ਵਿਆਹ ਦੇ 4 ਸਾਲ ਬਾਅਦ ਟਰਾਂਸਪੋਰਟਰ ਦੇ ਘਰ ਬੱਚਾ ਜਨਮਿਆ, 2 ਦਿਨਾਂ ਬਾਅਦ ਹੋਈ ਮੌਤ
Monday, Nov 18, 2019 - 05:35 PM (IST)
![ਵਿਆਹ ਦੇ 4 ਸਾਲ ਬਾਅਦ ਟਰਾਂਸਪੋਰਟਰ ਦੇ ਘਰ ਬੱਚਾ ਜਨਮਿਆ, 2 ਦਿਨਾਂ ਬਾਅਦ ਹੋਈ ਮੌਤ](https://static.jagbani.com/multimedia/2019_11image_16_23_570326613baby.jpg)
ਲੁਧਿਆਣਾ (ਰਿਸ਼ੀ) : ਵਿਆਹ ਦੇ 4 ਸਾਲ ਬਾਅਦ ਟਰਾਂਸਪੋਰਟਰ ਦੇ ਘਰ ਜਨਮੇ ਬੱਚੇ ਦੀ ਹਸਪਤਾਲ 'ਚ 2 ਦਿਨਾਂ ਬਾਅਦ ਮੌਤ ਹੋ ਗਈ। ਹਸਪਤਾਲ ਪ੍ਰਸ਼ਾਸਨ 'ਤੇ ਲਾਪਰਵਾਹੀ ਦਾ ਦੋਸ਼ ਲਾ ਕੇ ਰਿਸ਼ਤੇਦਾਰਾਂ ਵਲੋਂ ਹੰਗਾਮਾ ਕੀਤਾ ਗਿਆ। ਦੇਰ ਰਾਤ ਪਤਾ ਲੱਗਦੇ ਹੀ ਮੌਕੇ 'ਤੇ ਪੁੱਜੀ ਪੁਲਸ ਜਾਂਚ 'ਚ ਜੁਟ ਗਈ। ਜਾਣਕਾਰੀ ਦਿੰਦੇ ਰਿਸ਼ਤੇਦਾਰ ਜਸਪ੍ਰੀਤ ਸਿੰਘ ਨੇ ਦੱਸਿਆ ਕਿ ਸੰਤੋਖ ਨਗਰ, ਦੁੱਗਰੀ ਦੀ ਰਹਿਣ ਵਾਲੀ ਬਲਵਿੰਦਰ ਕੌਰ ਨੂੰ ਸ਼ੁੱਕਰਵਾਰ ਨੂੰ ਮਾਡਲ ਟਾਊਨ ਸਥਿਤ ਹਸਪਤਾਲ 'ਚ ਦਾਖਲ ਕਰਵਾਇਆ ਗਿਆ ਸੀ, ਜਿਥੇ ਸ਼ਨੀਵਾਰ ਨੂੰ ਦੁਪਹਿਰ ਨੂੰ ਉਸ ਨੇ ਬੱਚੇ ਨੂੰ ਜਨਮ ਦਿੱਤਾ।
ਰਿਸ਼ਤੇਦਾਰਾਂ ਦਾ ਦੋਸ਼ ਹੈ ਕਿ ਹਸਪਤਾਲ ਪ੍ਰਸ਼ਾਸਨ ਵਲੋਂ ਮਾਂ ਬਾਪ ਅਤੇ ਰਿਸ਼ਤੇਦਾਰਾਂ ਨੂੰ ਬੱਚੇ ਨੂੰ ਮਿਲਣ ਨਹੀਂ ਦਿੱਤਾ ਜਾ ਰਿਹਾ ਸੀ। ਐਤਵਾਰ ਸ਼ਾਮ ਨੂੰ ਅਚਾਨਕ ਹਾਲਤ ਖਰਾਬ ਹੋਣ ਦੀ ਗੱਲ ਕਹਿ ਕੇ ਬੱਚੇ ਨੂੰ ਕਿਸੇ ਹੋਰ ਹਸਪਤਾਲ 'ਚ ਲੈ ਜਾਣ ਦੀ ਗੱਲ ਕਹੀ। ਉਹ ਬੱਚੇ ਨੂੰ ਨੇੜੇ ਦੇ ਇਕ ਪ੍ਰਮੁੱਖ ਹਸਪਤਾਲ 'ਚ ਲੈ ਗਏ, ਜਿਥੇ ਡਾਕਟਰਾਂ ਨੇ ਮ੍ਰਿਤਕ ਐਲਾਨ ਦਿੱਤਾ। ਬਲਵਿੰਦਰ ਦੇ ਪਤੀ ਦਵਿੰਦਰ ਸਿੰਘ ਦਾ ਟਰਾਂਸਪੋਰਟ ਦਾ ਕੰਮ ਹੈ। ਦੇਰ ਰਾਤ ਸਮਾਚਾਰ ਲਿਖੇ ਜਾਣ ਤੱਕ ਥਾਣਾ ਮਾਡਲ ਟਾਊਨ ਦੀ ਪੁਲਸ ਜਾਂਚ ਕਰ ਰਹੀ ਸੀ।