ਸਮਾਣਾ 'ਚ ਵਾਪਰਿਆ ਭਿਆਨਕ ਹਾਦਸਾ, ਵਾਹਨ ਨੇ ਕੁਚਲਿਆ 12 ਸਾਲਾਂ ਦਾ ਬੱਚਾ

Saturday, Jun 19, 2021 - 10:04 AM (IST)

ਸਮਾਣਾ 'ਚ ਵਾਪਰਿਆ ਭਿਆਨਕ ਹਾਦਸਾ, ਵਾਹਨ ਨੇ ਕੁਚਲਿਆ 12 ਸਾਲਾਂ ਦਾ ਬੱਚਾ

ਸਮਾਣਾ (ਦਰਦ) : ਸ਼ਹਿਰ ਦੇ ਬਾਬਾ ਬੰਦਾ ਸਿੰਘ ਬਹਾਦਰ ਚੌਂਕ ’ਚ ਟਰੈਕਟਰ ਤੇ ਬੁਲੇਟ ਮੋਟਰਸਾਈਕਲ ’ਚ ਜ਼ਬਰਦਸਤ ਟੱਕਰ ਤੋਂ ਬਾਅਦ ਬੁਲੇਟ ਸਵਾਰ ਬੱਚੇ ਦੀ ਮੌਤ ਹੋ ਗਈ, ਜਦੋਂ ਕਿ ਚਾਲਕ ਨੌਜਵਾਨ ਗੰਭੀਰ ਜ਼ਖ਼ਮੀ ਹੋ ਗਿਆ। ਉਸ ਨੂੰ ਇਲਾਜ ਲਈ ਸਿਵਲ ਹਸਪਤਾਲ ਸਮਾਣਾ ਲਿਆਂਦਾ ਗਿਆ। ਹਾਲਤ ਗੰਭੀਰ ਹੋਣ ਕਾਰਨ ਡਾਕਟਰਾਂ ਨੇ ਉਸ ਨੂੰ ਮੁੱਢਲੀ ਸਹਾਇਤਾ ਦੇਣ ਉਪਰੰਤ ਰੈਫ਼ਰ ਕਰ ਦਿੱਤਾ।

ਇਹ ਵੀ ਪੜ੍ਹੋ : ਜ਼ਰੂਰੀ ਖ਼ਬਰ : ਪਟਵਾਰੀ ਤੇ ਜ਼ਿਲ੍ਹੇਦਾਰ ਦੀਆਂ ਅਸਾਮੀਆਂ ਲਈ ਇਸ ਤਾਰੀਖ਼ ਨੂੰ ਹੋਵੇਗੀ ਲਿਖ਼ਤੀ ਪ੍ਰੀਖਿਆ

ਪ੍ਰਾਪਤ ਜਾਣਕਾਰੀ ਅਨੁਸਾਰ ਮ੍ਰਿਤਕ ਬੱਚਾ ਅਕਾਸ਼ਦੀਪ ਉਰਫ਼ ਆਸ਼ੂ (12) ਪੁੱਤਰ ਧਰਮਿੰਦਰ ਸਿੰਘ ਵਾਸੀ ਬਰਨਾਲਾ ਬੀਤੇ ਦਿਨ ਆਪਣੇ ਨਾਨਕੇ ਪਿੰਡ ਮੁਰਾਦਪੁਰਾ ਆਇਆ ਸੀ। ਸ਼ੁੱਕਰਵਾਰ ਸਵੇਰੇ ਉਹ ਆਪਣੇ ਮਾਮੇ ਦੇ ਮੁੰਡੇ ਡਿੰਪਲ (18) ਪੁੱਤਰ ਗੁਰਚਰਨ ਸਿੰਘ ਵਾਸੀ ਪਿੰਡ ਮੁਰਾਦਪੁਰਾ ਦੇ ਨਾਲ ਪਾਤੜਾਂ ਰੋਡ ’ਤੇ ਸਥਿਤ ਇਕ ਨਿੱਜੀ ਹਸਪਤਾਲ ’ਚ ਇਲਾਜ ਅਧੀਨ ਕਿਸੇ ਰਿਸ਼ਤੇਦਾਰ ਨੂੰ ਮਿਲ ਕੇ ਬੁਲੇਟ ਮੋਟਰਸਾਈਕਲ ’ਤੇ ਵਾਪਸ ਘਰ ਆ ਰਹੇ ਸਨ। ਸੇਫਟੀ ਟੈਂਕ ਲੈ ਕੇ ਆ ਰਹੇ ਇਕ ਟਰੈਕਟਰ ਨਾਲ ਬੁਲੇਟ ਮੋਟਰਸਾਈਕਲ ਦੀ ਟੱਕਰ ਹੋ ਗਈ। ਹਾਦਸੇ ’ਚ ਅਕਾਸ਼ਦੀਪ ਵਾਹਨ ਦੇ ਥੱਲੇ ਕੁਚਲਿਆ ਗਿਆ ਅਤੇ ਉਸ ਦੀ ਮੌਕੇ ’ਤੇ ਹੀ ਮੌਤ ਹੋ ਗਈ।

ਇਹ ਵੀ ਪੜ੍ਹੋ : ਚੰਡੀਗੜ੍ਹ ਤੋਂ ਵੱਡੀ ਖ਼ਬਰ : UT ਪ੍ਰਸ਼ਾਸਕ ਦੇ ਸਲਾਹਕਾਰ 'ਮਨੋਜ ਪਰਿਦਾ' ਦਾ ਤਬਾਦਲਾ, ਮਿਲਿਆ ਇਹ ਨਵਾਂ ਰੈਂਕ

ਸੂਚਨਾ ਮਿਲਣ ’ਤੇ ਪਹੁੰਚੇ ਪਰਿਵਾਰ ਨੇ ਗੁੱਸੇ ’ਚ ਆ ਕੇ ਚੌਕ ’ਚ ਪਏ ਬੱਚੇ ਦੀ ਲਾਸ਼ ਨੇੜੇ ਧਰਨਾ ਲਗਾ ਕੇ ਸੜਕ ਜਾਮ ਕਰ ਦਿੱਤੀ ਅਤੇ ਹਾਦਸਾਗ੍ਰਸਤ ਟ੍ਰੈਕਟਰ ਨੂੰ ਅੱਗ ਲਗਾਉਣ ਦੀ ਕੋਸ਼ਿਸ਼ ਕੀਤੀ ਪਰ ਇਕੱਠੇ ਹੋਏ ਲੋਕਾਂ ਦੇ ਸਮਝਾਉਣ ’ਤੇ ਮਾਮਲਾ ਟਲ ਗਿਆ। ਸਿਟੀ ਪੁਲਸ ਬੱਚੇ ਦੀ ਲਾਸ਼ ਨੂੰ ਪੋਸਟਮਾਰਟਮ ਲਈ ਸਿਵਲ ਹਸਪਤਾਲ ਲਿਆਂਦਾ ਅਤੇ ਇਨਸਾਫ ਦਾ ਵਿਸ਼ਵਾਸ਼ ਦਿਵਾ ਕੇ ਧਰਨਾ ਖ਼ਤਮ ਕਰਵਾਇਆ। ਸਬ-ਇੰਸਪੈਕਟਰ ਸਾਹਿਬ ਸਿੰਘ ਨੇ ਦੱਸਿਆ ਕਿ ਪੁਲਸ ਨੇ ਦੋਸ਼ੀ ਟਰੈਕਟਰ ਚਾਲਕ ਸਰਦੀਪ ਸਿੰਘ ਵਾਸੀ ਪਿੰਡ ਟਟਿਆਣਾ (ਹਰਿਆਣਾ) ਖ਼ਿਲਾਫ਼ ਮਾਮਲਾ ਦਰਜ ਕਰ ਕੇ ਉਸ ਨੂੰ ਹਿਰਾਸਤ ’ਚ ਲੈ ਲਿਆ ਹੈ। ਹਾਦਸਾਗ੍ਰਸਤ ਵਾਹਨਾਂ ਨੂੰ ਆਪਣੇ ਕਬਜ਼ੇ ’ਚ ਲੈ ਕੇ ਪੋਸਟਮਾਰਟਮ ਤੋਂ ਬਾਅਦ ਲਾਸ਼ ਨੂੰ ਪਰਿਵਾਰ ਹਵਾਲੇ ਕਰ ਦਿੱਤਾ।
ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ
 


author

Babita

Content Editor

Related News