ਚਾਈਲਡ ਹੈਲਪ ਦੀ ਟੀਮ ਨੇ ਕੋਠੀ ''ਚ ਕੰਮ ਕਰਨ ਵਾਲੇ 11 ਸਾਲਾ ਬੱਚੇ ਨੂੰ ਛੁਡਵਾਇਆ
Thursday, Jan 09, 2020 - 11:24 AM (IST)
ਚੰਡੀਗੜ੍ਹ (ਸੁਸ਼ੀਲ) : ਸੈਕਟਰ-35 ਸਥਿਤ ਕੋਠੀ 'ਚ ਛਾਪਾ ਮਾਰ ਕੇ ਲੈਬਰ ਇੰਸਪੈਕਟਰ ਨੇ 11 ਸਾਲਾ ਬੱਚੇ ਨੂੰ ਮੁਕਤ ਕਰਵਾਇਆ ਹੈ। ਕੋਠੀ ਅੰਦਰ ਬੱਚੇ ਤੋਂ ਜ਼ਬਰਦਸਤੀ ਕੰਮ ਕਰਵਾਇਆ ਜਾ ਰਿਹਾ ਸੀ, ਜਿਸ ਦੀ ਸ਼ਿਕਾਇਤ ਵੂਮੈਨ ਐਂਡ ਚਾਈਲਡ ਹੈਲਪਲਾਈਨ 'ਤੇ ਮਿਲੀ ਸੀ। ਲੇਬਰ ਇੰਸਪੈਕਟਰ ਰਾਮਪਾਲ ਕਟਾਰੀਆ ਦੀ ਸ਼ਿਕਾਇਤ 'ਤੇ ਸੈਕਟਰ-36 ਥਾਣਾ ਪੁਲਸ ਨੇ ਕੋਠੀ ਮਾਲਕਣ ਬਲਵਿੰਦਰ ਕੌਰ ਖਿਲਾਫ ਜੁਵੇਨਾਈਲ ਜਸਟਿਸ ਐਕਟ ਤਹਿਤ ਮਾਮਲਾ ਦਰਜ ਕੀਤਾ ਹੈ। ਲੇਬਰ ਇੰਸਪੈਕਟਰ ਰਾਮਪਾਲ ਕਟਾਰੀਆ ਨੇ ਪੁਲਸ ਨੂੰ ਦਿੱਤੀ ਸ਼ਿਕਾਇਤ 'ਚ ਦੱਸਿਆ ਕਿ 7 ਜਨਵਰੀ ਨੂੰ ਵੂਮੈਨ ਐਂਡ ਚਾਈਲਡ ਹੈਲਪਲਾਈਨ 'ਤੇ ਕਿਸੇ ਨੇ ਸੂਚਨਾ ਦਿੱਤੀ ਕਿ ਸੈਕਟਰ-35 ਸਥਿਤ ਕੋਠੀ ਨੰ. 3279 'ਚ 11 ਸਾਲਾ ਬੱਚੇ ਤੋਂ ਜ਼ਬਰਦਸਤੀ ਕੰਮ ਕਰਵਾਇਆ ਜਾ ਰਿਹਾ ਹੈ।
ਸੂਚਨਾ ਮਿਲਦੇ ਹੀ ਬੱਚੇ ਨੂੰ ਰਿਲੀਜ਼ ਕਰਾਉਣ ਲਈ ਇੰਸਪੈਕਟਰ ਰਾਮਪਾਲ ਕਟਾਰੀਆ ਦੀ ਅਗਵਾਈ 'ਚ ਸਪੈਸ਼ਲ ਟੀਮ ਬਣਾਈ ਗਈ। ਟੀਮ ਨੇ ਕੋਠੀ 'ਤੇ ਛਾਪਾ ਮਾਰਿਆ। ਛਾਪੇਮਾਰੀ ਦੌਰਾਨ 11 ਸਾਲਾ ਮਾਸੂਮ ਕੋਠੀ 'ਚ ਕੰਮ ਕਰਦਾ ਹੋਇਆ ਮਿਲਿਆ। ਲੇਬਰ ਇੰਸਪੈਕਟਰ ਨੇ ਬੱਚੇ ਨੂੰ ਕੋਠੀ ਤੋਂ ਰਿਲੀਜ਼ ਕਰਵਾ ਕੇ ਸਨੇਹਾਲਿਆ 'ਚ ਭਿਜਵਾ ਦਿੱਤਾ, ਨਾਲ ਹੀ ਇੰਸਪੈਕਟਰ ਨੇ ਕੋਠੀ ਮਾਲਕਣ ਬਲਵਿੰਦਰ ਕੌਰ ਖਿਲਾਫ ਮਾਮਲਾ ਦਰਜ ਕਰਵਾਇਆ। ਜਾਂਚ 'ਚ ਪਤਾ ਲੱਗਾ ਕਿ ਰਿਲੀਜ਼ ਕਰਵਾਇਆ ਗਿਆ ਬੱਚਾ ਉਤਰ ਪ੍ਰਦੇਸ਼ ਦੇ ਪਿੰਡ ਮੁਜ਼ੱਫਰਨਗਰ ਸਰਾਏ ਦਾ ਰਹਿਣ ਵਾਲਾ ਹੈ। ਸੈਕਟਰ-36 ਥਾਣਾ ਪੁਲਸ ਨੇ ਬੱਚੇ ਦੇ ਵਾਰਸਾਂ ਨੂੰ ਮਾਮਲੇ ਦੀ ਸੂਚਨਾ ਦੇ ਦਿੱਤੀ ਹੈ। ਵਾਰਸਾਂ ਦੇ ਚੰਡੀਗੜ੍ਹ ਪਹੁੰਚਣ ਤੋਂ ਬਾਅਦ ਬੱਚੇ ਨੂੰ ਉਨ੍ਹਾਂ ਹਵਾਲੇ ਕਰ ਦਿੱਤਾ ਜਾਵੇਗਾ।