27 ਸਾਲ ਦੇ ਨਸ਼ੇੜੀ ਦੇ ਲੜ ਲਾਉਣ ਲੱਗੇ ਸੀ 14 ਸਾਲਾ ਕੁੜੀ, ਮੌਕੇ 'ਤੇ ਪਹੁੰਚ ਗਿਆ ਪ੍ਰਸ਼ਾਸਨ ਤੇ...

Tuesday, Dec 05, 2023 - 11:11 PM (IST)

27 ਸਾਲ ਦੇ ਨਸ਼ੇੜੀ ਦੇ ਲੜ ਲਾਉਣ ਲੱਗੇ ਸੀ 14 ਸਾਲਾ ਕੁੜੀ, ਮੌਕੇ 'ਤੇ ਪਹੁੰਚ ਗਿਆ ਪ੍ਰਸ਼ਾਸਨ ਤੇ...

ਤਰਨਤਾਰਨ (ਰਮਨ) : ਜ਼ਿਲ੍ਹੇ ਦੀ ਇਕ 14 ਸਾਲਾ ਨਾਬਾਲਗ ਲੜਕੀ ਦਾ 27 ਸਾਲ ਦੇ ਲੜਕੇ ਨਾਲ ਹੋਣ ਜਾ ਰਹੇ ਵਿਆਹ ਨੂੰ ਜ਼ਿਲ੍ਹਾ ਪ੍ਰਸ਼ਾਸਨ ਨੇ ਗੁਪਤ ਸੂਚਨਾ ਦੇ ਆਧਾਰ ’ਤੇ ਰੋਕਦਿਆਂ ਅਗਲੀ ਕਾਨੂੰਨੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਜਾਣਕਾਰੀ ਅਨੁਸਾਰ ਵਿਧਾਨ ਸਭਾ ਹਲਕਾ ਪੱਟੀ ਅਧੀਨ ਆਉਂਦੇ ਇਕ ਪਿੰਡ ਦੀ 14 ਸਾਲਾ ਨਾਬਾਲਗ ਕੁੜੀ ਜੋ ਪਿੰਡ ਦੇ ਸਰਕਾਰੀ ਸਕੂਲ ਦੀ 7ਵੀਂ ਜਮਾਤ ’ਚ ਪੜ੍ਹਾਈ ਕਰ ਰਹੀ ਸੀ, ਦਾ ਉਸ ਦੇ ਮਾਪਿਆਂ ਵੱਲੋਂ ਗਰੀਬੀ ਦੇ ਚੱਲਦਿਆਂ ਚੰਗੀ ਦੇਖਭਾਲ ਨਾ ਕਰਨ ਕਰਕੇ ਕਿਸੇ ਵਰਕਸ਼ਾਪ ’ਚ ਕੰਮ ਕਰਨ ਵਾਲੇ 27 ਸਾਲ ਦੇ ਲੜਕੇ ਜੋ ਨਸ਼ੇ ਦਾ ਆਦੀ ਹੈ, ਨਾਲ ਤੈਅ ਕਰ ਦਿੱਤਾ ਗਿਆ।

ਇਹ ਵਿਆਹ ਆਉਣ ਵਾਲੀ 15 ਦਸੰਬਰ ਨੂੰ ਹੋਣ ਜਾ ਰਿਹਾ ਸੀ, ਜਿਸ ਦੀ ਗੁਪਤ ਸੂਚਨਾ ਬਾਲ ਸੁਰੱਖਿਆ ਅਫ਼ਸਰ ਰਾਜੇਸ਼ ਕੁਮਾਰ ਨੂੰ ਪ੍ਰਾਪਤ ਹੋਣ ਤੋਂ ਬਾਅਦ ਸਾਰਾ ਮਾਮਲਾ ਜ਼ਿਲ੍ਹੇ ਦੇ ਡਿਪਟੀ ਕਮਿਸ਼ਨਰ ਸੰਦੀਪ ਕੁਮਾਰ ਦੇ ਧਿਆਨ ’ਚ ਲਿਆਂਦਾ ਗਿਆ, ਜਿਨ੍ਹਾਂ ਵੱਲੋਂ ਦਿੱਤੇ ਸਖਤ ਆਦੇਸ਼ਾਂ ’ਤੇ ਕਾਰਵਾਈ ਕਰਦਿਆਂ ਜ਼ਿਲ੍ਹਾ ਬਾਲ ਸੁਰੱਖਿਆ ਅਫ਼ਸਰ ਰਾਜੇਸ਼ ਕੁਮਾਰ ਦੀ ਅਗਵਾਈ ਵਾਲੀ ਵਿਸ਼ੇਸ਼ ਟੀਮ ਨੇ ਪਹਿਲਾਂ ਲੜਕੀ ਦੇ ਪਰਿਵਾਰ ਨਾਲ ਸੰਪਰਕ ਕਰਕੇ ਸਾਰੀ ਜਾਣਕਾਰੀ ਹਾਸਲ ਕੀਤੀ।

ਇਹ ਵੀ ਪੜ੍ਹੋ : ਨਹੀਂ ਰਹੇ ਸਾਬਕਾ ਵਿਧਾਇਕ ਰਣਜੀਤ ਸਿੰਘ ਤਲਵੰਡੀ, PGI 'ਚ ਲਿਆ ਆਖਰੀ ਸਾਹ

ਜਾਣਕਾਰੀ ਦਿੰਦਿਆਂ ਜ਼ਿਲ੍ਹਾ ਬਾਲ ਸੁਰੱਖਿਆ ਅਫ਼ਸਰ ਰਾਜੇਸ਼ ਕੁਮਾਰ ਨੇ ਦੱਸਿਆ ਕਿ ਵਿਆਹੀ ਜਾਣ ਵਾਲੀ ਨਾਬਾਲਗ ਲੜਕੀ ਬਹੁਤ ਜ਼ਿਆਦਾ ਸਹਿਮ ਚੁੱਕੀ ਸੀ, ਜੋ ਇਸ ਵਿਆਹ ਤੋਂ ਬਿਲਕੁਲ ਰਾਜ਼ੀ ਨਹੀਂ ਸੀ ਪਰ ਉਸ ਦਾ ਵਿਆਹ ਉਸ ਦੇ ਦਿਹਾੜੀ ਕਰਨ ਵਾਲੇ ਮਾਤਾ-ਪਿਤਾ ਵੱਲੋਂ ਜ਼ਬਰਦਸਤੀ ਤੈਅ ਕਰ ਦਿੱਤਾ ਗਿਆ। ਰਾਜੇਸ਼ ਕੁਮਾਰ ਨੇ ਦੱਸਿਆ ਕਿ ਪਰਿਵਾਰਕ ਮੈਂਬਰਾਂ ਅਤੇ ਬੱਚੀ ਨੂੰ ਬਾਲ ਵਿਆਹ ਦੇ ਕਰਨ ਦੌਰਾਨ ਹੋਣ ਵਾਲੀ ਸਜ਼ਾ ਸਬੰਧੀ ਸਾਰੀ ਜਾਣਕਾਰੀ ਦੇਣ ਤੋਂ ਬਾਅਦ ਇਹ ਵਿਆਹ ਸਬੰਧੀ ਪ੍ਰੋਗਰਾਮ ਰੱਦ ਕਰ ਦਿੱਤਾ ਗਿਆ ਹੈ। ਇਸ ਦੌਰਾਨ ਡਿਪਟੀ ਕਮਿਸ਼ਨਰ ਵੱਲੋਂ ਨਾਬਾਲਗ ਲੜਕੀ ਦੀ ਪਾਲਣ-ਪੋਸ਼ਣ ਲਈ 4000 ਪ੍ਰਤੀ ਮਹੀਨਾ ਸਪਾਂਸਰਸ਼ਿਪ ਸ਼ੁਰੂ ਕਰ ਦਿੱਤੀ ਗਈ ਹੈ। ਉਨ੍ਹਾਂ ਦੱਸਿਆ ਕਿ ਇਸ ਤੋਂ ਬਾਅਦ ਉਨ੍ਹਾਂ ਵੱਲੋਂ ਲੜਕੇ ਦੇ ਪਰਿਵਾਰਕ ਮੈਂਬਰਾਂ ਨਾਲ ਸੰਪਰਕ ਕਰਦਿਆਂ ਉਨ੍ਹਾਂ ਦੇ ਬਿਆਨ ਦਰਜ ਕਰ ਲਏ ਗਏ ਹਨ।

ਇਸ ਮੌਕੇ ਹਾਜ਼ਰ ਪਿੰਡ ਦੇ ਸਰਪੰਚ ਅਤੇ ਪੁਲਸ ਮੁਲਾਜ਼ਮਾਂ ਨੂੰ ਬੱਚੀ ਦਾ ਲਗਾਤਾਰ ਧਿਆਨ ਰੱਖਣ ਲਈ ਕਿਹਾ ਗਿਆ। ਜ਼ਿਲ੍ਹਾ ਬਾਲ ਸੁਰੱਖਿਆ ਅਫ਼ਸਰ ਤਰਨਤਾਰਨ ਨੇ ਦੋਵਾਂ ਧਿਰਾਂ ਨੂੰ ਸਮਝਾਇਆ ਕਿ ਵਿਆਹ ਲਈ ਸਰਕਾਰ ਵੱਲੋਂ ਲੜਕੇ ਦੀ ਉਮਰ 21 ਸਾਲ ਤੇ ਲੜਕੀ ਦੀ ਉਮਰ 18 ਸਾਲ ਨਿਰਧਾਰਿਤ ਕੀਤੀ ਗਈ ਹੈ, ਜੇਕਰ ਕੋਈ ਨਾਬਾਲਗ ਲੜਕੀ ਜਾਂ ਲੜਕੇ ਵਿਆਹ ਕਰਵਾਉਂਦਾ ਹੈ ਤਾਂ ਦੋਵਾਂ ਪਰਿਵਾਰਾਂ, ਵਿਆਹ ਕਰਵਾਉਣ ਵਾਲਿਆਂ ਅਤੇ ਇਸ ਵਿਆਹ ’ਚ ਸ਼ਾਮਲ ਹੋਣ ਵਾਲੇ ਸਾਰਿਆਂ ’ਤੇ ਪਰਚਾ ਦਰਜ ਕੀਤਾ ਜਾਂਦਾ ਹੈ।

ਇਹ ਵੀ ਪੜ੍ਹੋ : 5 ਸਾਲ ਦੇ ਇੰਤਜ਼ਾਰ ਤੋਂ ਬਾਅਦ ਭਾਰਤ ਪਹੁੰਚੀ ਪਾਕਿਸਤਾਨੀ 'ਲਾੜੀ', ਜਨਵਰੀ 'ਚ ਕਰੇਗੀ ਵਿਆਹ

ਇਸ ਸਬੰਧੀ ਜਾਣਕਾਰੀ ਦਿੰਦਿਆਂ ਡੀ.ਸੀ. ਸੰਦੀਪ ਕੁਮਾਰ ਨੇ ਦੱਸਿਆ ਕਿ ਬਾਲ ਵਿਆਹ ਕਰਨਾ ਅਤੇ ਕਰਵਾਉਣਾ ਕਾਨੂੰਨੀ ਜੁਰਮ ਹੈ। ਇਸ ਮਾਮਲੇ 'ਚ ਲੜਕੀ ਦੀ ਸਪਾਂਸਰਪਿਸ਼ ਸ਼ੁਰੂ ਕਰਵਾ ਦਿੱਤੀ ਗਈ ਹੈ ਅਤੇ ਉਸ ਦੀ ਪੜ੍ਹਾਈ ਲਗਾਤਾਰ ਜਾਰੀ ਰਹੇਗੀ। ਉਨ੍ਹਾਂ ਕਿਹਾ ਕਿ ਜੇ ਲੜਕੀ ਦਾ ਵਿਆਹ ਕਰਵਾਉਣ ਲਈ ਕੋਸ਼ਿਸ਼ ਕੀਤੀ ਗਈ ਤਾਂ ਕਾਨੂੰਨੀ ਤੌਰ ’ਤੇ ਪਰਚਾ ਦਰਜ ਕਰਵਾਇਆ ਜਾਵੇਗਾ।

ਨੋਟ:- ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿੱਚ ਜ਼ਰੂਰ ਸਾਂਝੇ ਕਰੋ।

ਜਗ ਬਾਣੀ ਈ-ਪੇਪਰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇਸ ਲਿੰਕ 'ਤੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

 For IOS:- https://itunes.apple.com/in/app/id538323711?mt=8


author

Mukesh

Content Editor

Related News