ਗੈਂਗਸਟਰਾਂ-ਅੱਤਵਾਦੀ ਘਟਨਾਵਾਂ ਨੂੰ ਲੈ ਕੇ ਭਾਜਪਾ ਆਗੂ ਚੁੱਘ ਦਾ ‘ਆਪ’ ਸਰਕਾਰ ’ਤੇ ਵੱਡਾ ਹਮਲਾ
Saturday, Dec 10, 2022 - 08:26 PM (IST)
ਚੰਡੀਗੜ੍ਹ (ਬਿਊਰੋ) : ਭਾਜਪਾ ਦੇ ਕੌਮੀ ਜਨਰਲ ਸਕੱਤਰ ਤਰੁਣ ਚੁੱਘ ਨੇ ਕਿਹਾ ਹੈ ਕਿ ਪਿਛਲੇ 8 ਮਹੀਨਿਆਂ ਤੋਂ ਪੰਜਾਬ 'ਚ ਦਹਿਸ਼ਤਗਰਦਾਂ ਅਤੇ ਗੈਂਗਸਟਰਾਂ ਨੇ ਸੂਬੇ ਦੇ ਲੋਕਾਂ ਅੰਦਰ ਅਜਿਹਾ ਮਾਹੌਲ ਪੈਦਾ ਕਰ ਦਿੱਤਾ ਹੈ, ਜਿਸ ਕਾਰਨ ਪੰਜਾਬੀਆਂ ਦੇ ਦਿਲਾਂ 'ਚ ਡਰ ਸਤਾਉਣ ਲੱਗਾ ਹੈ ਕਿ ਕਿਤੇ ਪੰਜਾਬ ਵਿੱਚ ਮੁੜ ਕਾਲੇ ਦਿਨ ਤਾਂ ਨਹੀਂ ਆ ਜਾਣਗੇ ਕਿਉਂਕਿ 'ਆਪ' ਸਰਕਾਰ ਸੂਬੇ 'ਚ ਕਾਨੂੰਨ ਵਿਵਸਥਾ ਬਣਾਈ ਰੱਖਣ 'ਚ ਪੂਰੀ ਤਰ੍ਹਾਂ ਫੇਲ੍ਹ ਹੋ ਚੁੱਕੀ ਹੈ। ਇਸ ਲਈ ਜਿੱਥੇ ਲੋਕਾਂ ਦਾ ਸਰਕਾਰ ਪ੍ਰਤੀ ਗੁੱਸਾ ਵੱਧਦਾ ਜਾ ਰਿਹਾ ਹੈ, ਉੱਥੇ ਹੀ ਸਰਕਾਰ ਵੱਲੋਂ ਲੋਕਾਂ ਦੀ ਸੁਰੱਖਿਆ ਪ੍ਰਤੀ ਵੀ ਢਿੱਲਮੱਠ ਵਾਲੀ ਨੀਤੀ ਅਪਣਾਈ ਜਾ ਰਹੀ ਹੈ | ਵਪਾਰੀਆਂ, ਉਦਯੋਗਪਤੀਆਂ ਸਮੇਤ ਹਰ ਵਰਗ ਅੰਦਰ ਡਰ ਅਤੇ ਬੇਭਰੋਸਗੀ ਦਾ ਮਾਹੌਲ ਪੈਦਾ ਹੋ ਗਿਆ ਹੈ। ਮੁੱਖ ਮੰਤਰੀ ਭਗਵੰਤ ਮਾਨ ਵਿਦੇਸ਼ੀ ਨਿਵੇਸ਼ਕਾਂ ਨਾਲ ਸੂਬੇ ਵਿੱਚ ਉਦਯੋਗ ਲਗਾਉਣ ਦੇ ਵੱਡੇ-ਵੱਡੇ ਵਾਅਦੇ ਕਰ ਰਹੇ ਹਨ, ਜਦੋਂ ਤੱਕ ਪੰਜਾਬ ਵਿੱਚ ਅਮਨ-ਕਾਨੂੰਨ ਦੀ ਸਥਿਤੀ ਠੀਕ ਨਹੀਂ ਹੋਵੇਗੀ, ਵਪਾਰ ਅਤੇ ਉਦਯੋਗ ਦੀ ਕਮਰ ਟੁੱਟ ਜਾਵੇਗੀ, ਜਿਸ ਕਾਰਨ ਸੂਬੇ ਵਿੱਚ ਬੇਰੁਜ਼ਗਾਰੀ ਵਧੇਗੀ।
ਇਹ ਵੀ ਪੜ੍ਹੋ : ਸ਼ੁਰੂਆਤੀ ਪੜਾਅ ’ਚ ਪਤਾ ਲੱਗਣ ’ਤੇ ਕਈ ਤਰ੍ਹਾਂ ਦਾ ਕੈਂਸਰ 100 ਫ਼ੀਸਦੀ ਇਲਾਜਯੋਗ : MP ਸੰਜੀਵ ਅਰੋੜਾ
ਤਰਨਤਾਰਨ 'ਚ ਇਕ ਪੁਲਸ ਚੌਕੀ 'ਤੇ ਹੋਏ ਅੱਤਵਾਦੀ ਹਮਲੇ ਅਤੇ ਇਕ ਵਪਾਰੀ ਤੇ ਉਸ ਦੇ ਪੁਲਸ ਗਾਰਡ ਦੀ ਲੜੀਵਾਰ ਹੱਤਿਆ ਦਾ ਸਖ਼ਤ ਨੋਟਿਸ ਲੈਂਦਿਆਂ ਚੁੱਘ ਨੇ ਕਿਹਾ ਕਿ ਮੁੱਖ ਮੰਤਰੀ ਭਗਵੰਤ ਮਾਨ ਨੂੰ ਆਪਣੀ ਸੈਰ-ਸਪਾਟੇ ਦੀ ਰਾਜਨੀਤੀ ਬੰਦ ਕਰਨੀ ਚਾਹੀਦੀ ਹੈ ਅਤੇ ਪੰਜਾਬ ਨੂੰ ਲਾਵਾਰਿਸ ਛੱਡਣ ਲਈ ਸੂਬੇ ਦੇ ਲੋਕਾਂ ਤੋਂ ਮੁਆਫ਼ੀ ਮੰਗਣੀ ਚਾਹੀਦੀ ਹੈ। ਸੂਬਾ ਸਰਕਾਰ ਆਪਣੀ ਸਿਆਸੀ ਅਤੇ ਕਾਨੂੰਨੀ ਜ਼ਿੰਮੇਵਾਰੀ ਨਿਭਾਉਣ ਵਿੱਚ ਨਾਕਾਮ ਰਹੀ ਹੈ। ਚੁੱਘ ਨੇ ਸਰਹੱਦੀ ਸੂਬੇ ਵਿੱਚ ਅਮਨ-ਕਾਨੂੰਨ ਨੂੰ ਕਾਬੂ ਕਰਨ ਵਿੱਚ ਅਸਮਰੱਥ ਹੋਣ ਕਾਰਨ ਮੁੱਖ ਮੰਤਰੀ ਦੇ ਅਸਤੀਫ਼ੇ ਦੀ ਮੰਗ ਕੀਤੀ। ਉਨ੍ਹਾਂ ਕਿਹਾ ਕਿ ਮੋਹਾਲੀ ਵਿੱਚ ਖੁਫ਼ੀਆ ਹੈੱਡਕੁਆਰਟਰ ਅਤੇ ਤਰਨਤਾਰਨ 'ਚ ਪੁਲਸ ਸਟੇਸ਼ਨ ’ਤੇ ਮਿਜ਼ਾਈਲਾਂ ਦਾਗ਼ ਕੇ ਪੁਲਸ ’ਤੇ ਹੋਏ ਅੱਤਵਾਦੀ ਹਮਲੇ ਨੇ ਲੋਕਾਂ ਲਈ ਚਿੰਤਾਜਨਕ ਸੰਕੇਤ ਦਿੱਤੇ ਹਨ। ਉਨ੍ਹਾਂ ਕਿਹਾ ਕਿ ਸੂਬੇ ਵਿੱਚ 200 ਤੋਂ ਵੱਧ ਲੋਕਾਂ ਨੂੰ ਗੈਂਗਸਟਰਾਂ ਵੱਲੋਂ ਧਮਕੀ ਭਰੇ ਫੋਨ ਆ ਚੁੱਕੇ ਹਨ। ਪੰਜਾਬ ਦੇ ਲੋਕਾਂ 'ਚ ਭਾਰੀ ਸਹਿਮ ਤੇ ਡਰ ਦਾ ਮਾਹੌਲ ਹੈ। ਸਾਰੇ ਵਰਗ ਅੱਤਵਾਦੀਆਂ ਅਤੇ ਗੈਂਗਸਟਰਾਂ ਦੀ ਦਹਿਸ਼ਤ ਵਿੱਚ ਜੀਅ ਰਹੇ ਹਨ।
ਇਹ ਵੀ ਪੜ੍ਹੋ : ਚੁੱਘ ਨੇ ਵਿੰਨ੍ਹਿਆ ਨਿਸ਼ਾਨਾ, ਕਿਹਾ- ਪੰਜਾਬ ’ਚ ਅਮਨ-ਕਾਨੂੰਨ ਦੀ ਹਾਲਤ ਖਸਤਾ, ਸਿਆਸੀ ਸੈਰ-ਸਪਾਟੇ ’ਚ ਰੁੱਝੇ CM ਮਾਨ
ਨੋਟ - ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿੱਚ ਜ਼ਰੂਰ ਸਾਂਝੇ ਕਰੋ।