ਮੋਗਾ ਸਿਵਲ ਹਸਪਤਾਲ ''ਚ ਮਚੀ ਹਫੜਾ-ਦਫੜੀ, ਦਾਦੀ ਹੱਥੋਂ ਰੋਂਦਾ ਬੱਚਾ ਗੋਦੀ ''ਚ ਚੁੱਕ ਨੌਜਵਾਨ ਫ਼ਰਾਰ (ਤਸਵੀਰਾਂ)
Sunday, Dec 05, 2021 - 11:08 AM (IST)
ਮੋਗਾ (ਸੰਦੀਪ ਸ਼ਰਮਾ) : ਜ਼ਿਲ੍ਹਾ ਪੱਧਰੀ ਸਿਵਲ ਹਸਪਤਾਲ ਦੇ ਜੱਚਾ-ਬੱਚਾ ਵਾਰਡ ਵਿਚ ਉਸ ਸਮੇਂ ਹਫੜਾ-ਦਫੜੀ ਦਾ ਮਾਹੌਲ ਬਣ ਗਿਆ, ਜਦੋਂ ਇਕ 10 ਮਹੀਨੇ ਦੇ ਰੋਂਦੇ ਹੋਏ ਬੱਚੇ ਨੂੰ ਉਸ ਦੀ ਦਾਦੀ ਤੋਂ ਇਕ ਵਿਅਕਤੀ ਸ਼ੱਕੀ ਹਾਲਾਤ ’ਚ ਚੁੱਪ ਕਰਵਾਉਣ ਦੀ ਗੱਲ ਕਹਿ ਕੇ ਆਪਣੀ ਗੋਦ ਵਿਚ ਚੁੱਕ ਕੇ ਹਸਪਤਾਲ ਤੋਂ ਖ਼ਿਸਕ ਗਿਆ। ਪਹਿਲਾਂ ਤਾਂ ਪਰਿਵਾਰਿਕ ਮੈਂਬਰ ਉਸ ਵਿਅਕਤੀ ’ਤੇ ਭਰੋਸਾ ਕਰ ਕੇ ਉਸ ਦੀ ਉਡੀਕ ਕਰਦੇ ਰਹੇ, ਪਰ ਜਦੋਂ ਲੰਮਾ ਸਮਾਂ ਬੀਤ ਜਾਣ ਤੱਕ ਉਕਤ ਵਿਅਕਤੀ ਬੱਚੇ ਨੂੰ ਲੈ ਕੇ ਵਾਪਸ ਨਾ ਆਇਆ ਤਾਂ ਬੱਚੇ ਦੀ ਮਾਂ ਅਤੇ ਦੂਜੇ ਪਰਿਵਾਰਿਕ ਮੈਂਬਰਾਂ ਨੇ ਰੌਲਾ ਪਾਉਣਾ ਸ਼ੁਰੂ ਕਰ ਦਿੱਤਾ। ਇਸ ਤਰ੍ਹਾਂ ਉਨ੍ਹਾਂ ਦਾ ਬੱਚਾ ਗਾਇਬ ਹੋਣ ਸਬੰਧੀ ਖ਼ੁਲਾਸਾ ਹੋਇਆ। ਘਟਨਾ ਦੀ ਸੂਚਨਾ ਮਿਲਦੇ ਹੀ ਥਾਣਾ ਸਿਟੀ ਟੂ ਦੇ ਸਬ-ਇੰਸਪੈਕਟਰ ਬਲਵਿੰਦਰ ਸਿੰਘ ਪੁਲਸ ਪਾਰਟੀ ਸਮੇਤ ਮੌਕੇ ’ਤੇ ਪੁੱਜੇ ਅਤੇ ਹਸਪਤਾਲ ਦੇ ਸੀ. ਸੀ. ਟੀ. ਵੀ. ਕੈਮਰਿਆਂ ਨੂੰ ਖੰਗਾਲਿਆ ਅਤੇ ਪੀੜਤ ਪਰਿਵਾਰ ਦੇ ਬਿਆਨ ਦਰਜ ਕਰ ਕੇ ਅਗਲੇਰੀ ਕਾਰਵਾਈ ਸ਼ੁਰੂ ਕੀਤੀ। ਖ਼ਬਰ ਲਿਖੇ ਜਾਣ ਤੱਕ ਅਤੇ ਘਟਨਾ ਦੇ ਤਿੰਨ ਘੰਟੇ ਬੀਤ ਜਾਣ ਦੇ ਬਾਅਦ ਵੀ ਪੁਲਸ ਦੇ ਹੱਥ ਕੁੱਝ ਨਹੀਂ ਲੱਗ ਸਕਿਆ।
ਇਹ ਵੀ ਪੜ੍ਹੋ : ਪੰਜਾਬ 'ਚ ਮੁੜ ਸਰਗਰਮ ਹੋਣ ਲੱਗੇ 'ਕੋਰੋਨਾ' ਕੇਸ, 4 ਸਕੂਲੀ ਵਿਦਿਆਰਥੀਆਂ ਸਣੇ 2 ਦੀ ਰਿਪੋਰਟ ਪਾਜ਼ੇਟਿਵ
ਪਿੰਡ ਰੌਂਤਾ ਵਾਸੀ ਜਨਾਨੀ ਕਰਵਾਉਣ ਆਈ ਸੀ ਨਸਬੰਦੀ ਦਾ ਆਪਰੇਸ਼ਨ
ਘਟਨਾ ਦਾ ਸ਼ਿਕਾਰ ਹੋਏ ਪੀੜਤ ਪਰਿਵਾਰ ਜਿਸ ਵਿਚ ਬੱਚੇ ਦੀ ਮਾਂ ਸਿਮਰ ਕੌਰ, ਉਸ ਦੇ ਪਤੀ ਕਰਮਜੀਤ ਸਿੰਘ ਅਤੇ ਦਾਦੀ ਪਰਮਜੀਤ ਕੌਰ ਨੇ ਦੱਸਿਆ ਕਿ ਉਨ੍ਹਾਂ ਦੇ ਦੋ ਜੁੜਵਾਂ ਬੇਟੇ ਹਨ। ਪਰਮਜੀਤ ਕੌਰ ਨੇ ਦੱਸਿਆ ਕਿ ਉਹ ਸਵੇਰੇ ਪਰਿਵਾਰ ਨਿਯੋਜਨ ਤਹਿਤ ਆਪਣੀ ਨੂੰਹ ਸਿਮਰ ਕੌਰ ਦਾ ਆਪਰੇਸ਼ਨ ਕਰਵਾਉਣ ਲਈ ਜ਼ਿਲ੍ਹਾ ਪੱਧਰੀ ਸਿਵਲ ਹਸਪਤਾਲ ਦੇ ਜੱਚਾ-ਬੱਚਾ ਵਾਰਡ ਵਿਚ ਆਈ ਸੀ। ਆਪਰੇਸ਼ਨ ਕਰਵਾਉਣ ਦੇ ਬਾਅਦ ਸਿਮਰ ਕੌਰ ਹੇਠਾਂ ਗਰਾਊਂਡ ਫਲੋਰ ’ਤੇ ਥੋੜ੍ਹੀ ਦੇਰ ਆਰਾਮ ਕਰਨ ਲਈ ਬੈਠੀ ਸੀ। ਨਾਲ ਹੀ ਬੱਚੇ ਦੀ ਦਾਦੀ ਪਰਮਜੀਤ ਕੌਰ ਗਈ ਸੀ ਕਿ ਇੰਨ੍ਹੇ ਵਿਚ ਦੋਨੋਂ ਬੱਚੇ ਰੋਣ ਲੱਗੇ ਅਤੇ ਜ਼ਿੱਦ ਕਰਨ ਲੱਗੇ, ਜਿਸ ਨੂੰ ਦੇਖਦੇ ਹੋਏ ਇਕ 25 ਤੋਂ 20 ਸਾਲਾ ਨੌਜਵਾਨ, ਜੋ ਉੱਥੇ ਹੀ ਘੁੰਮ ਰਿਹਾ ਸੀ, ਉਨ੍ਹਾਂ ਕੋਲ ਆਇਆ ਅਤੇ ਬੱਚੇ ਨੂੰ ਚੁੱਪ ਕਰਵਾਉਣ ਲਈ ਬਹਾਨੇ ਅਤੇ ਆਪਣਾ ਪਿੰਡ ਚੜਿੱਕ ਦੱਸਦੇ ਹੋਏ ਬੱਚੇ ਨੂੰ ਗੋਦ ’ਚ ਚੁੱਕ ਲਿਆ ਅਤੇ ਵਾਰਡ ਦੇ ਬਾਹਰ ਲੈ ਗਿਆ। ਉਕਤ ਨੌਜਵਾਨ ਆਪਣੀ ਭੈਣ ਦੇ ਵੀ ਇੱਥੇ ਦਾਖ਼ਲ ਹੋਣ ਸਬੰਧੀ ਕਹਿ ਰਿਹਾ ਸੀ, ਜਿਸ ਦੇ ਚੱਲਦੇ ਉਹ ਉਸ ’ਤੇ ਭਰੋਸਾ ਕਰ ਬੈਠੇ, ਜਿਸ ਦਾ ਫ਼ਾਇਦਾ ਚੁੱਕ ਕੇ ਉਕਤ ਨੌਜਵਾਨ ਬੱਚੇ ਨੂੰ ਚੁੱਕ ਕੇ ਫ਼ਰਾਰ ਹੋ ਗਿਆ।
ਇਹ ਵੀ ਪੜ੍ਹੋ : 'ਸੁਨੀਲ ਜਾਖੜ' ਦੀ ਨਾਰਾਜ਼ਗੀ ਜਲਦ ਦੂਰ ਕਰੇਗੀ ਕਾਂਗਰਸ, ਸੌਂਪੇਗੀ ਅਹਿਮ ਜ਼ਿੰਮੇਵਾਰੀ
ਕੀ ਕਹਿੰਦੇ ਹਨ ਸਿਵਲ ਹਸਪਤਾਲ ਦੇ ਐੱਸ. ਐੱਮ. ਓ.
ਸਿਵਲ ਹਸਪਤਾਲ ਦੇ ਐੱਸ. ਐੱਮ. ਓ. ਡਾ. ਸੁਖਬੀਰ ਸਿੰਘ ਬਰਾੜ ਦਾ ਕਹਿਣਾ ਹੈ ਕਿ ਇਸ ਤਰ੍ਹਾਂ ਬੱਚੇ ਨੂੰ ਅਣਜਾਣੇ ਵਿਅਕਤੀ ਨੂੰ ਸੌਂਪਣਾ ਬਹੁਤ ਵੱਡੀ ਗਲਤੀ ਹੈ, ਜਿਸ ਦਾ ਖਮਿਆਜ਼ਾ ਉਕਤ ਪਰਿਵਾਰ ਨੂੰ ਭੁਗਤਣਾ ਪੈ ਰਿਹਾ ਹੈ। ਐੱਸ. ਐੱਮ. ਓ. ਨੇ ਕਿਹਾ ਕਿ ਉਨ੍ਹਾਂ ਵੱਲੋਂ ਪੁਲਸ ਦੀ ਜਾਂਚ ਵਿਚ ਪਰਿਵਾਰ ਦਾ ਪੂਰਾ ਸਹਿਯੋਗ ਕੀਤਾ ਜਾਵੇਗਾ ਅਤੇ ਸੀ. ਸੀ. ਟੀ. ਵੀ. ਕੈਮਰੇ ਦੀ ਸਹਾਇਤਾ ਨਾਲ ਜੋ ਵੀ ਸਬੂਤ ਮਿਲੇਗਾ, ਉਹ ਸੌਂਪੇ ਜਾਣਗੇ ਤਾਂ ਕਿ ਬੱਚੇ ਦਾ ਪਤਾ ਲਗਾਇਆ ਜਾ ਸਕੇ।
ਇਹ ਵੀ ਪੜ੍ਹੋ : ਹੈਵਾਨ ਬਣੇ ਅਖੌਤੀ ਬਾਬੇ ਨੇ ਦਰਿੰਦਗੀ ਦੀਆਂ ਵੀ ਟੱਪੀਆਂ ਹੱਦਾਂ, ਪਤਨੀ ਦੇ ਦੋਵੇਂ ਹੱਥ ਗਰਮ ਤਵੇ 'ਤੇ ਸਾੜੇ
ਪੁਲਸ ਕਰ ਰਹੀ ਗੰਭੀਰਤਾ ਨਾਲ ਮਾਮਲੇ ਦੀ ਜਾਂਚ : ਸਬ-ਇੰਸਪੈਕਟਰ ਬਲਵਿੰਦਰ ਸਿੰਘ
ਜਾਂਚ ਅਧਿਕਾਰੀ ਸਬ-ਇੰਸਪੈਕਟਰ ਬਲਵਿੰਦਰ ਸਿੰਘ ਨੇ ਕਿਹਾ ਕਿ ਉਹ ਮਾਮਲੇ ਨੂੰ ਗੰਭੀਰਤਾ ਨਾਲ ਲੈ ਰਹੇ ਹਨ ਤਾਂ ਕਿ ਉਕਤ ਬੱਚੇ ਨੂੰ ਬਰਾਮਦ ਕਰ ਕੇ ਉਸ ਦੇ ਪਰਿਵਾਰ ਨੂੰ ਸੌਂਪਿਆ ਜਾ ਸਕੇ। ਪੁਲਸ ਜਾਂਚ ਕਰਨ ਸਮੇਤ ਪੀੜਤ ਪਰਿਵਾਰ ਦੇ ਬਿਆਨ ਲੈ ਰਹੀ ਹੈ।
ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ