...ਜਦੋਂ ਨਹਿਰੂ ਨੂੰ ਜੈਤੋ ਵਿਖੇ ਕਾਲ ਕੋਠੜੀ ''ਚ ਬੰਦ ਕਰ ਦਿੱਤਾ
Tuesday, Nov 14, 2017 - 08:04 AM (IST)

ਜੈਤੋ (ਜਿੰਦਲ) - ਆਜ਼ਾਦ ਭਾਰਤ ਦੇ ਪਹਿਲੇ ਪ੍ਰਧਾਨ ਮੰਤਰੀ ਪੰਡਤ ਜਵਾਹਰ ਲਾਲ ਨਹਿਰੂ ਜਿਨ੍ਹਾਂ ਨੂੰ ਚਾਚਾ ਨਹਿਰੂ ਦੇ ਨਾਂ ਨਾਲ ਪੁਕਾਰਿਆ ਜਾਂਦਾ ਹੈ, ਨੂੰ ਸਭ ਤੋਂ ਪਹਿਲਾਂ ਜੈਤੋ ਵਿਖੇ ਅੰਗਰੇਜ਼ ਸਰਕਾਰ ਨੇ 1923 'ਚ ਗ੍ਰਿਫ਼ਤਾਰ ਕੀਤਾ ਸੀ। ਨਹਿਰੂ ਦੀ ਇਹ ਸਭ ਤੋਂ ਪਹਿਲੀ ਗ੍ਰਿਫ਼ਤਾਰੀ ਸੀ।
ਨਹਿਰੂ ਨੂੰ ਗ੍ਰਿਫ਼ਤਾਰ ਕਰ ਕੇ ਥਾਣਾ ਜੈਤੋ ਵਿਖੇ ਬਣੀ ਹੋਈ ਇਕ ਹਨੇਰੀ ਕਾਲ ਕੋਠੜੀ 'ਚ ਬੰਦ ਕਰ ਦਿੱਤਾ ਗਿਆ ਸੀ। ਇਸ ਕੋਠੜੀ 'ਚ ਸਿਰਫ਼ ਇਕ ਹੀ ਦਰਵਾਜ਼ਾ ਸੀ, ਲਾਈਟ ਜਾਂ ਹਵਾ ਦਾ ਕੋਈ ਪ੍ਰਬੰਧ ਨਹੀਂ ਸੀ। ਇਹ ਕੋਠੜੀ ਅੱਜ ਵੀ ਉਸੇ ਤਰ੍ਹਾਂ ਸੁਰੱਖਿਅਤ ਹੈ ਅਤੇ ਇਸ ਕਾਲ ਕੋਠੜੀ ਨੂੰ ਦੇਖਣ ਲਈ ਦੂਰ-ਦੂਰ ਤੋਂ ਲੋਕ ਆਉਂਦੇ ਹਨ। ਭਾਰਤ ਦੇ ਸਾਬਕਾ ਪ੍ਰਧਾਨ ਮੰਤਰੀ ਰਾਜੀਵ ਗਾਂਧੀ ਅਤੇ ਰਾਹੁਲ ਗਾਂਧੀ ਵੀ ਆਪਣੀ ਜੈਤੋ ਫ਼ੇਰੀ ਦੌਰਾਨ ਇਸ ਕਾਲ ਕੋਠੜੀ ਨੂੰ ਦੇਖਣ ਲਈ ਵਿਸ਼ੇਸ਼ ਤੌਰ 'ਤੇ ਗਏ ਸਨ।
ਰਿਆਸਤ ਨਾਭਾ ਦੇ ਰਾਜਾ ਰਿਪਦਮਨ ਸਿੰਘ ਨੂੰ ਅੰਗਰੇਜ਼ਾਂ ਵੱਲੋਂ ਜ਼ਬਰਦਸਤੀ ਗੱਦੀ ਤੋਂ ਉਤਾਰ ਦੇਣ ਦੇ ਵਿਰੋਧ 'ਚ ਸਿੱਖਾਂ ਨੇ ਜ਼ੋਰਦਾਰ ਸੰਘਰਸ਼ ਆਰੰਭਿਆ ਸੀ। ਇਸੇ ਸੰਘਰਸ਼ ਨੂੰ ਜੈਤੋ ਦਾ ਮੋਰਚਾ ਕਿਹਾ ਜਾਂਦਾ ਸੀ। ਇਸ ਮੋਰਚੇ ਨੇ ਉਸ ਸਮੇਂ ਜ਼ੋਰ ਫ਼ੜਿਆ ਸੀ, ਜਦ ਅੰਗਰੇਜ਼ਾਂ ਨੇ ਸ੍ਰੀ ਗੁਰਦੁਆਰਾ ਗੰਗਸਰ ਸਾਹਿਬ ਜੈਤੋ ਵਿਖੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਚੱਲ ਰਹੇ ਸ੍ਰੀ ਅਖੰਡ ਪਾਠ ਨੂੰ ਖੰਡਤ ਕਰ ਦਿੱਤਾ ਸੀ। ਉਸ ਸਮੇਂ ਕਾਂਗਰਸ ਦੇ ਨੇਤਾ ਪੰਡਤ ਜਵਾਹਰ ਲਾਲ ਸਥਿਤੀ ਦਾ ਜਾਇਜ਼ਾ ਲੈਣ ਲਈ ਜੈਤੋ ਪਹੁੰਚੇ ਸਨ, ਤਦ ਅੰਗਰੇਜ਼ੀ ਹਕੂਮਤ ਨੇ ਨਹਿਰੂ 'ਤੇ ਫ਼ੌਜਦਾਰੀ ਕੇਸ ਦਰਜ ਕਰ ਕੇ ਉਨ੍ਹਾਂ ਨੂੰ ਜੈਤੋ ਪਹੁੰਚਣ 'ਤੇ ਗ੍ਰਿਫ਼ਤਾਰ ਕਰ ਕੇ ਕਾਲ ਕੋਠੜੀ 'ਚ ਬੰਦ ਕਰ ਦਿੱਤਾ। ਨਰਾਇਣ ਸਿੰਘ ਸਪੈਸ਼ਲ ਪੁਲਸ ਰਿਆਸਤ ਨਾਭਾ ਨੇ ਤਫ਼ਤੀਸ਼ ਕੀਤੀ ਤੇ ਮਾਣਯੋਗ ਈਸ਼ਰ ਸਿੰਘ ਨੇ 3 ਅਕਤੂਬਰ 1923 ਨੂੰ ਨਹਿਰੂ ਨੂੰ ਦੋ ਸਾਲ ਦੀ ਕੈਦ ਦੀ ਸਜ਼ਾ ਸੁਣਾਈ। ਨਹਿਰੂ ਖਿਲਾਫ਼ ਦਰਜ ਐੱਫ. ਆਈ. ਆਰ. ਦੀ ਕਾਪੀ ਅੱਜ ਵੀ ਥਾਣਾ ਜੈਤੋ ਵਿਖੇ ਸੁਰੱਖਿਅਤ ਰੱਖੀ ਹੋਈ ਹੈ।
ਇਸ ਕੋਠੜੀ 'ਤੇ ਵਿਭਾਗ ਵੱਲੋਂ ਇਕ ਸੂਚਨਾ ਬੋਰਡ ਲਾਇਆ ਗਿਆ ਸੀ ਪਰ ਹੁਣ ਇਹ ਬੋਡਰ ਇਸ ਥਾਂ ਤੋਂ ਗਾਇਬ ਹੈ। ਨਹਿਰੂ ਦੀ ਯਾਦ ਨੂੰ ਤਾਜ਼ਾ ਰੱਖਣ ਲਈ ਸਰਕਾਰ ਵੱਲੋਂ ਇਸ ਥਾਂ 'ਤੇ ਇਕ ਪਾਰਕ ਵੀ ਬਣਾਇਆ ਗਿਆ ਪਰ ਅਜੇ ਤੱਕ ਲੋਕਾਂ ਦੇ ਸਪੁਰਦ ਨਹੀਂ ਕੀਤਾ ਗਿਆ। ਇਲਾਕੇ ਦੇ ਉੱਘੇ ਨੇਤਾ ਸਤਪਾਲ ਡੋਡ, ਪਵਨ ਗੋਇਲ, ਰਣਬੀਰ ਪਵਾਰ, ਸੁਰਜੀਤ ਸਿੰਘ ਬਾਬਾ, ਰਾਜਦੀਪ ਔਲਖ, ਜਗਦੀਸ਼ ਗਰਗ ਘਣੀਆ, ਮੁਨੀਸ਼ ਗੋਇਲ, ਟੋਨੀ ਡੋਡ, ਮਦਨ ਬਾਂਸਲ, ਸਮਾਜ ਸੇਵਕ ਮੁਕੇਸ਼ ਗੋਇਲ ਤੇ ਬਾਬਾ ਰਿਸ਼ੀ ਰਾਮ ਨੇ ਪੰਜਾਬ ਸਰਕਾਰ ਤੋਂ ਮੰਗ ਕੀਤੀ ਕਿ ਇਸ ਥਾਂ 'ਤੇ ਨਹਿਰੂ ਦੀ ਯਾਦ 'ਚ ਇਕ ਢੁਕਵੀਂ ਯਾਦਗਾਰ ਬਣਾਈ ਜਾਵੇ। ਵੱਖ-ਵੱਖ ਸਕੂਲਾਂ ਦੇ ਬੱਚੇ ਇਸ ਕੋਠੜੀ ਨੂੰ ਦੇਖਣ ਆਉਂਦੇ ਹਨ, ਇਥੇ ਬੈਠਣ ਲਈ ਕੋਈ ਪ੍ਰਬੰਧ ਨਹੀਂ। ਇਸ ਕੋਠੜੀ ਦੇ ਬਾਹਰ ਲਾਏ ਗਏ ਬੋਰਡ 'ਤੇ ਲਿਖਿਆ ਸੀ ਕਿ 'ਇਸ ਇਤਿਹਾਸਕ ਇਮਾਰਤ ਨਾਲ ਛੇੜਛਾੜ ਕਰਨ ਵਾਲੇ ਨੂੰ ਪੰਜ ਹਜ਼ਾਰ ਰੁਪਏ ਜੁਰਮਾਨਾ ਕੀਤਾ ਜਾਵੇ ਪਰ ਇਸ ਦੀ ਸੰਭਾਲ ਕਰਨ ਦੀ ਜ਼ਿੰਮੇਵਾਰੀ ਕਿਸੇ ਦੀ ਵੀ ਨਹੀਂ ਹੈ।