ਚਾਈਨਾ ਡੋਰ ਦੇ ਕਾਰੋਬਾਰੀਆਂ ਦੀਆਂ ਗਤੀਵਿਧੀਆਂ ਹੋਈਆਂ ਤੇਜ਼
Thursday, Jan 18, 2018 - 10:58 AM (IST)

ਸੁਨਾਮ ਊਧਮ ਸਿੰਘ ਵਾਲਾ (ਬਾਂਸਲ) - ਬਸੰਤ ਦਾ ਤਿਉਹਾਰ ਨਜ਼ਦੀਕ ਆਉਂਦੇ ਹੀ ਚਾਈਨਾ ਡੋਰ ਦੇ ਕਾਰੋਬਾਰੀਆਂ ਦੀਆਂ ਗਤੀਵਿਧੀਆਂ ਤੇਜ਼ ਹੋ ਗਈਆਂ ਹਨ। ਪਾਬੰਦੀਸ਼ੁਦਾ ਚਾਈਨਾ ਡੋਰ ਦੀ ਛਾਪੇਮਾਰੀ ਲਈ ਪੁਲਸ ਪ੍ਰਸ਼ਾਸਨ ਨੇ ਵੀ ਕਮਰ ਕੱਸ ਲਈ ਹੈ, ਉਥੇ ਹੀ ਵਪਾਰਕ ਤੇ ਸਮਾਜਿਕ ਸੰਗਠਨਾਂ ਦੇ ਪ੍ਰਤੀਨਿਧੀ ਵੀ ਨੌਜਵਾਨਾਂ ਨੂੰ ਚਾਈਨਾ ਡੋਰ ਦਾ ਪ੍ਰਯੋਗ ਕਰਨ ਨਾ ਕਰਨ ਲਈ ਜਾਗਰੂਕ ਕਰਨ 'ਚ ਜੁਟ ਗਏ ਹਨ। ਪ੍ਰਤੀਨਿਧੀਆਂ ਨੇ ਨੌਜਵਾਨਾਂ ਨੂੰ ਜਾਣੂ ਕਰਵਾਇਆ ਕਿ ਪੰਛੀਆਂ ਅਤੇ ਲੋਕਾਂ ਲਈ ਜਾਨਲੇਵਾ ਸਿੱਧ ਹੋ ਰਹੀ ਚਾਈਨਾ ਡੋਰ ਦਾ ਪੂਰੀ ਤਰ੍ਹਾਂ ਬਾਈਕਾਟ ਕਰਨ ਦਾ ਪ੍ਰਣ ਕਰੋ।
ਚਾਈਨਾ ਡੋਰ ਦੀ ਇਕ ਹਜ਼ਾਰ ਤੋਂ ਜ਼ਿਆਦਾ ਰੀਲ ਬਰਾਮਦ ਕੀਤੀ : ਡੀ. ਐੱਸ. ਪੀ. : ਸੁਨਾਮ ਇਲਾਕੇ ਦੀ ਗੱਲ ਕੀਤੀ ਜਾਵੇ ਤਾਂ ਪੁਲਸ ਇਸ ਇਲਾਕੇ 'ਚ ਕਈ ਵਾਰ ਚਾਈਨਾ ਡੋਰ ਦਾ ਜਖੀਰਾ ਬਰਾਮਦ ਕਰ ਚੁੱਕੀ ਹੈ। ਡੀ.ਐੱਸ.ਪੀ. ਵਿਲੀਅਮ ਜੈਜੀ ਨੇ ਕਿਹਾ ਕਿ ਚਾਈਨਾ ਡੋਰ ਦਾ ਕਾਰੋਬਾਰ ਕਰਨ ਵਾਲਿਆਂ ਨੂੰ ਕਿਸੇ ਵੀ ਕੀਮਤ 'ਤੇ ਬਖਸ਼ਿਆ ਨਹੀਂ ਜਾਵੇਗਾ ਤੇ ਪੁਲਸ ਆਪਣੇ ਸੀਕ੍ਰੇਟ ਇਨਪੁੱਟ ਦੇ ਆਧਾਰ 'ਤੇ ਚਾਈਨਾ ਡੋਰ ਦੀ ਭਾਲ ਕਰ ਰਹੀ ਹੈ।
ਨਵਾਂ ਬਾਜ਼ਾਰ ਐਸੋ. ਨੇ ਸ਼ੁਰੂ ਕੀਤੀ ਜਾਗਰੂਕਤਾ ਮੁਹਿੰਮ : ਨਵਾਂ ਬਾਜ਼ਾਰ ਐਸੋ. ਯੂਥ ਵਿੰਗ ਦੇ ਪ੍ਰਧਾਨ ਯਸ਼ਪਾਲ ਗੋਗੀਆ ਦੀ ਅਗਵਾਈ 'ਚ ਯੂਨੀਅਨ ਦੇ ਨੌਜਵਾਨਾਂ ਨੂੰ ਚਾਈਨਾ ਡੋਰ ਦਾ ਇਸਤੇਮਾਲ ਨਾ ਕਰਨ ਸਬੰਧੀ ਜਾਗਰੂਕਤਾ ਮੁਹਿੰਮ ਸ਼ੁਰੂ ਕੀਤੀ ਗਈ। ਇਸ 'ਚ ਕਈ ਧਾਰਮਿਕ ਸੰਸਥਾਵਾਂ ਦੇ ਪ੍ਰਤੀਨਿਧੀ ਵੀ ਜੁੜੇ ਹੋਏ ਹਨ। ਇਸ ਦੌਰਾਨ ਅਨਿਲ ਗੱਖੜ ਨੇ ਕਿਹਾ ਕਿ ਸਕੂਲਾਂ ਤੇ ਕਾਲਜਾਂ 'ਚ ਪੜ੍ਹਦੇ ਨੌਜਵਾਨਾਂ ਨਾਲ ਸੰਪਰਕ ਕਰ ਕੇ ਉਨ੍ਹਾਂ ਨੂੰ ਚਾਈਨਾ ਡੋਰ ਦਾ ਪ੍ਰਯੋਗ ਨਾ ਕਰਨ ਦੀ ਗੁਜ਼ਾਰਿਸ਼ ਕੀਤੀ ਜਾ ਰਹੀ ਹੈ। ਇਸ ਤੋਂ ਇਲਾਵਾ ਸੋਸ਼ਲ ਮੀਡੀਆ 'ਤੇ ਵੀ ਇਸ ਸਬੰਧੀ ਲਗਾਤਾਰ ਪ੍ਰਚਾਰ ਕੀਤਾ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਪੁਲਸ ਪ੍ਰਸ਼ਾਸਨ ਦੀ ਸਖ਼ਤੀ ਵੀ ਕਾਰਗਰ ਸਾਬਤ ਹੋ ਰਹੀ ਹੈ। ਪੁਲਸ ਦੀ ਕਾਰਗੁਜ਼ਾਰੀ ਵੀ ਚਾਈਨਾ ਡੋਰ ਦੇ ਕਾਰੋਬਾਰੀਆਂ ਦੇ ਹੌਸਲੇ ਪਸਤ ਕਰ ਰਹੀ ਹੈ।