ਚੀਨ ਦੀਆਂ ਬਣੀਆਂ ਚੀਜ਼ਾਂ ਖਰੀਦਣਾ ਰਾਸ਼ਟਰੀ ਸੁਰੱਖਿਆ ਲਈ ਖਤਰਾ : ਸੂਰਜ ਭਾਰਦਵਾਜ

Wednesday, Aug 23, 2017 - 11:44 AM (IST)

ਬਰਨਾਲਾ, (ਵਿਵੇਕ ਸਿੰਧਵਾਨੀ, ਰਵੀ) - ਆਰਥਿਕ ਮੋਰਚੇ 'ਤੇ ਭਾਰਤ ਲਈ ਪੈਦਾ ਹੋਈ ਚੀਨ ਦੀ ਚੁਣੌਤੀ ਨਾਲ ਨਜਿੱਠਣ ਲਈ ਭਾਰਤ ਵਾਸੀਆਂ ਵਾਸਤੇ ਇਕਨਾਮਿਕ ਨੈਸ਼ਨਲਿਜ਼ਮ ਅਤੇ ਟੈਕਨੋ ਨੈਸ਼ਨਲਿਜ਼ਮ ਸਭ ਤੋਂ ਵੱਡੇ ਕਾਰਗਰ ਹਥਿਆਰ ਹਨ। ਇਕ ਰੁਪਏ ਦੀ ਵੀ ਚੀਨ ਤੋਂ ਬਣੀ ਚੀਜ਼ ਖਰੀਦਣਾ ਦੇਸ਼ ਦੀ ਰਾਸ਼ਟਰੀ ਸੁਰੱਖਿਆ ਲਈ ਵੱਡਾ ਖਤਰਾ ਹੈ। 
ਇਨ੍ਹਾਂ ਗੱਲਾਂ ਦਾ ਪ੍ਰਗਟਾਵਾ ਅਖਿਲ ਭਾਰਤੀ ਵਿਦਿਆਰਥੀ ਪ੍ਰੀਸ਼ਦ, ਪੰਜਾਬ ਦੇ ਸੰਗਠਨ ਮੰਤਰੀ ਸ਼੍ਰੀ ਸੂਰਜ ਭਾਰਦਵਾਜ ਨੇ ਸਵਦੇਸ਼ੀ ਜਾਗਰਣ ਮੰਚ ਬਰਨਾਲਾ ਵੱਲੋਂ ਸਥਾਨਕ ਸ਼ਾਂਤੀ ਹਾਲ ਰਾਮਬਾਗ ਵਿਖੇ ਕਰਵਾਏ ਗਏ ਜ਼ਿਲਾ ਸੰਮੇਲਨ ''ਚੀਨ ਦੀ ਚੁਣੌਤੀ ਅਤੇ ਸਮਾਧਾਨ'' ਮੌਕੇ ਸੰਬੋਧਨ ਕਰਦਿਆਂ ਕੀਤਾ। 
ਇਸ ਮੌਕੇ ਭਾਰਦਵਾਜ ਨੇ ਚੀਨ 'ਤੇ ਵਰ੍ਹਦਿਆਂ ਕਿਹਾ ਕਿ ਚੀਨ ਨਾਲ ਵਪਾਰ ਕਰਨ ਨਾਲ ਭਾਰਤ ਦੀ ਅਰਥਵਿਵਸਥਾ 'ਤੇ ਬੁਰਾ ਪ੍ਰਭਾਵ ਪੈ ਰਿਹਾ ਹੈ। ਉਨ੍ਹਾਂ ਕਿਹਾ ਕਿ ਅਸੀਂ ਚੀਨ ਦੀਆਂ ਵਸਤੂਆਂ ਦਾ ਤਿਆਗ ਕਰ ਕੇ ਸਵਦੇਸ਼ੀ ਵਸਤੂਆਂ ਦੀ ਵਰਤੋਂ ਕਰੀਏ। ਇਕ ਪਾਸੇ ਤਾਂ ਚੀਨ ਭਾਰਤ 'ਚੋਂ ਵਪਾਰ ਕਰ ਕੇ ਅਰਬਾਂ ਡਾਲਰ ਕਮਾਈ ਕਰਦਾ ਹੈ ਅਤੇ ਦੂਜੇ ਪਾਸੇ ਭਾਰਤ ਦੀ ਹੀ ਤਬਾਹੀ ਲਈ ਸਾਜ਼ਿਸ਼ਾਂ ਕਰਦਾ ਹੈ। ਮਸੂਦ ਅਜ਼ਹਰ ਜਿਹੇ ਅੱਤਵਾਦੀਆਂ ਨੂੰ ਬਚਾਉਂਦਾ ਹੈ, ਪਾਕਿਸਤਾਨ ਨੂੰ ਮਾਲੀ ਸਹਾਇਤਾ ਦਿੰਦਾ ਹੈ ਅਤੇ ਕਸ਼ਮੀਰ ਵਿਚ ਦਹਿਸ਼ਤਗਰਦਾਂ ਨੂੰ ਹਥਿਆਰ ਮੁਹੱਈਆ ਕਰਵਾਉਂਦਾ ਹੈ।
ਭਾਰਦਵਾਜ ਨੇ ਕਿਹਾ ਕਿ ਭਾਰਤ 'ਚ ਦੇਸ਼ ਦੇ 65 ਫੀਸਦੀ ਨੌਜਵਾਨ ਹਨ, ਜਿਨ੍ਹਾਂ ਵਿਚ ਬੇਰੋਜ਼ਗਾਰੀ ਦੀ ਸਮੱਸਿਆ ਵੱਧ ਰਹੀ ਹੈ। ਸਾਡੇ ਦੇਸ਼ ਦੇ ਕਾਰਖਾਨੇ ਬੰਦ ਹੋ ਰਹੇ ਹਨ ਪਰ ਅਸੀਂ ਬਿਨਾਂ ਦੇਖੇ ਚੀਨ ਦੀਆਂ ਵਸਤੂਆਂ ਦੀ ਖਰੀਦ ਕਰ ਰਹੇ ਹਾਂ। ਚੀਨ, ਭਾਰਤ ਦੀ ਖੁਸ਼ਹਾਲੀ ਲਈ ਸਭ ਤੋਂ ਵੱਡਾ ਖਤਰਾ ਹੈ, ਸਾਨੂੰ ਚੀਨ ਦੇ ਵਿਰੋਧ ਕਾਰਨ ਹੀ ਯੂ. ਐੱਨ. ਓ. 'ਚ ਸਥਾਈ ਸੁਰੱਖਿਆ ਪ੍ਰੀਸ਼ਦ ਦੀ ਸੀਟ ਹਾਸਲ ਨਹੀਂ ਹੋ ਸਕੀ ਅਤੇ ਚੀਨ ਕਾਰਨ ਹੀ ਅਸੀਂ ਐੱਨ. ਐੱਸ. ਜੀ. ਦੇ ਮੈਂਬਰ ਨਹੀਂ ਬਣ ਸਕੇ। 
ਇਸ ਦੌਰਾਨ ਇਸ ਸਮਾਗਮ ਵਿਚ ਮੁੱਖ ਮਹਿਮਾਨ ਵੱਜੋਂ ਸ਼ਾਮਲ ਹੋਏ ਐਕਵੋਕੇਟ ਰਾਹੁਲ ਗੁਪਤਾ ਨੇ ਕਿਹਾ ਕਿ ਰਾਸ਼ਟਰੀ ਸਵਦੇਸ਼ੀ ਸੁਰੱਖਿਆ ਅਭਿਆਨ ਤਹਿਤ ਪੂਰੇ ਦੇਸ਼ ਭਰ ਦੇ ਲੋਕਾਂ ਨੂੰ ਸਵਦੇਸ਼ੀ ਚੀਜ਼ਾਂ ਬਾਰੇ ਜਾਗਰੂਕ ਕਰਨਾ ਇਕ ਸ਼ਲਾਘਾਯੋਗ ਉਪਰਾਲਾ ਹੈ। ਉਨ੍ਹਾਂ ਕਿਹਾ ਕਿ ਜੇਕਰ ਅਸੀਂ ਸਾਰੇ ਰਲ ਕੇ ਭਾਰਤ ਦੇਸ਼ ਦੀਆਂ ਬਣੀਆਂ ਚੀਜ਼ਾਂ ਦੀ ਖਰੀਦ ਕਰਾਂਗੇ ਤਾਂ ਜਿੱਥੇ ਸਾਡੇ ਦੇਸ਼ ਦੇ ਨੌਜਵਾਨਾਂ ਨੂੰ ਰੋਜ਼ਗਾਰ ਮੁਹੱਈਆ ਹੋਵੇਗਾ, ਉਥੇ ਸਾਡਾ ਦੇਸ਼ ਵੀ ਤਰੱਕੀ ਦੀ ਰਾਹ ਵੱਲ ਵਧੇਗਾ। 
ਇਸ ਸਮੇਂ ਸਵਦੇਸ਼ੀ ਜਾਗਰਣ ਮੰਚ ਦੇ ਜ਼ਿਲਾ ਸੰਯੋਜਕ ਪ੍ਰੋ. ਸੁਖਜਿੰਦਰ ਰਿਸ਼ੀ ਨੇ ਦੱਸਿਆ ਕਿ ਇਸ ਅਭਿਆਨ ਤਹਿਤ ਮਿਤੀ 1 ਤੋਂ 20 ਅਗਸਤ ਤੱਕ ਜ਼ਿਲੇ ਦੇ ਵੱਖ-ਵੱਖ ਸਕੂਲਾਂ, ਕਾਲਜਾਂ, ਗਲੀਆਂ, ਮੁਹੱਲਿਆਂ, ਸਮਾਜਿਕ ਅਤੇ ਧਾਰਮਿਕ ਸਮਾਗਮਾਂ 'ਚ ਜਾ ਕੇ ਸਵਦੇਸ਼ੀ ਵਸਤੂਆਂ ਦੀ ਵਰਤੋਂ ਕਰਨ ਲਈ ਜਾਗਰੂਕ ਕੀਤਾ ਗਿਆ ਹੈ।
ਇਸ ਮੌਕੇ ਸ਼੍ਰੋਮਣੀ ਅਕਾਲੀ ਦਲ ਦੇ ਜ਼ਿਲਾ ਪ੍ਰਧਾਨ ਤੇ ਅੱੈਸ.ਜੀ.ਪੀ.ਸੀ. ਮੈਂਬਰ ਪਰਮਜੀਤ ਖਾਲਸਾ, ਸਵਦੇਸ਼ੀ ਜਾਗਰਣ ਮੰਚ ਦੇ ਸਹਿ ਸੰਯੋਜਕ ਰੋਬਿਨ ਗੁਪਤਾ, ਧੀਰਜ ਕੁਮਾਰ ਦੱਧਾਹੂਰ, ਯਾਦਵਿੰਦਰ ਸ਼ੰਟੀ, ਆਰ.ਐੱਸ.ਐੱਸ. ਦੇ ਵਿਭਾਗ ਪ੍ਰਚਾਰਕ ਸੁਸ਼ਾਂਕ ਸ਼ਰਮਾ, ਵਿਜੇ ਕੁਮਾਰ, ਸੁਖਦਰਸ਼ਨ ਕੁਮਾਰ, ਜਨਿੰਦਰ ਜੋਸ਼ੀ,  ਜਤਿੰਦਰ ਕੁਮਾਰ, ਜ਼ਿਲਾ ਪ੍ਰਧਾਨ ਭਾਜਪਾ ਗੁਰਮੀਤ ਬਾਵਾ, ਪ੍ਰਿੰ. ਰਾਕੇਸ਼ ਜਿੰਦਲ, ਸੁਖਵਿੰਦਰ ਭੰਡਾਰੀ, ਐਡ. ਸਤਨਾਮ ਸਿੰਘ ਰਾਹੀਂ, ਰਵੀ ਬਾਂਸਲ, ਚਮਨ ਲਾਲ, ਐਡ. ਦੀਪਕ ਰਾਏ ਜਿੰਦਲ, ਸੁਖਵੰਤ ਸਿੰਘ ਧਨੋਲਾ, ਪਰਮਿੰਦਰ ਖੁਰਮੀ, ਜਰਨੈਲ ਭੋਤਨਾ ਅਤੇ ਵੱਖ-ਵੱਖ ਸਮਾਜਿਕ, ਧਾਰਮਿਕ ਅਤੇ ਸਿਆਸੀ ਜਥੇਬੰਦੀਆਂ ਨੇ ਭਾਗ ਲਿਆ। 


Related News