ਚੰਡੀਗੜ੍ਹ : ''ਰੋਜ਼ ਫੈਸਟੀਵਲ'' 23 ਤੋਂ ਸ਼ੁਰੂ, ਚੌਪਰ ਰਾਈਡ ਦੁਆਵੇਗੀ ਮਜ਼ੇ

Tuesday, Feb 06, 2018 - 02:37 PM (IST)

ਚੰਡੀਗੜ੍ਹ : ''ਰੋਜ਼ ਫੈਸਟੀਵਲ'' 23 ਤੋਂ ਸ਼ੁਰੂ, ਚੌਪਰ ਰਾਈਡ ਦੁਆਵੇਗੀ ਮਜ਼ੇ

ਚੰਡੀਗੜ੍ਹ (ਰਾਏ) : ਚੰਡੀਗੜ੍ਹ 'ਚ ਆਉਂਦੀ 23 ਫਰਵਰੀ ਤੋਂ ਆਯੋਜਿਤ ਹੋਣ ਵਾਲੇ ਰੋਜ਼ ਫੈਸਟ 'ਚ ਇਸ ਵਾਰ ਮੁੜ ਸ਼ਹਿਰ ਦੇ ਲੋਕਾਂ ਨੂੰ ਚੌਪਰ ਰਾਈਡ ਦਾ ਮਜ਼ਾ ਮਾਣਨ ਨੂੰ ਮਿਲੇਗਾ। ਬੀਤੇ ਵਰ੍ਹੇ ਇਸ ਮੇਲੇ ਦੌਰਾਨ ਨਿਗਮ ਨੇ ਪਹਿਲੀ ਵਾਰ ਚੌਪਰ ਰਾਈਡ ਦੀ ਵਰਤੋਂ ਕੀਤੀ ਸੀ ਤੇ ਸ਼ੁਰੂਆਤੀ ਵਿਵਾਦਾਂ ਤੋਂ ਬਾਅਦ ਇਹ ਪ੍ਰਯੋਗ ਸਫਲ ਰਿਹਾ ਸੀ। ਇਸ ਵਾਰ ਮੁੜ ਨਿਗਮ ਚੌਪਰ ਰਾਈਡ ਨੂੰ ਮੇਲੇ ਦਾ ਮੁੱਖ ਆਕਰਸ਼ਣ ਬਣਾਏਗਾ। 23 ਤੋਂ 25 ਫਰਵਰੀ ਤਕ ਚੱਲਣ ਵਾਲੇ ਇਸ ਸਮਾਰੋਹ 'ਚ ਉਕਤ ਸੁਵਿਧਾ ਮੁਹੱਈਆ ਕਰਵਾਉਣ ਲਈ ਜ਼ਿਲਾ ਮੈਜਿਸਟ੍ਰੇਟ ਦਫਤਰ ਤੋਂ 112 ਕੰਪਨੀਆਂ ਨੂੰ ਪੱਤਰ ਭੇਜਿਆ ਗਿਆ ਤੇ ਉਨ੍ਹਾਂ ਤੋਂ ਡਿਟੇਲ ਮੰਗੀ ਗਈ ਹੈ। ਇਸ ਸਬੰਧੀ ਸਬੰਧਤ ਅਧਿਕਾਰੀ ਦਾ ਕਹਿਣਾ ਹੈ ਕਿ ਪਹਿਲਾਂ ਕੰਪਨੀ ਦੀ ਚੋਣ ਹੋਵੇਗੀ, ਇਸ ਤੋਂ ਬਾਅਦ ਹੀ ਰਾਈਡ ਦੀਆਂ ਦਰਾਂ ਤੈਅ ਹੋਣਗੀਆਂ। ਉਨ੍ਹਾਂ ਦਾ ਕਹਿਣਾ ਸੀ ਕਿ ਲੋਕਾਂ ਦੀ ਸੁਰੱਖਿਆ ਸਭ ਤੋਂ ਅਹਿਮ ਹੈ। ਇਸ ਲਈ ਉਸ ਪਹਿਲੂ 'ਤੇ ਕੋਈ ਸਮਝੌਤਾ ਨਹੀਂ ਹੋਵੇਗਾ। ਅਧਿਕਾਰੀ ਦਾ ਕਹਿਣਾ ਹੈ ਕਿ ਬੀਤੇ ਵਰ੍ਹੇ ਵਾਂਗ ਇਸ ਸਾਲ ਵੀ ਇਹ ਸਵਾਰੀ ਸੈਕਟਰ-17 ਦੀ ਪਰੇਡ ਗਰਾਊਂਡ ਤੋਂ ਸ਼ੁਰੂ ਕਰਨ ਦੀ ਯੋਜਨਾ ਹੈ।
ਇਸ ਵਾਰ ਰੋਜ਼ ਫੈਸਟ 'ਚ ਖਰਚ ਹੋਣਗੇ 55.67 ਲੱਖ
ਮਿਲੀ ਜਾਣਕਾਰੀ ਮੁਤਾਬਕ 3 ਰੋਜ਼ਾ ਰੋਜ਼ ਫੈਸਟੀਵਲ ਲਈ ਇਸ ਵਾਰ 55.67 ਲੱਖ ਰੁਪਏ ਦੀ ਵਿਵਸਥਾ ਕੀਤੀ ਗਈ ਹੈ। ਪਿਛਲੇ ਸਾਲ 49 ਲੱਖ ਰੁਪਏ ਖਰਚ ਕੀਤੇ ਗਏ ਸਨ। ਇਸ ਦੌਰਾਨ ਹਮੇਸ਼ਾ ਵਾਂਗ ਵੱਖ-ਵੱਖ ਮੁਕਾਬਲਿਆਂ ਅਤੇ ਸੰਗੀਤ ਪ੍ਰੋਗਰਾਮਾਂ ਦਾ ਵੀ ਆਯੋਜਨ ਹੋਵੇਗਾ। ਨਿਗਮ ਦੇ ਬਾਗਵਾਨੀ ਵਿਭਾਗ ਦੇ ਅਧਿਕਾਰੀ ਦਾ ਕਹਿਣਾ ਹੈ ਕਿ ਰੋਜ਼ ਗਾਰਡਨ 40 ਏਕੜ 'ਚ ਫੈਲਿਆ ਹੈ ਤੇ ਉਸ 'ਚ 829 ਕਿਸਮਾਂ ਦੇ ਗੁਲਾਬ ਹਨ। ਲਗਭਗ 1,400 ਫੁੱਲਾਂ ਦੇ ਬਿਸਤਰ ਅਤੇ ਲਗਭਗ 40,000 ਪੌਦੇ ਹਨ। ਉਨ੍ਹਾਂ ਦਾ ਕਹਿਣਾ ਹੈ ਕਿ ਰੋਜ਼ ਫੈਸਟੀਵਲ ਦੌਰਾਨ ਗੁਲਾਬ ਪੂਰੀ ਤਰ੍ਹਾਂ ਖਿੜੇ ਹੁੰਦੇ ਹਨ।


Related News