ਬਚਪਨ ਫਿਰ ਸੜਕਾਂ ''ਤੇ ਮੰਗ ਰਿਹੈ ਭੀਖ, ਪ੍ਰਸ਼ਾਸਨ ਚੁੱਪ

Monday, Jan 13, 2020 - 11:42 AM (IST)

ਪਟਿਆਲਾ (ਬਲਜਿੰਦਰ, ਰਾਣਾ): ਸ਼ਹਿਰ ਵਿਚ ਜਿਥੇ ਵੀ ਜਾਓ ਵੱਡੀ ਗਿਣਤੀ 'ਚ ਬੱਚੇ ਅਤੇ ਔਰਤਾਂ ਭੀਖ ਮੰਗਦੀਆਂ ਅਕਸਰ ਦੇਖੀਆਂ ਜਾ ਸਕਦੀਆਂ ਹਨ। ਖਾਸ ਤੌਰ 'ਤੇ ਇਹ ਲੋਕ ਬੱਚਿਆਂ ਤੋਂ ਭੀਖ ਮੰਗਵਾਉਂਦੇ ਨਜ਼ਰ ਆਉਂਦੇ ਹਨ। 'ਜਗ ਬਾਣੀ' ਵੱਲੋਂ ਕੀਤੇ ਗਏ ਸਰਵੇਖਣ ਮੁਤਾਬਕ ਬੱਚਿਆਂ ਤੋਂ ਭੀਖ ਮੰਗਵਾਉਣਾ ਹੁਣ ਕੋਈ ਮਜਬੂਰੀ ਨਹੀਂ ਸਗੋਂ ਕੁਝ ਪਰਿਵਾਰਾਂ ਨੇ ਪੇਸ਼ਾ ਬਣਾ ਲਿਆ ਹੈ। ਇਹ ਪਰਿਵਾਰ ਜ਼ਿਆਦਾਤਰ ਉੱਤਰ ਪ੍ਰਦੇਸ਼, ਮੱਧ ਪ੍ਰਦੇਸ਼, ਰਾਜਸਥਾਨ ਅਤੇ ਨੇਪਾਲ ਨਾਲ ਸਬੰਧਤ ਹਨ।

ਪਟਿਆਲਾ ਵਿਚ ਇਕ ਕਾਲੋਨੀ ਅਜਿਹੀ ਹੈ ਜਿਥੇ ਬੱਚਿਆਂ ਨੂੰ ਪੇਸ਼ੇ ਦੇ ਤੌਰ 'ਤੇ ਭੀਖ ਮੰਗਣ ਲਈ ਭੇਜਿਆ ਜਾਂਦਾ ਹੈ। ਕੁਸ਼ਟ ਆਸ਼ਰਮ ਵਿਚ ਰਹਿਣ ਵਾਲੇ ਲੋਕ ਪਹਿਲਾਂ ਤੋਂ ਹੀ ਭੀਖ ਮੰਗਦੇ ਆ ਰਹੇ ਹਨ। ਪਿਛਲੇ ਕੁਝ ਸਮੇਂ ਦੌਰਾਨ ਪਟਿਆਲਾ ਵਿਚ ਭੀਖ ਮੰਗਣ ਵਾਲਿਆਂ ਦੀ ਗਿਣਤੀ ਕਾਫੀ ਵਧ ਗਈ ਹੈ। 2 ਸਾਲ ਪਹਿਲਾਂ ਪ੍ਰਸ਼ਾਸਨ ਨੇ ਇਸ ਮਾਮਲੇ ਵਿਚ ਜਾਗਰੂਕਤਾ ਮੁਹਿੰਮ ਵੀ ਸ਼ੁਰੂ ਕੀਤੀ ਸੀ। ਭਿਖਾਰੀਆਂ 'ਤੇ ਕਾਫੀ ਕੰਟਰੋਲ ਵੀ ਕੀਤਾ ਸੀ। ਇਨ੍ਹੀਂ ਦਿਨੀਂ ਭਿਖਾਰੀ ਵਧ ਗਏ ਹਨ। ਅੱਜ ਦੀ ਖਬਰ ਦਾ ਮਨੋਰਥ ਭਿਖਾਰੀਆਂ ਸਬੰਧੀ ਜਾਗਰੂਕਤਾ ਹੈ, ਨਾ ਕਿ ਕਿਸੇ ਦੀ ਗਰੀਬੀ ਦਾ ਮਜ਼ਾਕ ਉਡਾਉਣਾ। ਕਈ ਵਾਰ ਅਸੀਂ ਉਸ ਦੀ ਹਾਲਤ 'ਤੇ ਤਰਸ ਖਾ ਕੇ ਭੀਖ ਦਿੰਦੇ ਹਾਂ। ਸਾਨੂੰ ਅਣਜਾਣੇ ਵਿਚ ਪਤਾ ਨਹੀਂ ਹੁੰਦਾ ਕਿ ਅਸੀਂ ਬੱਚੇ ਨੂੰ ਕਾਬਲ ਬਣਾਉਣ ਦੀ ਬਜਾਏ ਉਸ ਦੀਆਂ ਜਾਂ ਉਸ ਦੇ ਮਾਪਿਆਂ ਦੀਆਂ ਆਦਤਾਂ ਨੂੰ ਖਰਾਬ ਕਰਨ ਵਿਚ ਸਹਿਯੋਗ ਦੇ ਰਹੇ ਹਾਂ। 2 ਸਾਲ ਪਹਿਲਾਂ ਜ਼ਿਲਾ ਪ੍ਰਸ਼ਾਸਨ ਵੱਲੋਂ ਵੱਡੇ ਪੱਧਰ 'ਤੇ ਜਾਗਰੂਕਤਾ ਮੁਹਿੰਮ ਚਲਾਈ ਗਈ ਸੀ। ਸ਼ਹਿਰ ਨੂੰ ਭਿਖਾਰੀ-ਮੁਕਤ ਕਰਨ ਦਾ ਟੀਚਾ ਬਣਾਇਆ ਗਿਆ ਸੀ। 2 ਸਾਲ ਬਾਅਦ ਹੁਣ ਫਿਰ ਪਹਿਲਾਂ ਵਰਗੀ ਸਥਿਤੀ ਦੇਖਣ ਨੂੰ ਮਿਲੀ ਰਹੀ ਹੈ। ਅੱਜ ਫਿਰ ਬਚਪਨ ਸੜਕਾਂ 'ਤੇ ਸ਼ਰੇਆਮ ਭੀਖ ਮੰਗ ਰਿਹਾ ਹੈ। ਪ੍ਰਸ਼ਾਸਨ ਨੇ ਚੁੱਪ ਧਾਰੀ ਹੋਈ ਹੈ।

110 ਤੋਂ ਵੱਧ ਪਰਿਵਾਰਾਂ ਨੇ ਭੀਖ ਨੂੰ ਪੇਸ਼ੇ ਵਜੋਂ ਅਪਣਾਇਆ
ਸ਼ਾਹੀ ਸ਼ਹਿਰ ਦੇ ਅੰਦਰ 110 ਤੋਂ ਵੱਧ ਅਜਿਹੇ ਪਰਿਵਾਰ ਹਨ, ਜਿਨ੍ਹਾਂ ਨੇ ਭੀਖ ਨੂੰ ਆਪਣੇ ਨਿੱਜੀ ਪੇਸ਼ੇ ਵਜੋਂ ਅਪਣਾਇਆ ਹੈ। ਇਸ ਵਿਚ ਖਾਸ ਤੌਰ 'ਤੇ ਔਰਤਾਂ ਅਤੇ ਛੋਟੇ ਬੱਚਿਆਂ ਨੂੰ ਭੀਖ ਲਈ ਅੱਗੇ ਕੀਤਾ ਜਾਂਦਾ ਹੈ। ਇਸ ਤੋਂ ਵੀ ਹੈਰਾਨ ਕਰਨ ਵਾਲੀ ਗੱਲ ਇਹ ਹੈ ਕਿ ਇਸ ਪਰਿਵਾਰ ਦਾ ਮੁਖੀਆ ਸੜਕ ਕੰਢੇ ਪੂਰੀ ਨਿਗਰਾਨੀ ਲਈ ਬੈਠਾ ਹੁੰਦਾ ਹੈ। ਬੱਚੇ ਅਤੇ ਔਰਤਾਂ ਭੀਖ ਮੰਗ ਕੇ ਪੈਸੇ ਸ਼ਾਮ ਨੂੰ ਲਿਆ ਕੇ ਉਸ ਨੂੰ ਦੇ ਦਿੰਦੇ ਹਨ। ਕਈ ਫੁੱਟਪਾਥਾਂ 'ਤੇ ਤਾਂ ਪੂਰਾ ਪਰਿਵਾਰ ਹੀ ਬੈਠਾ ਹੁੰਦਾ ਹੈ। ਜ਼ਿਆਦਾਤਰ ਉੱਤਰ ਪ੍ਰਦੇਸ਼, ਮੱਧ ਪ੍ਰਦੇਸ਼, ਰਾਜਸਥਾਨ ਅਤੇ ਨੇਪਾਲ ਤੋਂ ਪਟਿਆਲਾ ਵਿਚ ਭਿਖਾਰੀ ਆਏ ਹੋਏ ਹਨ। ਇਨ੍ਹਾਂ ਨੇ ਆਪਣੀ ਰੋਜ਼ੀ-ਰੋਟੀ ਦਾ ਸਾਧਨ ਹੀ ਭੀਖ ਬਣਾਇਆ ਹੋਇਆ ਹੈ।

ਭੀਖ ਮੰਗਣ ਲਈ ਥਾਵਾਂ 'ਤੇ ਸਮਾਂ ਨਿਸ਼ਚਤ
ਭੀਖ ਮੰਗਣ ਵਿਚ ਵੀ ਭਿਖਾਰੀਆਂ ਨੇ ਸ਼ਹਿਰ ਦੀਆਂ ਵੱਖ-ਵੱਖ ਥਾਵਾਂ 'ਤੇ ਸ਼ਮਾਂ ਨਿਸ਼ਚਤ ਕੀਤਾ ਹੋਇਆ ਹੈ, ਜਿਵੇਂ ਕਿ ਐਤਵਾਰ ਨੂੰ ਸ਼੍ਰੀ ਕਾਲੀ ਮਾਤਾ ਮੰਦਰ, ਵੀਰਵਾਰ ਨੂੰ ਮਾਲ ਰੋਡ ਦਰਗਾਹ ਅੱਗੇ, ਮੰਗਲਵਾਰ ਨੂੰ ਰਾਜਪੁਰਾ ਰੋਡ ਅੱਗੇ, ਜੇਲ ਰੋਡ 'ਤੇ ਸਥਿਤ ਸ਼੍ਰੀ ਹਨੂਮਾਨ ਮੰਦਰ ਅੱਗੇ, ਪੰਚਮੀ ਅਤੇ ਹੋਰ ਧਾਰਮਕ ਸਮਾਗਮਾਂ ਮੌਕੇ ਜਾਂ ਐਵਤਾਰ ਨੂੰ ਗੁਰਦੁਆਰਾ ਸ੍ਰੀ ਦੂਖ ਨਿਵਾਰਨ ਸਾਹਿਬ ਅੱਗੇ ਇਹ ਲੋਕ ਭੀਖ ਮੰਗਦੇ ਆਮ ਦੇਖੇ ਜਾ ਸਕਦੇ ਹਨ। ਇਨ੍ਹਾਂ ਦਾ ਸਮਾਂ ਸਵੇਰੇ 8 ਤੋਂ ਲੈ ਕੇ ਰਾਤ ਦੇ 7.30 ਵਜੇ ਤੱਕ ਹੈ।

125 ਤੋਂ ਵੱਧ ਬੱਚੇ ਸੜਕਾਂ 'ਤੇ ਮੰਗਦੇ ਹਨ ਭੀਖ
ਇਕ ਸਰਵੇਖਣ ਮੁਤਾਬਕ 125 ਤੋਂ ਵੱਧ ਬੱਚੇ ਸੜਕਾਂ 'ਤੇ ਭੀਖ ਮੰਗ ਰਹੇ ਹਨ। ਇਹ ਨਾ ਤਾਂ ਸਕੂਲ ਜਾ ਰਹੇ ਹਨ ਅਤੇ ਨਾ ਹੀ ਉਨ੍ਹਾਂ ਦੇ ਮਾਪਿਆਂ ਨੂੰ ਉਨ੍ਹਾਂ ਦੇ ਭਵਿੱਖ ਬਾਰੇ ਕੋਈ ਚਿੰਤਾ ਹੈ। ਸਿਰਫ ਉਨ੍ਹਾਂ ਦੇ ਬਚਪਨ ਅਤੇ ਉਨ੍ਹਾਂ ਦੀ ਤਰਸਯੋਗ ਹਾਲਤ ਬਣਾ ਕੇ ਉਨ੍ਹਾਂ ਦੇ ਜ਼ਰੀਏ ਆਮਦਨ ਹਾਸਲ ਕਰਨਾ ਹੀ ਇਕ-ਨੁਕਾਤੀ ਪ੍ਰੋਗਰਾਮ ਹੈ। ਇਸ ਨੂੰ ਸਮਝਣ ਦੀ ਸਭ ਤੋਂ ਵੱਡੀ ਜ਼ਰੂਰਤ ਹੈ। ਪੰਜਾਬ ਅਤੇ ਖਾਸ ਤੌਰ 'ਤੇ ਪਟਿਆਲਾ ਇਕ ਅਜਿਹਾ ਸ਼ਹਿਰ ਹੈ, ਜਿਥੇ ਹਰ ਵਿਅਕਤੀ ਨੂੰ ਕੰਮ ਮਿਲ ਜਾਂਦਾ ਹੈ। ਭੀਖ ਮੰਗਣ ਦੀ ਮਜਬੂਰੀ ਸ਼ਾਇਦ ਹੀ ਕਿਸੇ ਦੀ ਬਣਦੀ ਹੋਵੇ। ਸਰੀਰਕ ਤੌਰ 'ਤੇ ਅੰਗਹੀਣ ਅਤੇ ਬਿਲਕੁਲ ਬਜ਼ੁਰਗ ਹੋ ਚੁੱਕੇ ਵਿਅਕਤੀ, ਜਿਹੜੇ ਕਿ ਕੰਮ ਕਰਨ ਵਿਚ ਅਸਮਰੱਥ ਹਨ, ਬਾਰੇ ਤਾਂ ਸੋਚਿਆ ਜਾ ਸਕਦਾ ਹੈ ਪਰ ਬੱਚਿਆਂ ਵੱਲੋਂ ਭੀਖ ਮੰਗਣਾ ਕਿਸੇ ਵੀ ਤਰੀਕੇ ਨਾਲ ਸਾਡੇ ਦੇਸ਼ ਦੇ ਭਵਿੱਖ ਲਈ ਸਹੀ ਨਹੀਂ।

2 ਸਾਲ ਪਹਿਲਾਂ ਪ੍ਰਸ਼ਾਸਨ ਨੇ ਚਲਾਈ ਸੀ ਮੁਹਿੰਮ
2 ਸਾਲ ਪਹਿਲਾਂ ਜ਼ਿਲਾ ਪ੍ਰਸ਼ਾਸਨ ਵੱਲੋਂ ਸ਼ਹਿਰ ਨੂੰ ਭਿਖਾਰੀ-ਮੁਕਤ ਕਰਨ ਲਈ ਵਿਸ਼ੇਸ਼ ਮੁਹਿੰਮ ਚਲਾਈ ਗਈ ਸੀ। ਇਸ ਵਿਚ 'ਹਰ ਹਾਥ ਕਲਮ' ਨਾਂ ਦੀ ਸੰਸਥਾ ਨੇ ਅਹਿਮ ਭੂਮਿਕਾ ਨਿਭਾਈ ਸੀ। 'ਹਰ ਹਾਥ ਕਲਮ' ਵਿਚ ਵਿਦਿਆਰਥੀ ਕੰਮ ਕਰਦੇ ਸਨ। ਉਨ੍ਹਾਂ ਵੱਲੋਂ ਉਸ ਸਮੇਂ ਕਾਫੀ ਸ਼ਲਾਘਾਯੋਗ ਕੰਮ ਕੀਤਾ ਗਿਆ ਸੀ। ਬੱਚਿਆਂ ਨੂੰ ਭੀਖ ਤੋਂ ਹਟਾ ਕੇ ਉਹ ਵਿਦਿਆਰਥੀ ਉਨ੍ਹਾਂ ਬੱਚਿਆਂ ਨੂੰ ਪੜ੍ਹਾਉਂਦੇ ਵੀ ਸਨ। 2 ਸਾਲ ਬਾਅਦ ਫਿਰ ਸਥਿਤੀ ਪਹਿਲਾਂ ਵਰਗੀ ਹੋ ਗਈ ਹੈ। ਭੀਖ ਨੂੰ ਪੇਸ਼ੇ ਵਜੋਂ ਅਪਣਾਉਣ ਵਾਲੇ ਪਰਿਵਾਰਾਂ ਨੇ ਪਹਿਲਾਂ ਵਾਲਾ ਪੇਸ਼ਾ ਹੀ ਅਪਣਾ ਲਿਆ ਹੈ। ਅੱਜ ਵੀ ਪਹਿਲਾਂ ਵਾਲੀਆਂ ਥਾਵਾਂ 'ਤੇ ਵੱਡੀ ਗਿਣਤੀ ਵਿਚ ਭਿਖਾਰੀ ਦੇਖੇ ਜਾ ਸਕਦੇ ਹਨ। ਪ੍ਰਸਾਸ਼ਨ ਵੱਲੋਂ ਹੁਣ ਇਸ ਵੱਲ ਧਿਆਨ ਨਹੀਂ ਦਿੱਤਾ ਜਾ ਰਿਹਾ। ਇਸ ਪੇਸ਼ੇ ਵਿਚ ਇਕ ਹੋਰ ਅਹਿਮ ਜਾਣਕਾਰੀ ਇਹ ਸਾਹਮਣੇ ਆ ਰਹੀ ਹੈ ਕਿ ਦੂਜੇ ਰਾਜਾਂ ਦੇ ਭਿਖਾਰੀਆਂ ਦੇ ਨਾਲ-ਨਾਲ ਕੁਝ ਸਥਾਨਕ ਬੱਚੇ ਵੀ ਇਸ ਪੇਸ਼ੇ ਵਿਚ ਦੇਖੇ ਜਾ ਰਹੇ ਹਨ।


Shyna

Content Editor

Related News