ਬਾਊ ਜੀ ! ਕੀ ਲੈਣਾ ਬਾਲ ਦਿਵਸ ਤੋਂ ਬੱਸ ਢਿੱਡ ਭਰਨ ਲਈ ਰੋਟੀ ਚਾਹੀਦੀ ਐ

Tuesday, Nov 14, 2017 - 11:09 AM (IST)

ਬਾਊ ਜੀ ! ਕੀ ਲੈਣਾ ਬਾਲ ਦਿਵਸ ਤੋਂ ਬੱਸ ਢਿੱਡ ਭਰਨ ਲਈ ਰੋਟੀ ਚਾਹੀਦੀ ਐ

ਜਲਾਲਾਬਾਦ (ਗੁਲਸ਼ਨ)—ਬਾਬੂ ਜੀ ਸਾਨੂੰ ਨਹੀਂ ਪਤਾ ਕਿ ਬਾਲ ਦਿਵਸ ਕੀ ਹੁੰਦਾ ਹੈ। ਸਾਨੂੰ ਤਾਂ ਸਿਰਫ ਇਹ ਪਤਾ ਹੈ ਕਿ ਸ਼ਹਿਰ ਦੀ ਗੰਦਗੀ 'ਚ ਆਪਣੇ ਪਰਿਵਾਰ ਲਈ ਰੋਟੀ ਲੱਭਣੀ ਹੈ ਅਤੇ ਪਰਿਵਾਰ ਦਾ ਢਿੱਡ ਭਰਨਾ ਹੈ ਜਾਂ ਫਿਰ ਢਾਬੇ, ਚਾਹ ਦੀ ਦੁਕਾਨ ਅਤੇ ਕਿਸੇ ਦੇ ਘਰ ਜੂਠੇ ਬਰਤਨ ਧੋਣੇ ਹਨ
। ਇਹ ਦਾਸਤਾਨ ਹੈ ਸ਼ਹਿਰ 'ਚ ਮੌਜੂਦ ਬਾਲ ਮਜ਼ਦੂਰਾਂ ਦੀ। ਦੇਸ਼ ਦੇ ਪਹਿਲੇ ਪ੍ਰਧਾਨ ਮੰਤਰੀ ਸਵ. ਪੰ. ਜਵਾਹਰ ਲਾਲ ਨਹਿਰੂ ਜੀ ਦਾ ਜਨਮ ਦਿਨ ਜੋ ਕਿ ਪੂਰੇ ਦੇਸ਼ ਅੰਦਰ ਬਾਲ ਦਿਵਸ ਦੇ ਤੌਰ 'ਤੇ ਮਨਾਇਆ ਜਾਂਦਾ ਹੈ, ਦੇ ਮੌਕੇ ਸਰਕਾਰੀ ਅਤੇ ਨਿੱਜੀ ਸਕੂਲਾਂ 'ਚ ਅਧਿਆਪਕਾਂ ਅਤੇ ਬੱਚਿਆਂ ਵੱਲੋਂ ਸਮਾਗਮ ਆਯੋਜਿਤ ਕੀਤੇ ਜਾਂਦੇ ਹਨ ਪਰ ਜਦੋਂ ਸੜਕਾਂ 'ਤੇ ਰੁਲ ਕੇ ਬਚਪਨ ਨੂੰ ਖਤਮ ਕਰ ਰਹੇ ਇਨ੍ਹਾਂ ਬੱਚਿਆਂ ਨੂੰ ਬਾਲ ਦਿਵਸ ਬਾਰੇ ਪੁੱਛਿਆ ਗਿਆ ਤਾਂ ਉਨ੍ਹਾਂ ਦੱਸਿਆ ਕਿ ਬਾਬੂ ਜੀ ਬਾਲ ਦਿਵਸ ਕੀ ਹੁੰਦਾ ਹੈ ਉਨ੍ਹਾਂ ਨੂੰ ਇਸ ਬਾਰੇ ਤਾਂ ਪਤਾ ਨਹੀਂ ਬੱਸ ਸਿਰਫ ਢਿੱਡ ਭਰਨ ਲਈ ਰੋਟੀ ਚਾਹੀਦੀ ਹੈ। 

ਸਰਕਾਰ ਤੇ ਪ੍ਰਸ਼ਾਸਨ ਦੇ ਦਾਅਵੇ ਹਕੀਕਤ ਤੋਂ ਕੋਹਾਂ ਦੂਰ
ਬਾਲ ਮਜ਼ਦੂਰੀ ਰੋਕਣ ਲਈ ਕੇਂਦਰ ਅਤੇ ਸੂਬਾ ਸਰਕਾਰ ਵੱਲੋਂ ਵੱਡੇ-ਵੱਡੇ ਦਾਅਵੇ ਕੀਤੇ ਜਾਂਦੇ ਹਨ। ਪ੍ਰਸ਼ਾਸਨ ਅਤੇ ਸਰਕਾਰ ਵੱਲੋਂ ਹਰੇਕ ਸਾਲ ਬਾਲ ਮਜ਼ਦੂਰੀ ਰੋਕਣ ਲਈ ਮੁਹਿੰਮ ਚਲਾਈ ਜਾਂਦੀ ਹੈ ਪਰ ਜ਼ਮੀਨੀ ਪੱਧਰ 'ਤੇ ਹਕੀਕਤ ਕੁਝ ਹੋਰ ਹੀ ਬਿਆਨ ਕਰਦੀ ਹੈ। ਬੇਸ਼ੱਕ ਇਸ ਵਾਰ ਵੀ ਬਾਲ ਦਿਵਸ ਮੌਕੇ ਬੱਚਿਆਂ ਨੂੰ ਦੇਸ਼ ਦਾ ਭਵਿੱਖ ਅਤੇ ਨੇਤਾ ਕਹਿ ਕੇ ਸਨਮਾਨਿਤ ਕੀਤਾ ਜਾਵੇਗਾ ਪਰ ਗਰੀਬੀ ਦੀ ਮਾਰ ਝੱਲ ਰਹੇ ਇਨ੍ਹਾਂ ਬੱਚਿਆਂ ਵੱਲ ਸ਼ਾਇਦ ਹੀ ਕਿਸੇ ਦੀ ਨਜ਼ਰ ਜਾਵੇ। ਅਜਿਹੀ ਸਥਿਤੀ 'ਚ ਬਚਪਨ ਸੁਧਾਰ ਦੇ ਦਾਅਵੇ ਸਿਰਫ ਦਾਅਵੇ ਬਣੇ ਹੋਏ ਹਨ।

ਬਚਪਨ ਸੁਧਾਰਨ ਦੀਆਂ ਯੋਜਨਾਵਾਂ ਨਾਲ ਕੋਈ ਲੈਣਾ-ਦੇਣਾ ਨਹੀਂ
ਬੇਸ਼ੱਕ ਸਰਕਾਰ ਅਤੇ ਪ੍ਰਸ਼ਾਸਨ ਬੱਚਿਆਂ ਦਾ ਜੀਵਨ ਪੱਧਰ ਉੱਚਾ ਚੁੱਕਣ ਲਈ ਸਿੱਖਿਆ ਦਿਵਾਉਣ ਵਰਗੀਆਂ ਕਈ ਭਲਾਈ ਸਕੀਮਾਂ ਲਾਗੂ ਕਰ ਰਹੀ ਹੈ ਪਰ ਗਰੀਬ ਪਰਿਵਾਰਾਂ ਨਾਲ ਸਬੰਧਤ ਇਨ੍ਹਾਂ ਬੱਚਿਆਂ ਨੂੰ ਕੂੜੇ ਦੇ ਢੇਰ 'ਚ ਬੀਤ ਰਹੇ ਬਚਪਨ ਤੋਂ ਕੁਝ ਲੈਣਾ-ਦੇਣਾ ਨਹੀਂ ਹੈ। ਕਈ ਘੰਟੇ ਗੰਦਗੀ 'ਚ ਹੱਥ ਮਾਰਨ ਤੋਂ ਬਾਅਦ ਥੋੜ੍ਹੇ ਜਿਹੇ ਪੈਸੇ ਮਿਲਦੇ ਹਨ, ਜਿਸ ਨਾਲ ਉਹ ਆਪਣਾ ਦੋ ਟਾਈਮ ਦਾ ਡੰਗ ਟਪਾ ਰਹੇ ਹਨ।

ਕੀ ਕਹਿੰਦੇ ਨੇ ਅਧਿਆਪਕ
ਬਾਲ ਸ਼ੋਸ਼ਣ ਕਾਨੂੰਨੀ ਤੌਰ 'ਤੇ ਅਪਰਾਧ ਹੈ। ਜੇਕਰ ਇਸੇ ਤਰ੍ਹਾਂ ਬਾਲ ਮਜ਼ਦੂਰੀ ਦੇ ਨਾਂ 'ਤੇ ਬੱਚਿਆਂ ਦਾ ਸ਼ੋਸ਼ਣ ਹੁੰਦਾ ਰਿਹਾ ਤਾਂ ਭਵਿੱਖ 'ਚ ਇਸਦੇ ਕਾਫੀ ਮਾੜੇ ਸਿੱਟੇ ਸਾਹਮਣੇ ਆਉਣਗੇ ਕਿਉਂਕਿ ਬਚਪਨ 'ਚ ਕੀਤੀਆਂ ਗਈਆਂ ਛੋਟੀਆਂ-ਛੋਟੀਆਂ ਗਲਤੀਆਂ ਭਵਿੱਖ 'ਚ ਕਾਫੀ ਵੱਡੀਆਂ ਸਿੱਧ ਹੁੰਦੀਆਂ ਹਨ। ਪ੍ਰਸ਼ਾਸਨ ਦੀ ਅਣਦੇਖੀ ਨਾਲ ਕੱਲ ਦਾ ਸੁਨਹਿਰਾ ਭਵਿੱਖ ਅੱਜ ਗੰਦਗੀ 'ਚ ਪੇਟ ਭਰਨ ਲਈ ਮਜਬੂਰ ਹੈ, ਨੂੰ ਰੋਕਣ ਵਾਸਤੇ ਸਮਾਜ ਸੇਵਕਾਂ ਨੂੰ ਕਮੇਟੀਆਂ ਦਾ ਗਠਨ ਕਰਨਾ ਚਾਹੀਦਾ ਹੈ। ਸਮੇਂ-ਸਮੇਂ 'ਤੇ ਮਹਿਲਾ ਅਤੇ ਬਾਲ ਵਿਕਾਸ ਮੰਤਰਾਲੇ ਤੋਂ ਇਲਾਵਾ ਕਿਰਤੀ ਅਤੇ ਮਜ਼ਦੂਰ ਵਿਭਾਗ ਨੂੰ ਵੀ ਸੁਚੇਤ ਕਰਨਾ ਚਾਹੀਦਾ ਹੈ। ਮੈਡਮ ਚੰਦਰਕਾਂਤਾ ਖੇੜਾ, ਪ੍ਰਿੰਸੀ. ਸਰਕਾਰੀ ਗਰਲਜ਼ ਸੀਨੀਅਰ ਸੈਕੰਡਰੀ ਸਕੂਲ ਨੇ ਕਿਹਾ ਕਿ ਬੱਚਿਆਂ ਨੂੰ ਬਾਲ ਮਜ਼ਦੂਰੀ ਤੋਂ ਮੁਕਤ ਕਰਵਾਉਣਾ ਹੀ ਸਵ. ਪ੍ਰਧਾਨ ਮੰਤਰੀ ਪੰ. ਜਵਾਹਰ ਲਾਲ ਨਹਿਰੂ ਨੂੰ ਸਾਡੀ ਸੱਚੀ ਸ਼ਰਧਾਂਜਲੀ ਹੋਵੇਗੀ।

ਕੀ ਕਹਿਣਾ ਹੈ ਸੜਕਾਂ 'ਤੇ ਭਟਕਦੇ ਬਾਲ ਮਜ਼ਦੂਰਾਂ ਦਾ
ਸੜਕਾਂ 'ਤੇ ਭਟਕਦੇ ਬਾਲ ਮਜ਼ਦੂਰਾਂ ਦਾ ਕਹਿਣਾ ਹੈ ਕਿ ਜਦੋਂ ਉਹ ਬੱਚਿਆਂ ਨੂੰ ਸਕੂਲ ਡਰੈੱਸ 'ਚ ਤਿਆਰ ਹੋ ਕੇ ਸਕੂਲ ਜਾਣ ਲਈ ਵੇਖਦੇ ਹਨ ਤਾਂ ਉਨ੍ਹਾਂ ਦੇ ਮਨ 'ਚ ਟੀਸ ਉੱਠਦੀ ਹੈ ਕਿ ਉਹ ਵੀ ਸਕੂਲ ਜਾਣ ਪਰ ਉਨ੍ਹਾਂ ਦੀ ਕਿਸਮਤ 'ਚ ਸਿਰਫ ਮਜ਼ਦੂਰੀ ਕਰ ਕੇ ਪੈਸੇ ਕਮਾਉਣਾ ਅਤੇ ਆਪਣੇ ਪਰਿਵਾਰ ਦਾ ਪੇਟ ਪਾਲਣਾ ਲਿਖਿਆ ਹੈ। ਸ਼ਹਿਰ ਦੀਆਂ ਗਲੀਆਂ ਅਤੇ ਬਾਜ਼ਾਰਾਂ 'ਚ ਅਜਿਹੇ ਬੱਚੇ ਜੋ ਕਿ ਅਤਿ ਗਰੀਬ ਹਨ ਪੂਰਾ ਦਿਨ ਗੰਦਗੀ ਦੇ ਢੇਰ 'ਚ ਕਾਗਜ਼, ਗੱਤਾ, ਪਲਾਸਟਿਕ, ਲੋਹਾ, ਕੱਚ ਦੀਆਂ ਬੋਤਲਾਂ ਚੁੱਕ ਕੇ ਘੁੰਮਦੇ ਵੇਖੇ ਜਾ ਸਕਦੇ ਹਨ।


Related News