ਪੰਜਾਬ ਦੇ 11 ਜ਼ਿਲਿਆਂ ''ਚ ''ਬੱਚੇ-ਮਾਂ ਦੀ ਦੇਖਭਾਲ'' ਸਬੰਧੀ ਸੇਵਾਵਾਂ ''ਚ ਘਾਟ
Monday, Jul 22, 2019 - 11:10 AM (IST)

ਚੰਡੀਗੜ੍ਹ : ਪੰਜਾਬ ਸਰਕਾਰ ਵਲੋਂ ਬੱਚੇ ਅਤੇ ਮਾਵਾਂ ਦੀ ਦੇਖਭਾਲ ਲਈ ਮੁਹੱਈਆ ਕਰਾਈਆਂ ਗਈਆਂ ਸੇਵਾਵਾਂ 'ਚ ਸੂਬੇ ਦੇ ਕਰੀਬ ਅੱਧੇ ਜ਼ਿਲੇ ਪੱਛੜੇ ਹੋਏ ਹਨ। ਇਹ ਖੁਲਾਸਾ ਕੇਂਦਰੀ ਸਿਹਤ ਅਤੇ ਪਰਿਵਾਰ ਕਲਿਆਣ ਮੰਤਰਾਲੇ ਵਲੋਂ ਇਕੱਠੇ ਕੀਤੇ ਗਏ ਆਂਕੜਿਆਂ 'ਚ ਹੋਇਆ ਹੈ। ਮਾਵਾਂ ਅਤੇ ਬੱਚਿਆਂ ਦੀ ਸਿਹਤ ਬਾਰੇ ਤਿਆਰ ਕੀਤੇ ਗਏ ਤਾਜ਼ਾ ਸਕੋਰਕਾਰਡ ਮੁਤਾਬਕ ਸਰਹੱਦੀ ਇਲਾਕਿਆਂ 'ਚ ਪੈਂਦੇ 6 ਜ਼ਿਲਿਆਂ ਨੂੰ ਇਸ ਦੇ ਲਈ 'ਵੈਰੀ ਲੋਅ ਪਰਫਾਰਮਿੰਗ' ਦਾ ਦਰਜਾ ਦਿੱਤਾ ਗਿਆ ਹੈ, ਜਿਨ੍ਹਾਂ 'ਚ ਤਰਨਤਾਰਨ, ਮੁਕਤਸਰ, ਫਾਜ਼ਿਲਕਾ, ਫਰੀਦਕੋਟ, ਫਿਰੋਜ਼ਪੁਰ ਅਤੇ ਮੋਗਾ ਸ਼ਾਮਲ ਹਨ ਅਤੇ 5 ਜ਼ਿਲਿਆਂ ਨੂੰ 'ਲੋਅ ਪਰਫਾਰਮਿੰਗ' ਦਾ ਦਰਜਾ ਦਿੱਤਾ ਗਿਆ ਹੈ, ਜਿਨ੍ਹਾਂ 'ਚ ਪਟਿਆਲਾ, ਬਠਿੰਡਾ, ਬਰਨਾਲਾ, ਕਪੂਰਥਲਾ ਅਤੇ ਮਾਨਸਾ ਆਉਂਦੇ ਹਨ।
ਮਤਲਬ ਕਿ ਮਾਵਾਂ ਅਤੇ ਬੱਚਿਆਂ ਦੀ ਸਿਹਤ ਸੰਬਧੀ ਸੂਬੇ ਦੇ ਕੁੱਲ 22 ਜ਼ਿਲਿਆਂ 'ਚੋਂ 11 ਜ਼ਿਲਿਆਂ 'ਚ ਸਹੂਲਤਾਵਾਂ ਦੀ ਬਹੁਤ ਜ਼ਿਆਦਾ ਘਾਟ ਹੈ। ਕੇਂਦਰੀ ਮੰਤਰਾਲਾ ਹਰ ਸਾਲ ਹਰ ਸੂਬੇ 'ਚ ਬੁਨਿਆਂਦੀ ਢਾਂਚੇ ਅਤੇ ਸੇਵਾਵਾਂ 'ਤੇ ਹਰ ਜ਼ਿਲੇ ਦਾ ਸਕੋਰ ਤਿਆਰ ਕਰਦਾ ਹੈ, ਜੋ ਕਿ ਜ਼ਿਲੇ 'ਚ ਮਿਲ ਰਹੀਆਂ ਸਹੂਲਤਾਵਾਂ ਨੂੰ ਦਰਸਾਉਂਦਾ ਹੈ। ਇਸ ਬਾਰੇ ਪੰਜਾਬ ਦੇ ਸਿਹਤ ਮੰਤਰੀ ਬਲਬੀਰ ਸਿੰਘ ਸਿੱਧੂ ਦਾ ਕਹਿਣਾ ਹੈ ਕਿ ਕਾਂਗਰਸ ਸਰਕਾਰ ਇਸ ਸਥਿਤੀ ਨੂੰ ਸੁਧਾਰਨ ਲਈ ਕਾਫੀ ਯਤਨ ਕਰ ਰਹੀ ਹੈ। ਉਨ੍ਹਾਂ ਕਿਹਾ ਕਿ ਲੋਕਾਂ ਨੂੰ ਵਧੀਆ ਸਿਹਤ ਸਹੂਲਤਾਂਵਾਂ ਦੇਣ ਲਈ ਲਗਾਤਾਰ ਕੰਮ ਜਾਰੀ ਰੱਖਿਆ ਜਾਵੇਗਾ।