ਜੱਚਾ ਬੱਚਾ ਕੇਂਦਰ ਦੇ ਪੰਘੂੜੇ ''ਚ ਨਵਜਾਤ ਬੱਚੀ ਦੀ ਮੌਤ ਨੇ ਖੜ੍ਹੇ ਕੀਤੇ ਕਈ ਸਵਾਲ
Friday, Jun 12, 2020 - 01:35 PM (IST)
ਬਰਨਾਲਾ (ਵਿਵੇਕ ਸਿੰਧਵਾਨੀ): ਬੀਤੇ ਦਿਨੀਂ ਜੱਚਾ ਬੱਚਾ ਕੇਂਦਰ 'ਚ ਬਣੇ ਪੰਘੂੜੇ ਵਿਚ ਹੋਈ ਨਵਜਾਤ ਬੱਚੀ ਦੀ ਮੌਤ ਨੇ ਸਿਵਲ ਹਸਪਤਾਲ ਪ੍ਰਸ਼ਾਸਨ ਤੇ ਕਈ ਸਵਾਲ ਖੜ੍ਹੇ ਕਰ ਦਿੱਤੇ ਹਨ। ਇਸ ਪੰਘੂੜੇ ਦਾ ਨਿਰਮਾਣ ਤਤਕਾਲੀਨ ਡਿਪਟੀ ਕਮਿਸ਼ਨਰ ਘਣਸ਼ਿਆਮ ਥੋਰੀ ਨੇ 17 ਅਕਤੂਬਰ 2017 ਨੂੰ ਇਸ ਲਈ ਕੀਤਾ ਸੀ ਕਿ ਲੋਕ ਬੱਚੀਆਂ ਦਾ ਕਤਲ ਨਾ ਕਰਨ ,ਜਿਨ੍ਹਾਂ ਨੂੰ ਬੱਚੀਆਂ ਦੀ ਲੋੜ ਨਹੀਂ, ਤਾਂ ਉਹ ਇਸ ਪੰਘੂੜੇ 'ਚ ਪਾ ਸਕਦਾ ਹੈ। ਪੰਘੂੜੇ ਦੇ ਨਿਰਮਾਣ ਤੋਂ ਬਾਅਦ ਲਗਭਗ ਅੱਧੀ ਦਰਜਨ ਬੱਚੇ ਇਸ ਪੰਘੂੜੇ ਵਿਚ ਆਏ ਅਤੇ ਉਨ੍ਹਾਂ ਨੂੰ ਪਾਲਣ ਪੋਸ਼ਣ ਲਈ ਇਕ ਸਮਾਜ ਸੇਵੀ ਸੰਸਥਾ ਨੂੰ ਸੌਂਪ ਦਿੱਤਾ ਗਿਆ ਸੀ ਪਰ ਬੀਤੇ ਦਿਨੀਂ ਹੋਈ ਬੱਚੀ ਦੀ ਮੌਤ ਨਾਲ ਪ੍ਰਸ਼ਾਸਨ ਦੀਆਂ ਕਈ ਖਾਮੀਆਂ ਉਭਰ ਕੇ ਸਾਹਮਣੇ ਆਈਆਂ ਹਨ। 11 ਤਾਰੀਖ ਨੂੰ ਸਵੇਰੇ ਪੰਘੂੜੇ 'ਚੋਂ ਇਕ ਨਵਜਾਤ ਬੱਚੀ ਮ੍ਰਿਤਕ ਮਿਲੀ ਸੀ।
ਲੋਕ ਚਰਚਾ ਮੁਤਾਬਕ ਇਸ ਬੱਚੀ ਨੂੰ 10 ਤਾਰੀਖ ਨੂੰ ਕੋਈ ਵਿਅਕਤੀ ਪੰਘੂੜੇ ਵਿਚ ਪਾ ਕੇ ਗਿਆ ਸੀ, ਜਿਸ ਵੇਲੇ ਬੱਚੀ ਨੂੰ ਪੰਘੂੜੇ ਵਿਚ ਪਾਇਆ ਜਾਂਦਾ ਹੈ ਤਾਂ ਪੰਘੂੜੇ ਦੀ ਘੰਟੀ ਵੱਜਦੀ ਹੈ। ਹਸਪਤਾਲ ਪ੍ਰਸ਼ਾਸਨ ਨੂੰ ਉਸ ਬੱਚੀ ਨੂੰ ਪੰਘੂੜੇ 'ਚੋਂ ਚੁੱਕ ਲੈਣਾ ਹੁੰਦਾ ਹੈ ਪਰ ਜਿਸ ਸਮੇਂ ਇਸ ਬੱਚੀ ਨੂੰ ਰੱਖਿਆ ਗਿਆ ਤਾਂ ਪੰਘੂੜੇ ਦੀ ਲਾਇਟ ਖਰਾਬ ਹੋਣ ਕਾਰਨ ਕੋਈ ਘੰਟੀ ਨਹੀਂ ਵੱਜੀ, ਪੰਘੂੜੇ ਦੀ ਲਾਈਟ ਵੀ ਚੱਲ ਨਹੀਂ ਰਹੀ ਸੀ। ਇੰਨਾ ਹੀ ਨਹੀਂ ਜੋ ਸੀ.ਸੀ.ਟੀ.ਵੀ. ਕੈਮਰੇ ਪੰਘੂੜੇ 'ਚ ਲਗਾਏ ਹੋਏ ਹਨ, ਉਹ ਵੀ ਖਰਾਬ ਪਏ ਹਨ। ਘੰਟੀ ਨਾ ਵਜਣ ਕਾਰਨ ਬੱਚੀ ਪਤਾ ਨਹੀ ਕਿੰਨਾ ਚਿਰ ਪੰਘੂੜੇ ਵਿਚ ਹੀ ਪਈ ਰਹੀ। ਹੁਣ ਪੋਸਟਮਾਰਟਮ ਦੀ ਰਿਪੋਰਟ ਮਗਰੋਂ ਹੀ ਬੱਚੀ ਦੀ ਮੌਤ ਦੇ ਸਹੀ ਕਾਰਨਾਂ ਦਾ ਪਤਾ ਲੱਗ ਸਕੇਗਾ ਕਿ ਬੱਚੀ ਦੀ ਮੌਤ ਭੁੱਖ ਨਾਲ ਹੋਈ ਹੈ ਜਾਂ ਕੋਈ ਹੋਰ ਕਾਰਨਾਂ ਕਰਕੇ। ਪੰਘੂੜੇ ਦੀ ਘੰਟੀ, ਸੀ.ਸੀ.ਟੀ.ਵੀ. ਕੈਮਰੇ ਖਰਾਬ ਪਏ ਸਨ। ਉਸਨੂੰ ਕਿਉਂ ਨਹੀਂ ਠੀਕ ਕਰਵਾਇਆ ਗਿਆ, ਇਹ ਵੀ ਆਪਣੇ ਆਪ ਵਿਚ ਇਕ ਵੱਡਾ ਸਵਾਲ ਹੈ, ਜਦੋਂਕਿ ਇਸੇ ਪੰਘੂੜੇ ਵਿਚ ਅੱਧੀ ਦਰਜਨ ਬੱਚਿਆਂ ਦੀ ਜਾਨ ਬਚ ਚੁੱਕੀ ਹੈ। ਬੱਚੀ ਦਾ ਪੋਸਟਮਾਟਮ ਕਰਵਾਇਆ ਜਾ ਰਿਹਾ ਹੈ।ਪੋਸਟਮਾਰਮਟ ਦੀ ਰਿਪੋਰਟ ਤੋਂ ਬਾਅਦ ਹੀ ਇਹ ਪਤਾ ਲੱਗ ਸਕੇਗਾ ਕਿ ਬੱਚੀ ਦੀ ਮੌਤ ਕਿੰਨੇ ਘੰਟੇ ਪਹਿਲਾਂ ਹੋਈ ਹੈ ਅਤੇ ਕਿਵੇਂ ਹੋਈ ਹੈ। ਫਿਰ ਹੀ ਕੁਝ ਸਵਾਲਾਂ ਦਾ ਜਵਾਬ ਸਾਹਮਣੇ ਆਵੇਗਾ।