ਸਕੂਲ ਪ੍ਰੋਗਰਾਮ ''ਚ ਗੁਬਾਰੇ ਤੋੜਣ ਵਾਲੀ ਰਾਈਫਲ ਦਾ ਵੱਜਾ ਰੈਣਾ, 7 ਸਾਲਾ ਬੱਚੇ ਦੀ ਮੌਤ
Thursday, Dec 05, 2019 - 08:46 PM (IST)

ਭਦੌੜ, (ਰਾਕੇਸ਼)— ਇਥੋਂ ਦੇ ਇਕ ਸਕੂਲ ਦੇ ਇਕ ਵਿਦਿਆਰਥੀ ਦੀ ਗੁਬਾਰੇ 'ਤੇ ਨਿਸ਼ਾਨੇ ਲਾਉਣ ਵਾਲੀ ਰਾਈਫਲ ਦਾ ਰੈਣਾ ਵੱਜਣ ਕਾਰਣ ਮੌਤ ਹੋਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ।
ਜਾਣਕਾਰੀ ਅਨੁਸਾਰ ਭਦੌੜ ਵਿਖੇ ਇਕ ਸਕੂਲ ਦਾ ਪ੍ਰੋਗਰਾਮ ਕਰਵਾਇਆ ਗਿਆ ਸੀ ਤੇ ਇਸ ਪ੍ਰੋਗਰਾਮ 'ਚ ਬੱਚਿਆਂ ਦੇ ਮਨੋਰੰਜਨ ਲਈ ਗੰਨ ਨਾਲ ਬੈਲੂਨ (ਗੁਬਾਰੇ) 'ਤੇ ਨਿਸ਼ਾਨੇ ਲਾਉਣ ਵਾਲੇ ਨੂੰ ਵੀ ਸਕੂਲ ਵੱਲੋਂ ਬੁਲਾਇਆ ਗਿਆ ਸੀ। ਇਸੇ ਦੌਰਾਨ ਸਕੂਲ ਦਾ ਇਕ ਵਿਦਿਆਰਥੀ ਗੰਨ ਵਿਚ ਰੈਣਾ ਪਾ ਕੇ ਬੈਲੂਨ (ਗੁਬਾਰੇ) 'ਤੇ ਨਿਸ਼ਾਨਾ ਲਾ ਰਿਹਾ ਸੀ ਕਿ ਇਸ ਦੌਰਾਨ ਦੂਜੀ ਕਲਾਸ ਦਾ ਵਿਦਿਆਰਥੀ ਜਸਵੀਰ ਸਿੰਘ ਲਾਈਨ 'ਚੋਂ ਭੱਜ ਕੇ ਇਕਦਮ ਗੰਨ ਦੇ ਅੱਗੇ ਆ ਗਿਆ, ਜਿਸ ਕਾਰਣ ਲੋਡ ਕੀਤਾ ਰੈਣਾ ਜਸਵੀਰ ਸਿੰਘ (7) ਪੁੱਤਰ ਬਲਕਰਨ ਸਿੰਘ ਰਿੰਕੂ ਦੇ ਛਾਤੀ 'ਚ ਜਾ ਵੱਜਿਆ। ਉਸ ਤੋਂ ਬਾਅਦ ਵਿਦਿਆਰਥੀ ਜਸਵੀਰ ਸਿੰੰਘ ਦੇ ਘਰ ਇਸ ਘਟਨਾ ਸਬੰਧੀ ਦੱਸਿਆ ਗਿਆ ਅਤੇ ਉਸਦੀ ਮਾਤਾ ਹਰਦੀਪ ਕੌਰ ਅਤੇ ਚਾਚਾ ਲਖਵੀਰ ਸਿੰਘ ਉਸ ਨੂੰ ਰਾਮਪੁਰਾ ਫੂਲ ਦੇ ਇਕ ਪ੍ਰਾਈਵੇਟ ਹਸਪਤਾਲ ਵਿਚ ਲੈ ਗਏ, ਜਿੱਥੇ ਪੰਜ ਡਾਕਟਰ ਸਾਹਿਬਾਨ ਦੀ ਟੀਮ ਨੇ ਜਸਵੀਰ ਸਿੰਘ ਦੀ ਫੂਡ ਪਾਈਪ ਦਾ ਆਪ੍ਰੇਸ਼ਨ ਕੀਤਾ ਅਤੇ ਫਸਿਆ ਰੈਣਾ ਕੱਢਿਆ ਪਰ ਕੁਝ ਸਮੇਂ ਬਾਅਦ ਉਸਦੀ ਮੌਤ ਹੋ ਗਈ।
ਜ਼ਿਕਰਯੋਗ ਹੈ ਕਿ ਜਸਵੀਰ ਸਿੰਘ ਦੇ ਪਿਤਾ ਪਿਛਲੇ ਕੁਝ ਸਮੇਂ ਤੋਂ ਦੁਬਈ ਗਏ ਹੋਏ ਹਨ। ਉਨ੍ਹਾਂ ਨੂੰ ਇਸ ਘਟਨਾ ਸਬੰਧੀ ਦੱਸ ਦਿੱਤਾ ਗਿਆ ਹੈ ਤੇ ਉਹ ਦੁਬਈ ਤੋਂ ਭਦੌੜ ਲਈ ਚੱਲ ਪਏ ਹਨ। ਉਨ੍ਹਾਂ ਦੇ ਆਉਣ ਤੋਂ ਬਾਅਦ ਹੀ ਜਸਵੀਰ ਸਿੰਘ ਦਾ ਸਸਕਾਰ ਕੀਤਾ ਜਾਵੇਗਾ।