ਮਨੁੱਖੀ ਸਰੀਰ ਅਤੇ ਪਸ਼ੂ ਪੰਛੀਆਂ ਲਈ ਖ਼ਤਰਾ ਬਣੀ ‘ਚਾਈਨਾ ਡੋਰ’

Friday, Jan 19, 2024 - 12:49 PM (IST)

ਮਨੁੱਖੀ ਸਰੀਰ ਅਤੇ ਪਸ਼ੂ ਪੰਛੀਆਂ ਲਈ ਖ਼ਤਰਾ ਬਣੀ ‘ਚਾਈਨਾ ਡੋਰ’

ਮੋਗਾ (ਗੋਪੀ ਰਾਊਕੇ) - ਪੰਜਾਬ ਵਿਚ ਹਰ ਵਰ੍ਹੇ ਨਵਾਂ ਸਾਲ ਸ਼ੁਰੂ ਹੁੰਦਿਆਂ ਹੀ ਜਨਵਰੀ ਅਤੇ ਫਰਵਰੀ ਦੇ ਮਹੀਨੇ ਪਤੰਗਬਾਜ਼ੀ ਦੇ ਸ਼ੌਕੀਨਾਂ ਨੂੰ ਉਦੋਂ ਚਾਅ ਚੜ੍ਹ ਜਾਂਦਾ ਹੈ, ਜਦੋਂ ਅਸਮਾਨ ਵਿਚ ਰੰਗ-ਬਿਰੰਗੀਆਂ ਪਤੰਗਾਂ ਉਡਣ ਲੱਗਦੀਆਂ ਹਨ। ਪਹਿਲਾਂ-ਪਹਿਲ ਤਾਂ ਲੋਕ ਬਾਜ਼ਾਰਾਂ ਵਿਚੋਂ ਜਾਂ ਘਰਾਂ ਵਿਚ ਤਿਆਰ ਕਰਨ ਵਾਲੇ ਸੂਤੀ ਧਾਗਿਆਂ ਨੂੰ ਹੀ ਪਤੰਗਾਂ ਨੂੰ ਅਸਮਾਨ ਵਿਚ ਚਾੜ੍ਹਨ ਲਈ ਵਰਤਦੇ ਸਨ ਪਰ ਹੌਲੀ-ਹੌਲੀ ਇਨ੍ਹਾਂ ਧਾਗਿਆਂ ਦੀ ਥਾਂ ਰੰਗ-ਬਿਰੰਗੀਆਂ ਡੋਰਾਂ ਨੇ ਲੈ ਲਈ ਅਤੇ ਹੁਣ ਪਿਛਲੇ ਇਕ ਦਹਾਕੇ ਤੋਂ ਸ਼ੁਰੂ ਹੋਈ ਸਿੰਥੈਟਿੰਕ ਧਾਗੇ ਤੋਂ ਬਣੀ ਚਾਈਨਾ ਡੋਰ ਨੇ ਇਸ ਦੀ ਥਾਂ ਲੈ ਲਈ।

ਪਤੰਗਬਾਜ਼ੀ ਦੇ ਸ਼ੌਕੀਨਾਂ ਨੇ ਤਾਂ ਇਸ ਦੀ ਵਰਤੋਂ ਬੜੇ ਚਾਈਂ-ਚਾਈਂ ਇਸ ਦੇ ਧਾਗੇ ਪੱਕੇ ਹੋਣ ਕਰ ਕੇ ਕਰਨੀ ਸ਼ੁਰੂ ਕੀਤੀ ਪਰ ਹੌਲੀ-ਹੌਲੀ ਇਹ ਚਾਈਨਾ ਡੋਰ ਮਨੁੱਖੀ ਅਤੇ ਪੰਛੀਆਂ ਦੇ ਜੀਵਨ ਲਈ ਅਜਿਹਾ ਖ਼ਤਰਾ ਬਣੀ ਕੇ ਅੱਜ-ਕੱਲ ਚਾਈਨਾ ਡੋਰ ਦੀ ਵਿਕਰੀ ਨੂੰ ਰੋਕਣਾ ਸਰਕਾਰਾਂ ਅਤੇ ਪ੍ਰਸ਼ਾਸਨ ਲਈ ਵੱਡੀ ਚੁਣੌਤੀ ਬਣ ਗਿਆ ਹੈ। ਭਾਵੇਂ ਸਾਡੇ ਮਨਾਂ ਅੰਦਰ ਇਸ ਦਾ ਨਾਂ ਸੁਣਦੇ ਇਹ ਆਉਂਦਾ ਹੈ ਕਿ ਇਸ ਦਾ ਉਤਪਾਦਨ ਚਾਈਨਾ ਵਿਚ ਹੁੰਦਾ ਹੋਵੇਗਾ ਪਰ ਅਸਲੀਅਤ ਇਹ ਹੈ ਕਿ ਇਸ ਦਾ ਮਜ਼ਬੂਤ ਧਾਗਾ ਚੀਨ ਨਹੀਂ ਸਗੋਂ ਸਾਡੇ ਦੇਸ਼ ਵਿਚ ਹੀ ਵੱਡੇ ਪੱਧਰ ’ਤੇ ਬਣਦਾ ਹੈ ਅਤੇ ਫ਼ਿਰ ਇਸ ਦੀ ਵਿਕਰੀ ਹੁੰਦੀ ਹੈ। ਚਾਈਨਾ ਡੋਰ ਦਾ ਧਾਗਾ ਸੂਤੀ ਨਹੀਂ ਇਹ ਸਿਥੈਟਿੰਕ (ਪਲਾਸਟਿਕ ਅਤੇ ਕੁਝ ਹੋਰ ਪਦਾਰਥਾਂ) ਤੋਂ ਬਣਦਾ ਹੈ। ਇਹ ਸਾਹਮਣੇ ਆ ਰਿਹਾ ਹੈ ਕਿ ਇਹ ਡੋਰ ਉਤਰ ਪ੍ਰਦੇਸ਼ ਅਤੇ ਮੱਧ ਪ੍ਰਦੇਸ਼ ਦੇ ਹੀ ਕੁਝ ਹਿੱਸਿਆਂ ਵਿਚ ਤਿਆਰ ਹੁੰਦੀ ਹੈ ਅਤੇ ਫਿਰ ਇਸ ਨੂੰ ਡੀਲਰਾਂ ਦੀ ਮਦਦ ਨਾਲ ਦੇਸ਼ ਦੇ ਕੋਨੇ-ਕੋਨੇ ਵਿਚ ਵਿਕਰੀ ਲਈ ਭੇਜਿਆ ਜਾਂਦਾ ਹੈ।

ਇਹ ਵੀ ਪੜ੍ਹੋ : ਚੋਰਾਂ ਨੇ ਸੁਨਿਆਰੇ ਦੀ ਦੁਕਾਨ ਨੂੰ ਬਣਾਇਆ ਨਿਸ਼ਾਨਾ, ਲੱਖਾਂ ਰੁਪਏ ਦੇ ਗਹਿਣੇ ਲੈ ਕੇ ਹੋਏ ਫਰਾਰ

ਚਾਈਨਾ ਡੋਰ ਦੇ ਨਾਂ ਵਾਲੀਆਂ ਕਈ ਹੋਰ ਡੋਰਾਂ ਨੂੰ ‘ਮੋਨੋਫਿਲਾਮੈਂਟ’ ਤੋਂ ਤਿਆਰ ਕੀਤਾ ਜਾਂਦਾ ਹੈ ਅਸਲ ਵਿਚ ਇਸ ਧਾਗੇ ਦੀ ਵਰਤੋਂ ਮੱਛੀਆਂ ਫੜ੍ਹਨ ਲਈ ਹੁੰਦੀ ਹੈ। ਇਹ ਧਾਗਾ ਸੌਖਿਆ ਟੁੱਟਦਾ ਨਹੀਂ, ਪਰ ਪਤੰਗਬਾਜ਼ੀ ਲਈ ਇਸ ਦੀ ਵਰਤੋਂ ਤੋਂ ਪਹਿਲਾ ਇਸ ’ਤੇ ਕੱਚ ਦੀ ਪਰਤ ਚਾੜ੍ਹ ਦਿੱਤੀ ਜਾਂਦੀ ਹੈ। ਮੋਗਾ ਵਿਖੇ ਚਾਈਨਾ ਡੋਰ ਵਿਰੁੱਧ ਲੰਮੀ ਲੜ੍ਹਾਈ ਸ਼ੁਰੂ ਕਰਨ ਵਾਲੇ ਸਮਾਜ ਸੇਵੀ ਰਾਕੇਸ਼ ਸਿਤਰਾ ਨੇ ਇਸ ਵਾਰ ਫਿਰ ਚਾਈਨਾ ਡੋਰ ਵਿਰੁੱਧ ਲੋਕ ਲਹਿਰ ਖੜ੍ਹੀ ਕਰਨ ਲਈ ਝੰਡਾ ਚੁੱਕਿਆ ਹੈ। ਸ਼ਹਿਰ ਨਿਵਾਸੀਆਂ ਨੂੰ ਯੂਥ ਅਰੋੜਾ ਮਹਾਸਭਾ ਦੇ ਆਗੂ ਸੰਜੀਵ ਨਰੂਲਾ ਅਤੇ ਹੋਰਨਾਂ ਨਾਲ ਮਿਲ ਕੇ ਇਸ ਡੋਰ ਦੇ ਮਾੜੇ ਪ੍ਰਭਾਵਾਂ ਤੋਂ ਜਾਣੂੰ ਕਰਵਾ ਕੇ ਸਿਤਾਰਾ ਨੇ ਇਸ ਡੋਰ ਦੇ ਬਾਈਕਾਟ ਦਾ ਸੱਦਾ ਦਿੱਤਾ ਹੈ। 

ਐੱਨ. ਜੀ. ਟੀ. ਵੱਲੋਂ ਜਾਰੀ ਕੀਤੇ ਹੁਕਮਾਂ ਦੀ ਹੋਵੇ ਸਖ਼ਤੀ ਨਾਲ ਪਾਲਣਾ: ਅਮਿਤ ਪਲਤਾ
ਗੋਲਡਨ ਐਜੂਕੇਸ਼ਨ ਮੋਗਾ ਦੇ ਡਾਇਰੈਕਟਰ ਅਮਿਤ ਪਲਤਾ ਦਾ ਕਹਿਣਾ ਸੀ ਕਿ ਐੱਨ. ਜੀ. ਟੀ. ਵੱਲੋਂ 2016 ਵਿਚ ਜਦੋਂ ਪੰਜਾਬ, ਮਹਾਰਾਸ਼ਟਰ, ਗੁਜਰਾਤ ਅਤੇ ਹਰਿਆਣਾ ਸਮੇਤ ਕੁਝ ਹੋਰ ਰਾਜਾਂ ਵਿਚ ਮਨੁੱਖੀ ਅਤੇ ਪੰਛੀਆਂ ਲਈ ਇਸ ਡੋਰ ਦਾ ਖ਼ਤਰਾ ਵਧਿਆ ਤਾਂ ਇਸ ਦੇ ਵੇਚਣ ਅਤੇ ਵਰਤੋਂ ਕਰਨ 'ਤੇ ਪੂਰਨ ਤੌਰ ’ਤੇ ਪਾਬੰਦੀ ਲਗਾਈ, ਪਰੰਤੂ ਇਸ ਦੇ ਹੁਕਮਾਂ ਦੀ ਸਖ਼ਤੀ ਨਾਲ ਪਾਲਣਾ ਨਾ ਹੋਣ ਕਰਕੇ ਇਸ ਡੋਰ ਦੀ ਵਿਕਰੀ ਅਤੇ ਵਰਤੋਂ ਵੱਧਦੀ ਗਈ। ਭਾਵੇਂ ਪ੍ਰਸ਼ਾਸਨ ਵੱਲੋਂ ਮੋਗਾ ਵਿਚ ਸ਼ਖਤੀ ਕੀਤੀ ਹੈ ਪਰ ਇਸ ਤੋਂ ਹੋਰ ਵਧੇਰੇ ਸਖ਼ਤੀ ਦੀ ਲੋੜ ਹੈ।

ਇਕੱਲੇ ਦੁਕਾਨਦਾਰਾਂ ਦੇ ਨਾਲ-ਨਾਲ ਵਰਤੋਂ ਕਰਨ ਵਾਲਿਆਂ ’ਤੇ ਵੀ ਹੋਵੇ ਕਾਰਵਾਈ: ਐਡਵੋਕੇਟ ਰਾਜਪਾਲ ਸ਼ਰਮਾ
ਜ਼ਿਲਾ ਬਾਰ ਐਸੋਸੀਏਸ਼ਨ ਮੋਗਾ ਦੇ ਸਾਬਕਾ ਪ੍ਰਧਾਨ ਅਤੇ ਪ੍ਰਸਿੱਧ ਵਕੀਲ ਰਾਜਪਾਲ ਸ਼ਰਮਾ ਦਾ ਕਹਿਣਾ ਸੀ ਕਿ ਇਕੱਲੇ ਦੁਕਾਨਦਾਰਾਂ ’ਤੇ ਹੀ ਕਾਰਵਾਈ ਹੋ ਰਹੀ ਹੈ ਪਰ ਇਸ ਦੇ ਨਾਲ ਵਰਤੋਂ ਕਰਨ ਵਾਲਿਆਂ ’ਤੇ ਵੀ ਪ੍ਰਸ਼ਾਸਨ ਚੈਕਿੰਗ ਕਰਕੇ ਸਖਤੀ ਕਰੇ ਤਾਂ ਜੋ ਕੋਈ ਖਰੀਦਣ ਦੀ ਜ਼ੁਰਅਤ ਹੀ ਨਾ ਕਰੇ। ਉਨ੍ਹਾਂ ਕਿਹਾ ਕਿ ਮੋਗਾ ਸ਼ਹਿਰ ਵਿਚ ਤਾਂ ਸਖ਼ਤੀ ਦਾ ਅਸਰ ਹੈ ਪਰ ਬਾਹਰੀ ਖ਼ੇਤਰਾਂ ਦੀਆਂ ਦੁਕਾਨਾਂ ’ਤੇ ਹਾਲੇ ਵੀ ਚੋਰ ਮੋਰੀਆਂ ਰਾਹੀਂ ਚਾਈਨਾ ਡੋਰ ਦੀ ਵਿਕਰੀ ਹੋ ਰਹੀ ਹੈ, ਜਿਸ ਨੂੰ ਰੋਕਣ ਦੀ ਲੋੜ ਹੈ।

ਚਾਈਨਾ ਡੋਰ ਦੀਆਂ ਘਟਨਾਵਾਂ ਕਰ ਕੇ ਲੋਕਾਂ ਵਿਚ ਸਹਿਮ ਦਾ ਮਾਹੌਲ : ਦੀਪਕ ਮਨਚੰਦਾ
ਇਸੇ ਦੌਰਾਨ ਹੀ ਗੋ ਗਲੋਬਲ ਮੋਗਾ ਦੇ ਡਾਇਰੈਕਟਰ ਦੀਪਕ ਮਨਚੰਦਾ ਦਾ ਕਹਿਣਾ ਸੀ ਕਿ ਚਾਈਨਾ ਡੋਰ ਦੀਆਂ ਘਟਨਾਵਾਂ ਕਰ ਕੇ ਲੋਕਾਂ ਵਿਚ ਸਹਿਮ ਹੈ। ਉਨ੍ਹਾਂ ਕਿਹਾ ਕਿ ਮਾਪਿਆਂ ਨੂੰ ਆਪਣੇ ਬੱਚਿਆਂ ਨੂੰ ਦੋਪਹੀਆਂ ਵਾਹਨਾਂ ਦੇ ਅੱਗੇ ਵੀ ਇੰਨ੍ਹੀ ਦਿਨੀਂ ਬਿਠਾਉਣਾ ਨਹੀਂ ਚਾਹੀਦਾ। ਉਨ੍ਹਾਂ ਕਿਹਾ ਕਿ ਭਾਵੇਂ ਪ੍ਰਸ਼ਾਸਨ ਵੱਲੋਂ ਸ਼ਲਾਘਾਯੋਗ ਕਾਰਵਾਈ ਕੀਤੀ ਜਾ ਰਹੀ ਹੈ, ਪਰ ਸਾਨੂੰ ਵੀ ਇਹ ਪ੍ਰਣ ਕਰਨਾ ਚਾਹੀਦਾ ਹੈ ਕਿ ਚਾਈਨਾ ਡੋਰ ਦਾ ਅਸੀਂ ਵੀ ਬਾਈਕਾਟ ਕਰੀਏ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=88

ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ। 


author

Anuradha

Content Editor

Related News