ਪਟਿਆਲਾ ਤੋਂ ਅਗਵਾ ਬੱਚਾ ਭਵਾਨੀਗੜ੍ਹ ''ਚੋਂ ਬਰਾਮਦ

Monday, Jun 18, 2018 - 08:18 AM (IST)

ਪਟਿਆਲਾ ਤੋਂ ਅਗਵਾ ਬੱਚਾ ਭਵਾਨੀਗੜ੍ਹ ''ਚੋਂ ਬਰਾਮਦ

ਭਵਾਨੀਗੜ੍ਹ (ਵਿਕਾਸ/ਸੰਜੀਵ) — ਸ਼ੁੱਕਰਵਾਰ ਦੁਪਹਿਰੇ ਪਟਿਆਲਾ ਦੀ ਡੀ. ਐੱਮ. ਡਬਲਯੂ. ਕਾਲੋਨੀ 'ਚੋਂ ਸਾਈਕਲ ਸਣੇ 11 ਸਾਲਾ ਬੱਚੇ ਨੂੰ ਜ਼ਬਰਦਸਤੀ ਚੁੱਕ ਕੇ ਬੋਲੈਰੋ ਗੱਡੀ 'ਚ ਲਿਆਏ 2 ਨਕਾਬਪੋਸ਼ ਵਿਅਕਤੀ ਭਵਾਨੀਗੜ੍ਹ ਨੇੜੇ ਪੁਲਸ ਗਸ਼ਤ ਦੀ ਭਿਣਕ ਪੈਣ 'ਤੇ ਬੱਚੇ ਨੂੰ ਪਿੰਡ ਭੜੋ-ਨੂਰਪੁਰਾ ਵਿਚਕਾਰ ਛੱਡ ਕੇ ਫਰਾਰ ਹੋ ਗਏ। ਪਿੰਡ ਵਾਸੀਆਂ ਵਲੋਂ ਪੁਲਸ ਨੂੰ ਸੂਚਿਤ ਕਰਨ ਉਪਰੰਤ ਦੇਰ ਰਾਤ ਪੁਲਸ ਨੇ ਮਾਂ-ਬਾਪ ਨੂੰ ਚੰਨੋ ਚੌਕੀ ਬੁਲਾ ਕੇ ਬੱਚੇ ਨੂੰ ਉਨ੍ਹਾਂ ਦੇ ਸਪੁਦ ਕਰ ਦਿੱਤਾ।
ਹੁਸ਼ਿਆਰੀ ਨਾਲ ਅਗਵਾਕਾਰਾਂ ਦੇ ਚੁੰਗਲ 'ਚੋਂ ਨਿਕਲਿਆ ਬੱਚਾ
ਪੂਰੇ ਘਟਨਾਕ੍ਰਮ ਸਬੰਧੀ ਜਾਣਕਾਰੀ ਚੰਨੋ ਪੁਲਸ ਚੌਕੀ ਦੇ ਇੰਚਾਰਜ ਐੱਸ. ਆਈ. ਰਾਜਵੰਤ ਕੁਮਾਰ ਨੇ ਦੱਸਿਆ ਕਿ ਬੱਚੇ ਅਨੁਸਾਰ ਜਦੋਂ ਉਹ ਆਪਣੇ ਦੋਸਤ ਆਰੀਅਨ ਨੂੰ ਮਿਲ ਕੇ ਸਾਈਕਲ 'ਤੇ ਵਾਪਸ ਆਪਣੇ ਘਰ ਆ ਰਿਹਾ ਸੀ ਤਾਂ ਰਸਤੇ 'ਚ ਬੋਲੈਰੋ ਸਵਾਰ 2 ਨਕਾਬਪੋਸ਼ ਵਿਅਕਤੀ ਉਸ ਨੂੰ ਸਾਈਕਲ ਸਣੇ ਜ਼ਬਰਦਸਤੀ ਚੁੱਕ ਕੇ ਨਾਭਾ ਵੱਲ ਨੂੰ ਲੈ ਗਏ, ਜਿਸ ਤੋਂ ਬਾਅਦ ਘੁੰਮਦੇ -ਘੁਮਾਉਂਦਿਆਂ ਉਹ ਨਾਭਾ ਤੋਂ  ਭਵਾਨੀਗੜ੍ਹ ਇਲਾਕੇ ਦੇ ਪਿੰਡ ਭੜੋ ਤੇ ਨੂਰਪੁਰਾ ਕੋਲ ਆ ਗਏ, ਜਿਥੇ ਉਨ੍ਹਾਂ ਪਿੰਡ ਲੱਖੇਵਾਲ ਕੋਲ ਪੁਲਸ ਦੀ ਹੋ ਰਹੀ ਗਸ਼ਤ ਨੂੰ ਵੇਖ ਕੇ ਆਪਣੀ ਗੱਡੀ ਰੋਕ ਲਈ ਤੇ ਗੱਡੀ 'ਚੋਂ ਸਾਈਕਲ ਬਾਹਰ ਸੁੱਟ ਦਿੱਤਾ। ਇਸ ਦੌਰਾਨ ਉੱਜਵਲ ਵੀ ਮੌਕਾ ਪਾ ਕੇ ਵਿਅਕਤੀਆਂ ਨੂੰ ਚਕਮਾ ਦੇ ਕੇ ਉਨ੍ਹਾਂ ਦੇ ਚੁੰਗਲ 'ਚੋਂ ਕਿਸੇ ਤਰ੍ਹਾਂ ਬਚ ਕੇ ਭੱਜ ਨਿਕਲਿਆ ਤੇ ਬੱਚੇ ਨੇ ਪਿੰਡ ਨੂਰਪੁਰਾ ਦੇ ਲੋਕਾਂ ਨੂੰ ਵੇਖ ਕੇ ਸਾਰੀ ਗੱਲ ਦੱਸੀ, ਜਿਸ 'ਤੇ ਪਿੰਡ  ਵਾਸੀਆਂ ਨੇ ਪੁਲਸ ਨੂੰ ਸੂਚਿਤ ਕਰ ਦਿੱਤਾ।
ਆਪਣੀ ਮਾਂ ਨੂੰ ਵੇਖਣ ਗਿਆ ਸੀ ਉਜਵਲ :

ਉੱਜਵਲ ਦੀ ਮਾਤਾ ਸੋਨੀਆ ਨੇ ਦੱਸਿਆ ਕਿ ਜਿਸ ਵੇਲੇ ਘਟਨਾ ਵਾਪਰੀ, ਉਸ ਵੇਲੇ ਉਹ ਮਾਰਕੀਟ ਗਈ ਹੋਈ ਸੀ ਤੇ ਉਸ ਦਾ ਪਤੀ ਡਿਊਟੀ 'ਤੇ ਸੀ। ਪਿੱਛੇ ਘਰ 'ਚ ਉੱਜਵਲ ਤੇ ਉਸ ਦਾ ਭਰਾ ਇਕੱਲੇ ਸਨ। ਮਾਰਕੀਟ ਤੋਂ ਵਾਪਸੀ ਵੇਲੇ ਉਹ ਲੇਟ ਹੋ ਗਈ ਤੇ ਉਸ ਨੂੰ ਵੇਖਣ ਲਈ ਹੀ ਉਜਵਲ ਉਸ ਦੇ ਪਿੱਛੇ ਚਲਾ ਗਿਆ ਸੀ। ਸੋਨੀਆ ਤੇ ਉਸ ਦੇ ਪਤੀ ਧਰਮਵੀਰ ਨੇ ਪੁਲਸ ਤੇ ਲੋਕਾਂ ਵਲੋਂ ਦਿੱਤੇ ਸਹਿਯੋਗ ਦਾ ਧੰਨਵਾਦ ਕੀਤਾ।


Related News