ਟਿਕ-ਟਾਕ ਨੇ ਨੌਜਵਾਨ ਪੀੜੀ ਨੂੰ ਕੀਤਾ ਦਿਸ਼ਾਹੀਣ, ਹੁਣ ਬੱਚੇ ਵੀ ਹੋ ਰਹੇ ਨੇ ਇਸ ਦਾ ਸ਼ਿਕਾਰ

Monday, Feb 17, 2020 - 12:02 AM (IST)

ਟਿਕ-ਟਾਕ ਨੇ ਨੌਜਵਾਨ ਪੀੜੀ ਨੂੰ ਕੀਤਾ ਦਿਸ਼ਾਹੀਣ, ਹੁਣ ਬੱਚੇ ਵੀ ਹੋ ਰਹੇ ਨੇ ਇਸ ਦਾ ਸ਼ਿਕਾਰ

ਬੱਸੀ ਪਠਾਣਾਂ,  (ਰਾਜਕਮਲ)- ਕਿਸੇ ਸਮੇਂ ਮੋਬਾਇਲ ਫੋਨ ਦਾ ਇਸਤੇਮਾਲ ਪਰਿਵਾਰ, ਰਿਸ਼ਤੇਦਾਰਾਂ ਦਾ ਹਾਲ-ਚਾਲ ਪੁੱਛਣ ਜਾਂ ਹੋਰ ਵਪਾਰਕ ਕੰਮਾਂ ਲਈ ਕੀਤਾ ਜਾਂਦਾ ਸੀ ਅਤੇ ਬੱਚੇ ਵੀ ਜ਼ਿਆਦਾਤਰ ਮੋਬਾਇਲ ਫੋਨਾਂ ਤੋਂ ਦੂਰ ਹੀ ਰਹਿੰਦੇ ਸਨ, ਪਰ ਸਮੇਂ ਦੇ ਨਾਲ-ਨਾਲ ਵਟਸਐਪ, ਫੇਸਬੁੱਕ, ਟਵਿੱਟਰ ਤੇ ਇੰਸਟਾਗ੍ਰਾਮ ਨੇ ਫੋਨਾਂ ਦੀ ਵਰਤੋਂ ਕਰਨ ਵਾਲਿਆਂ ਨੂੰ ਆਪਣੀ ਗ੍ਰਿਫ਼ਤ ’ਚ ਲੈ ਲਿਆ ਅਤੇ ਛੋਟੀ ਉਮਰ ਦੇ ਬੱਚਿਆਂ ਤੋਂ ਲੈ ਕੇ ਨੌਜਵਾਨ ਵਿਦਿਆਰਥੀ ਵੀ ਸੋਸ਼ਲ ਮੀਡੀਆ ਦੇ ਚੱਕਰਵਿਊ ’ਚ ਫਸ ਗਏ। ਇਸ ਤੋਂ ਬਾਅਦ ਨਵੇਂ ਮੋਬਾਇਲ ਐਪ ‘ਟਿਕ-ਟਾਕ’ ਨੇ ਦੁਨੀਆ ’ਚ ਤਹਿਲਕਾ ਮਚਾ ਦਿੱਤਾ ਤੇ ਇਸ ਦੀ ਪ੍ਰਸਿੱਧੀ ਕੁਝ ਹੀ ਸਾਲਾਂ ਦੇ ਅੰਦਰ ਵੱਖ-ਵੱਖ ਦੇਸ਼ਾਂ ’ਚ ਫੈਲ ਗਈ। ਹਾਲਾਤ ਇਹ ਬਣ ਗਏ ਕਿ ਟਿਕ-ਟਾਕ ਦਾ ਜਾਦੂ ਨੰਨ੍ਹੇ-ਮੁੰਨੇ ਬੱਚਿਆਂ ਦੇ ਸਿਰ ਚਡ਼੍ਹ ਕੇ ਬੋਲ ਰਿਹਾ ਹੈ ਤੇ ਨੌਜਵਾਨ ਪੀਡ਼੍ਹੀ ਵੀ ਆਪਣੇ ਮਾਰਗ ਤੋਂ ਭਟਕ ਗਈ ਹੈ ਤੇ ਹਰ ਕੋਈ ਟਿਕ-ਟਾਕ ’ਤੇ ਛੋਟੀ-ਛੋਟੀ ਵੀਡੀਓ ਬਣਾ ਕੇ ਸ਼ੇਅਰ ਕਰਨ ’ਚ ਰੁੱਝਿਆ ਹੋਇਆ ਹੈ, ਜੋ ਕਿ ਭਾਰਤ ਦੀ ਨੌਜਵਾਨ ਪੀਡ਼੍ਹੀ ਨੂੰ ਦਿਸ਼ਾਹੀਣ ਬਣਾ ਰਹੀ ਹੈ। ਇੱਥੇ ਤੱਕ ਕਿ ਇਸ ਐਪ ਰਾਹੀਂ ਵੀਡੀਓ ਬਣਾਉਂਦੇ ਸਮੇਂ ਕਈ ਕੀਮਤੀ ਜਾਨਾਂ ਵੀ ਜਾ ਚੁੱਕੀਆਂ ਹਨ।

ਕਿੱਥੋਂ ਹੋਈ ‘ਟਿਕ-ਟਾਕ’ ਦੀ ਸ਼ੁਰੂਆਤ

ਟਿਕ-ਟਾਕ ਇਕ ਸੋਸ਼ਲ ਮੀਡੀਆ ਐਪਲੀਕੇਸ਼ਨ ਹੈ, ਜਿਸ ਰਾਹੀਂ ਸਮਾਰਟ ਫੋਨ ਯੂਜ਼ਰਸ ਛੋਟੇ-ਛੋਟੇ ਵੀਡੀਓ ਬਣਾ ਕੇ ਸ਼ੇਅਰ ਕਰ ਸਕਦੇ ਹਨ। ਬਾਈਟ ਡਾਂਸ ਕੰਪਨੀ ਵਲੋਂ ਸਤੰਬਰ 2016 ਨੂੰ ਚੀਨ ਵਿਖੇ ਇਸ ਨੂੰ ਲਾਂਚ ਕੀਤਾ ਗਿਆ ਸੀ ਤੇ ਸਾਲ 2018 ਤੱਕ ਇਸ ਦੀ ਪ੍ਰਸਿੱਧੀ ਬਡ਼ੀ ਤੇਜ਼ੀ ਨਾਲ ਵਧੀ ਤੇ ਅਕਤੂਬਰ 2018 ’ਚ ਅਮਰੀਕਾ ’ਚ ਇਹ ਸਭ ਤੋਂ ਜ਼ਿਆਦਾ ਡਾਊਨਲੋਡ ਕਰਨ ਵਾਲਾ ਐਪ ਬਣ ਗਿਆ। ਇਸ ਐਪ ਰਾਹੀਂ ਯੂਜ਼ਰਸ 15 ਤੋਂ 20 ਸੈਕੰਡ ਦੀ ਵੀਡੀਓ ਬਣਾਉਂਦੇ ਹਨ ਤੇ ਸੋਸ਼ਲ ਮੀਡੀਆ ’ਤੇ ਸ਼ੇਅਰ ਕਰਦੇ ਹਨ, ਜਿਸ ਦੌਰਾਨ ਫ਼ਿਲਮੀ ਡਾਇਲਾਗ, ਗਾਣੇ ਆਦਿ ਦਾ ਇਸਤੇਮਾਲ ਕੀਤਾ ਜਾਂਦਾ ਹੈ ਤੇ ਜ਼ਿਆਦਾਤਰ ਵੀਡੀਓ ਆਪਣੀ ਆਵਾਜ਼ ’ਚ ਨਹੀਂ ਹੁੰਦੇ ਤੇ ਲਿਪ ਸ਼ਿੰਕ ਦਾ ਇਸਤੇਮਾਲ ਕੀਤਾ ਜਾਂਦਾ ਹੈ। ਇਸ ਦਾ ਕ੍ਰੇਜ਼ ਇੰਨਾ ਵਧ ਚੁੱਕਾ ਹੈ ਕਿ ਸਕੂਲਾਂ, ਕਾਲਜਾਂ ’ਚ ਪਡ਼੍ਹਨ ਵਾਲੇ ਲਡ਼ਕੇ-ਲਡ਼ਕੀਆਂ ਵੀ ਪਡ਼੍ਹਾਈ ਨੂੰ ਛਿੱਕੇ ਟੰਗ ਕੇ ਵੀਡੀਓ ਬਣਾਉਣ ’ਚ ਲੱਗੇ ਰਹਿੰਦੇ ਹਨ।

ਭਾਰਤ ਵਿਚ ‘ਟਿਕ-ਟਾਕ’

ਭਾਰਤ ਵਿਚ ਟਿਕ-ਟਾਕ ਦੇ ਡਾਊਨਲੋਡ ਦਾ ਅੰਕਡ਼ਾ 100 ਮਿਲੀਅਨ ਤੋਂ ਜ਼ਿਆਦਾ ਹੈ ਤੇ ਇਕ ਰਿਪੋਰਟ ਮੁਤਾਬਕ ਇਸ ਨੂੰ ਹਰ ਮਹੀਨੇ ਕਰੀਬ 20 ਮਿਲੀਅਨ ਭਾਰਤੀ ਇਸਤੇਮਾਲ ਕਰਦੇ ਹਨ। ਭਾਰਤ ’ਚ ਇਸ ਦੀ ਪ੍ਰਸਿੱਧੀ ਦਾ ਅੰਕਡ਼ਾ ਇਸ ਤੋਂ ਲਾਇਆ ਜਾ ਸਕਦਾ ਹੈ ਕਿ 8 ਮਿਲੀਅਨ ਲੋਕਾਂ ਨੇ ਗੂਗਲ ਪਲੇਅ ਸਟੋਰ ’ਚ ਇਸ ਦਾ ਰੀਵੀਊ ਕੀਤਾ ਹੈ। ਇਸ ਦਾ ਇਸਤੇਮਾਲ ਕਰਨ ਵਾਲਿਆਂ ਦੀ ਗਿਣਤੀ ਭਾਰਤ ਦੇ ਸ਼ਹਿਰਾਂ ਦੇ ਨਾਲ ਪਿੰਡਾਂ ’ਚ ਵੀ ਬਹੁਤ ਜ਼ਿਆਦਾ ਹੈ ਅਤੇ ਧਿਆਨ ਦੇਣ ਵਾਲੀ ਗੱਲ ਇਹ ਹੈ ਕਿ ਇਸ ਦੀ ਦੀਵਾਨਗੀ 5 ਸਾਲ ਤੱਕ ਦੇ ਬੱਚਿਆਂ ਅੰਦਰ ਵੀ ਦੇਖਣ ਨੂੰ ਮਿਲ ਰਹੀ ਹੈ। ਭਾਰਤ ’ਚ ਟਿਕ-ਟਾਕ ਦਾ ਜ਼ਿਆਦਾਤਰ ਇਸਤੇਮਾਲ ਨੌਜਵਾਨ ਪੀਡ਼੍ਹੀ ਤੇ ਹੋਰ ਲੋਕਾਂ ਵਲੋਂ ਆਪਣੇ ਅੰਦਰ ਦੇ ਹੁਨਰ ਨੂੰ ਦਿਖਾਉਣ ਲਈ ਕੀਤਾ ਜਾ ਰਿਹਾ ਹੈ, ਪਰ ਇਹ ਕ੍ਰੇਜ਼ ਆਉਣ ਵਾਲੇ ਸਮੇਂ ਅੰਦਰ ਕਾਫੀ ਘਾਤਕ ਸਾਬਿਤ ਹੋ ਸਕਦਾ ਹੈ।

ਟਿਕ-ਟਾਕ ਦੇ ਕੀ ਹੋ ਸਕਦੇ ਹਨ ਨੁਕਸਾਨ?

ਗੂਗਲ ਪਲੇਅ ਸਟੋਰ ’ਤੇ ਕਿਹਾ ਗਿਆ ਹੈ ਕਿ 13 ਸਾਲ ਤੋਂ ਜ਼ਿਆਦਾ ਉਮਰ ਦੇ ਲੋਕ ਹੀ ਇਸ ਦਾ ਇਸਤੇਮਾਲ ਕਰ ਸਕਦੇ ਹਨ, ਪਰ ਇਸ ਦਾ ਪਾਲਣ ਹੁੰਦਾ ਦਿਖਾਈ ਨਹੀਂ ਦੇ ਰਿਹਾ ਹੈ। ਭਾਰਤ ਸਮੇਤ ਦੁਨੀਆ ਦੇ ਹੋਰ ਦੇਸ਼ਾਂ ’ਚ ਟਿਕ-ਟਾਕ ਰਾਹੀਂ ਜੋ ਵੀਡੀਓ ਬਣਾਈ ਜਾਂਦੀ ਹੈ, ਉਨ੍ਹਾਂ ਵਿਚ ਵੱਡੀ ਗਿਣਤੀ 13 ਸਾਲ ਤੋਂ ਘੱਟ ਉਮਰ ਦੇ ਬੱਚਿਆਂ ਦੀ ਹੈ। ਪ੍ਰਾਈਵੇਸੀ ਦੇ ਲਿਹਾਜ਼ ਨਾਲ ਵੀ ਟਿਕ-ਟਾਕ ਖ਼ਤਰੇ ਤੋਂ ਖਾਲੀ ਨਹੀਂ ਹੈ, ਕਿਉਂਕਿ ਇਸ ’ਚ ਪਬਲਿਕ ਤੇ ਓਨਲੀ ਸਿਰਫ਼ ਦੋ ਪ੍ਰਾਈਵੇਸੀ ਸੈਟਿੰਗਾਂ ਕੀਤੀਆਂ ਜਾ ਸਕਦੀਆਂ ਹਨ, ਜਿਸ ਦਾ ਮਤਲਬ ਇਹ ਹੈ ਕਿ ਤੁਹਾਡੀ ਵੀਡੀਓ ਤੁਸੀਂ ਖੁਦ ਦੇਖ ਸਕਦੇ ਹੋ ਜਾਂ ਫਿਰ ਹਰ ਉਹ ਸਖਸ਼ ਜੋ ਇੰਟਰਨੈੱਟ ਦਾ ਇਸਤੇਮਾਲ ਕਰਦਾ ਹੈ। ਇਹ ਇਕ ਜਨਤਕ ਐਪ ਹੈ ਤੇ ਕੋਈ ਵੀ ਕਿਸੇ ਨੂੰ ਫਾਲੋਅ ਜਾਂ ਮੈਸੇਜ ਕਰ ਸਕਦਾ ਹੈ। ਅਜਿਹੀ ਸਥਿਤੀ ’ਚ ਕੋਈ ਵੀ ਅਪਰਾਧਿਕ ਜਾਂ ਸਮਾਜ ਵਿਰੋਧੀ ਅਨਸਰ ਛੋਟੀ ਉਮਰ ਦੇ ਬੱਚਿਆਂ ਜਾਂ ਨੌਜਵਾਨਾਂ ਨੂੰ ਵਰਗਲਾ ਸਕਦੇ ਹਨ। ਕਈ ਟਿਕ-ਟਾਕ ਅਕਾਊਂਟ ਅਡਲਟ ਕੰਟੈਂਟ ਨਾਲ ਭਰੇ ਹੋਏ ਹਨ ਤੇ ਇਸ ’ਚ ਕੋਈ ਫ਼ਿਲਟਰ ਨਾ ਹੋਣ ਕਰ ਕੇ ਹਰ ਯੂਜ਼ਰ ਅਜਿਹੀ ਵੀਡੀਓ ਦੇਖ ਸਕਦਾ ਹੈ। ਇਸ ਤਰ੍ਹਾਂ ਇਹ ਸੁਰੱਖਿਆ ਤੇ ਪ੍ਰਾਈਵੇਸੀ ਦੇ ਲਿਹਾਜ਼ ਨਾਲ ਖਤਰੇ ਤੋਂ ਖਾਲੀ ਨਹੀਂ। ਇਸ ਐਪ ਰਾਹੀਂ ਕਈ ਲੋਕਾਂ ਦਾ ਮਜ਼ਾਕ ਵੀ ਉਡਾਇਆ ਜਾ ਰਿਹਾ ਹੈ। ਕਈ ਨੌਜਵਾਨ ਵੀਡੀਓ ਬਣਾਉਂਦੇ ਸਮੇਂ ਹਾਦਸਿਆਂ ਦਾ ਸ਼ਿਕਾਰ ਤੇ ਕਈਆਂ ਦੀ ਮੌਤ ਵੀ ਹੋ ਚੁੱਕੀ ਹੈ। ਇਸ ਐਪ ਰਾਹੀਂ ਫੇਕ ਨਿਊਜ਼ ਜਾਂ ਅਫ਼ਵਾਹਾਂ ਵੀ ਉਡਾਈਆਂ ਜਾ ਸਕਦੀਆਂ ਹਨ। ਇਸ ਕਰ ਕੇ ਟਿਕ-ਟਾਕ ’ਤੇ ਲਗਾਮ ਕੱਸਣ ਦੀ ਵੀ ਲੋਡ਼ ਹੈ।


author

Bharat Thapa

Content Editor

Related News