ਕੋਰੋਨਾ ਦਾ ਅਸਰ : ਬਾਜ਼ਾਰ ’ਚੋਂ ਗਾਇਬ ਹੋਏ ਚੀਨ ਦੇ ਉਤਪਾਦ, ਹੋਲੀ ਹੋਵੇਗੀ ਸਵਦੇਸ਼ੀ
Friday, Feb 28, 2020 - 10:34 AM (IST)
ਸੰਗਰੂਰ/ਬਰਨਾਲਾ (ਵਿਵੇਕ ਸਿੰਧਵਾਨੀ, ਰਵੀ) - ਚੀਨ ’ਚ ਕੋਰੋਨਾ ਵਾਇਰਸ ਦੇ ਪ੍ਰਕੋਪ ਕਾਰਣ ਇਸ ਵਾਰ ਹੋਲੀ ਸਵਦੇਸ਼ੀ ਹੋਵੇਗੀ। ਬਾਜ਼ਾਰ ’ਚੋਂ ਚੀਨ ਦੇ ਉਤਪਾਦ ਗਾਇਬ ਹੋ ਗਏ ਹਨ ਅਤੇ ਸਵਦੇਸ਼ੀ ਪਿਚਕਾਰੀ, ਰੰਗ, ਗੁਬਾਰਿਆਂ ਦੀ ਭਰਮਾਰ ਹੈ। ਹਾਲਾਂਕਿ ਮੇਡ ਇਨ ਇੰਡੀਆ ਉਤਪਾਦਾਂ ਦੇ ਰੇਟ ਚੀਨ ਦੇ ਉਤਪਾਦਾਂ ਦੇ ਮੁਕਾਬਲੇ ਜ਼ਿਆਦਾ ਹੁੰਦੇ ਹਨ। ਬਾਜ਼ਾਰ ’ਚ ਫੈਂਸੀ ਆਈਟਮਾਂ ਇਸ ਵਾਰ ਸਵਦੇਸ਼ੀ ਹਨ। ਚੀਨ ’ਚ ਕੋਰੋਨਾ ਵਾਇਰਸ ਦਾ ਪ੍ਰਕੋਪ ਹੈ, ਜਿਸ ਕਾਰਣ ਚੀਨ ਤੋਂ ਵੱਖ-ਵੱਖ ਉਤਪਾਦਾਂ ਦਾ ਆਉਣਾ ਪ੍ਰਭਾਵਿਤ ਹੋਇਆ ਹੈ। ਵਪਾਰੀਆਂ ਮੁਤਾਬਕ ਹੋਲੀ ਦੇ ਚੀਨ ਦੇ ਉਤਪਾਦਾਂ ਦਾ ਪਹਿਲਾਂ ਤੋਂ ਕੀਤਾ ਗਿਆ ਸਟਾਕ ਪਹਿਲਾਂ ਵਿਕ ਚੁੱਕਾ ਹੈ। ਫਿਲਹਾਲ ਹੋਲੀ ਦਾ ਜੋ ਸਟਾਕ ਵਪਾਰੀ ਮੰਗਵਾ ਰਹੇ ਹਨ, ਉਨ੍ਹਾਂ ’ਚੋਂ ਜ਼ਿਆਦਾ ਉਤਪਾਦ ਮੇਡ ਇਨ ਇੰਡੀਆ ਹੈ। ਹੋਲੀ 10 ਮਾਰਚ ਨੂੰ ਹੈ ਅਤੇ ਹੁਣ ਹੋਲੀ ਦੀਆਂ ਤਿਆਰੀਆਂ ਸ਼ੁਰੂ ਹੋਣ ਲੱਗੀਆਂ ਹਨ। ਇਸ ਵਾਰ ਹੋਲੀ ਦੇ ਬਾਜ਼ਾਰ ’ਚ ਚਾਈਨੀਜ਼ ਰੰਗਾਂ ਤੋਂ ਲੈ ਕੇ ਪਿਚਕਾਰੀਆਂ ਅਤੇ ਹੋਰ ਉਤਪਾਦ ਘੱਟ ਦੇਖਣ ਨੂੰ ਮਿਲਣਗੇ, ਦਰਅਸਲ ਕੋਰੋਨਾ ਵਾਇਰਸ ਦੇ ਕਹਿਰ ਕਾਰਣ ਚੀਨ ਦੇ ਉਤਪਾਦ ਦੇਸ਼ ’ਚ ਨਹੀਂ ਆ ਰਹੇ।
ਇਸ ਤਰ੍ਹਾਂ ਪਹਿਲੀ ਵਾਰ ਹੋਲੀ ’ਤੇ ਦੇਸੀ ਉਤਪਾਦਾਂ ਦੀ ਝਲਕ ਬਾਜ਼ਾਰ ਤੋਂ ਲੈ ਕੇ ਘਰਾਂ ਤੱਕ ਜ਼ਿਆਦਾ ਦੇਖਣ ਨੂੰ ਮਿਲੇਗੀ। ਇਸ ਤੋਂ ਪਹਿਲਾਂ ਪਿਛਲੇ 10 ਸਾਲਾਂ ਤੋਂ ਤਕਰੀਬਨ ਹਰ ਤਿਉਹਾਰ ’ਤੇ ਚੀਨ ਦੀਆਂ ਆਈਟਮਾਂ ਬਾਜ਼ਾਰ ’ਚ ਮਜ਼ਬੂਤੀ ਨਾਲ ਪਕੜ ਬਣਾ ਲੈਂਦੀਆਂ ਸਨ। ਦੀਵਾਲੀ ’ਤੇ ਚਾਈਨੀਜ਼ ਝਾਲਰ ਅਤੇ ਕੈਂਡਲ, ਰੱਖੜੀ ਦੇ ਤਿਉਹਾਰ ’ਤੇ ਚਾਈਨੀਜ਼ ਰੱਖੜੀਆਂ ਬਾਜ਼ਾਰ ’ਚ ਦਿਖਾਈ ਦਿੰਦੀਆਂ ਸਨ। ਹੋਲੀ ’ਤੇ ਚੀਨ ਦੀਆਂ ਪਿਚਕਾਰੀਆਂ ਅਤੇ ਰੰਗ ਦੀ ਬਾਜ਼ਾਰ ’ਚ ਜੰਮ ਖਰੀਦਦਾਰੀ ਹੁੰਦੀ ਸੀ ਪਰ ਇਸ ਵਾਰ ਕੋਰੋਨਾ ਵਾਇਰਸ ਦੀ ਵਜ੍ਹਾ ਕਰਕੇ ਇਹ ਉਤਪਾਦ ਬਾਜ਼ਾਰਾਂ ’ਚ ਨਹੀਂ ਆ ਸਕਣਗੇ। ਪਿਛਲੇ ਸਾਲ ਦੀਆਂ ਬਚੀਆਂ ਹੋਈਆਂ ਪਿਚਕਾਰੀਆਂ ਬਾਜ਼ਾਰ ’ਚ ਦਿਖਣਗੀਆਂ।
ਲੋਕਾਂ ਦੀ ਜੇਬ ’ਤੇ ਭਾਰੀ ਪਵੇਗੀ ਇਸ ਵਾਰ ਹੋਲੀ
ਭਾਰਤ ’ਚ ਬਣੇ ਉਤਪਾਦਾਂ ਦੇ ਰੇਟ ਪਹਿਲਾਂ ਚਾਈਨੀਜ਼ ਉਤਪਾਦਾਂ ਦੇ ਮੁਕਾਬਲੇ ਜ਼ਿਆਦਾ ਹੁੰਦੇ ਹਨ। ਚੀਨ ਤੋਂ ਆਯਾਤ ਰੋਕਣ ’ਤੇ ਇਸ ਵਾਰ ਰੇਟ ’ਚ ਹੋਰ ਵਾਧਾ ਹੋਇਆ ਹੈ। ਇਸ ਵਾਰ ਹੋਲੀ ਲੋਕਾਂ ਦੀਆਂ ਜੇਬਾਂ ’ਤੇ ਕਾਫੀ ਮਹਿੰਗੀ ਹੋਵੇਗੀ। ਪਿਛਲੇ ਸਾਲ ਜੋ ਪਿਚਕਾਰੀ 30 ਤੋਂ 35 ਰੁਪਏ ਤੱਕ ਵਿਕ ਰਹੀ ਸੀ, ਇਸ ਵਾਰ 60 ਰੁਪਏ ਦੀ ਹੈ। ਰੰਗ ਅਤੇ ਗੁਲਾਲ ਦੇ ਰੇਟਾਂ ’ਤੇ ਕੋਈ ਖਾਸ ਅਸਰ ਨਹੀਂ। ਰੰਗ ਗੁਲਾਲ ਦੀਆਂ ਫੈਂਸੀ ਆਈਟਮਾਂ ਹੁਣ ਭਾਰਤ ’ਚ ਬਣਨ ਲੱਗੀਆਂ ਹਨ। ਬਾਜ਼ਾਰ ’ਚ ਹੋਲੀ ਨੂੰ ਲੈ ਕੇ ਦੁਕਾਨਾਂ ਤਾਂ ਸਜ ਗਈਆਂ ਹਨ ਪਰ ਗਾਹਕ ਘੱਟ ਹਨ। ਥੋਕ ਵਪਾਰੀਆਂ ਦਾ ਕਹਿਣਾ ਹੈ ਕਿ ਅਜੇ ਦੁਕਾਨਾਂ ’ਤੇ ਮਾਲ ਸਪਲਾਈ ਕੀਤਾ ਜਾ ਰਿਹਾ, ਜਦੋਂਕਿ ਰਿਟੇਲ ’ਚ ਵਿਕਰੀ ਹੋਲੀ ਤੋਂ 4-5 ਦਿਨ ਪਹਿਲਾਂ ਤੇਜ਼ ਹੋਵੇਗੀ।
ਕੀ ਕਹਿੰਦੇ ਹਨ ਦੁਕਾਨਦਾਰ
ਇਸ ਵਾਰ ਹੋਲੀ ’ਤੇ ਵਰਤੇ ਜਾਣ ਵਾਲੇ ਚੀਨ ਦੇ ਉਤਪਾਦਾਂ ਦੀ ਘਾਟ ਸਬੰਧੀ ਦੁਕਾਨਦਾਰ ਹਿਮਾਂਸ਼ੂ ਬਾਂਸਲ ਨੇ ਦੱਸਿਆ ਕਿ ਕੁਝ ਦੁਕਾਨਾਂ ’ਤੇ ਪਿਛਲੇ ਸਾਲ ਦਾ ਬਚਿਆ ਹੋਇਆ ਸਾਮਾਨ ਹੀ ਪਿਆ ਹੈ। ਬਾਕੀ ਸਾਰਾ ਸਾਮਾਨ ਇਸ ਵਾਰ ਮੇਡ ਇਨ ਇੰਡੀਆ ਹੈ। ਇਸ ਵਾਰ ਮਾਰਕੀਟ ਵਿਚ ਸਪ੍ਰੇਅ ਵਾਲੇ ਗੁਲਾਲ ਪੰਪ ਅਤੇ ਗੁਲਾਲ ਬੰਬ ਆਏ ਹਨ, ਜਿਨ੍ਹਾਂ ਦੀ ਮਾਰਕੀਟ ’ਚ ਖਾਸ ਕਰਕੇ ਬੱਚਿਆਂ ਵਿਚ ਮੰਗ ਬਹੁਤ ਬਣੀ ਹੋਈ ਹੈ। ਗੁਲਾਲ ਪੰਪ ਵਜ਼ਨ ਦੇ ਹਿਸਾਬ ਨਾਲ 1200 ਰੁਪਏ ਤੋਂ ਲੈ ਕੇ 100 ਰੁਪਏ ਤੱਕ ਉਪਲੱਬਧ ਹੈ। ਉਨ੍ਹਾਂ ਦੱਸਿਆ ਕਿ ਭਾਰਤੀ ਉਤਪਾਦ ਚੀਨ ਦੇ ਉਤਪਾਦਾਂ ਦੇ ਮੁਕਾਬਲੇ 30 ਤੋਂ 40 ਫੀਸਦੀ ਤੱਕ ਜ਼ਿਆਦਾ ਹਨ।
ਕੋਰੋਨਾ ਵਾਇਰਸ ਦੀ ਦਹਿਸ਼ਤ ਹਰ ਪਾਸੇ : ਗਰਗ
ਜ਼ਿਲਾ ਇੰਡਸਟਰੀ ਚੈਂਬਰ ਦੇ ਚੇਅਰਮੈਨ ਵਿਜੇ ਗਰਗ ਦਾ ਕਹਿਣਾ ਹੈ ਕਿ ਕੋਰੋਨਾ ਵਾਇਰਸ ਦੀ ਦਹਿਸ਼ਤ ਹਰ ਪਾਸੇ ਫੈਲੀ ਹੋਈ ਹੈ। ਚੀਨ ’ਚ ਹੋਈ ਸੈਂਕੜੇ ਲੋਕਾਂ ਦੀ ਮੌਤ ਮਗਰੋਂ ਇੱਥੇ ਲੋਕ ਕਾਫ਼ੀ ਡਰੇ ਹੋਏ ਹਨ। ਹਾਲਾਤ ਇਹ ਹਨ ਕਿ ਚੀਨ ਤੋਂ ਆਉਣ ਵਾਲੇ ਲੋਕਾਂ ਦੀ ਨਿਗਰਾਨੀ ਤੱਕ ਕੀਤੀ ਜਾ ਰਹੀ ਹੈ। ਭਾਰਤੀ ਬਾਜ਼ਾਰ ’ਤੇ ਚੀਨ ਦੀ ਚੰਗੀ ਪਕੜ ਹੈ। ਤਿਉਹਾਰ ’ਤੇ ਚੀਨ ਦੇ ਸਾਮਾਨ ਦੀ ਖਪਤ ਕੁਝ ਜ਼ਿਆਦਾ ਵਧ ਜਾਂਦੀ ਹੈ ਇਸ ਦੀ ਪ੍ਰਮੁੱਖ ਵਜ੍ਹਾ ਚੀਨ ਦੇ ਸਾਮਾਨ ਦਾ ਸਸਤਾ ਅਤੇ ਜ਼ਿਆਦਾ ਆਕਰਸ਼ਕ ਹੋਣਾ ਹੈ।