਛਾਣਬੀਣ ਕੀਤੀ ਜਾ ਰਹੀ ਹੈ। ਦਿਨੇਸ਼ ਦੇ ਭਰਾ ਵਰਿੰਦਰ ਗੋਇਲ ਨੇ ਦੱਸਿਆ ਕਿ ਇਸ ਸਬੰਧੀ ਪੁਲਸ ਨੂੰ ਲਿਖਤੀ ਸ਼ਿਕਾਇਤ ਦੇ ਦਿੱਤੀ ਗਈ ਹੈ। ਦੁਕਾਨ ਨੇੜੇ ਲੱਗੇ ਕੈਮਰੇ ਦੀ ਫੁਟੇਜ ਚੈੱਕ ਕੀਤੀ ਗਈ ਪਰ ਉਸ ਵਿਚ ਕੁਝ ਨਹੀਂ ਮਿਲਿਆ। ਦੁਕਾਨ ਦੇ ਠੀਕ ਸਾਹਮਣੇ ਇਕ ਕੈਮਰਾ ਲੱਗਾ ਹੋਇਆ ਹੈ, ਜਿਸ ਦੀ ਫੁਟੇਜ ਸੋਮਵਾਰ ਨੂੰ ਚੈੱਕ ਕੀਤੀ ਜਾਵੇਗੀ, ਜਿਸ ਵਿਚ ਸੁਰਾਗ ਮਿਲਣ ਦੀ ਸੰਭਾਵਨਾ ਹੈ।


Related News