17 ਦਿਨ ਪਹਿਲਾਂ ਲਾਪਤਾ ਹੋਏ ਬੱਚੇ ਦੀ ਸਿਰ ਕੱਟੀ ਲਾਸ਼ ਮਿਲੀ
Saturday, Dec 22, 2018 - 07:26 PM (IST)

ਘਨੌਰ (ਅਲੀ) : ਇੱਥੋਂ ਦੀ ਅਨਾਜ ਮੰਡੀ ਨੇੜੇ ਇਕ ਸਿਆਸੀ ਆਗੂ ਨਸੀਰੋਦੀਨ ਦੇ ਲੰਘੀ 5 ਦਸੰਬਰ ਤੋਂ ਲਾਪਤਾ ਹੋਏ 6 ਸਾਲਾ ਪੋਤਰੇ ਮਨਾਨ ਮਲਿਕ ਦੀ ਲਾਸ਼ 17 ਦਿਨ ਬਾਅਦ ਘਨੌਰ ਨੇੜੇ ਲੰਘਦੀ ਨਰਵਾਣਾ ਬ੍ਰਾਚ ਨਹਿਰ ਦੀ ਕੱਚੀ ਪਟੜੀ ਤੇ ਸਾਇਫਨ ਨੇੜੇ ਝਾੜੀਆਂ 'ਚੋਂ ਬਰਾਮਦ ਹੋਈ। ਇਸ ਘਟਨਾ ਨਾਲ ਪੂਰੇ ਇਲਾਕੇ 'ਚ ਦਹਿਸ਼ਤ ਦਾ ਮਾਹੌਲ ਹੈ। ਲਾਸ਼ ਦੀ ਸੂਚਨਾ ਨੇੜੇ ਲੰਘਦੇ ਰਜਵਾਹੇ ਦੀ ਸਫਾਈ ਕਰਦੀਆਂ ਮਨਰੇਗਾ ਮਜ਼ਦੂਰ ਔਰਤਾਂ ਨੇ ਦਿੱਤੀ, ਜਿਸ ਤੋਂ ਬਾਅਦ ਮਨਾਨ ਦੇ ਪਰਿਵਾਰਕ ਮੈਂਬਰ ਤੇ ਇੰਸਪੈਕਟਰ ਅਮਨਪਾਲ ਸਿੰਘ ਵਿਰਕ ਪੁਲਸ ਪਾਰਟੀ ਸਣੇ ਪਹੁੰਚੇ। ਪਰਿਵਾਰਕ ਮੈਂਬਰਾਂ ਵੱਲੋਂ ਲਾਸ਼ ਦੀ ਸ਼ਨਾਖਤ ਬੂਟਾਂ ਅਤੇ ਕੱਪੜਿਆਂ ਤੋਂ ਕੀਤੀ ਗਈ। ਲਾਸ਼ ਤੋਂ ਥੋੜੀ ਦੂਰ ਹੀ ਇਕ ਚੁੰਨੀ ਤਰ੍ਹਾਂ ਦਾ ਕੱਪੜਾ ਵੀ ਪਿਆ ਮਿਲਿਆ।
ਥਾਣਾ ਘਨੌਰ ਦੇ ਇੰਸਪੈਕਟਰ ਅਮਨਪਾਲ ਸਿੰਘ ਵਿਰਕ ਨੇ ਦੱਸਿਆ ਕਿ ਮੌਕੇ ਤੋਂ ਮ੍ਰਿਤਕ ਬੱਚੇ ਮਨਾਨ ਦਾ ਸਿਰ ਧੜ ਤੋਂ ਵੱਖਰੇ ਤੌਰ 'ਤੇ ਪਿਆ ਬਰਾਮਦ ਕੀਤਾ ਗਿਆ। ਕਾਤਲ ਵੱਲੋਂ 10, 12 ਦਿਨ ਪਹਿਲਾਂ ਇਸ ਘਟਨਾ ਨੂੰ ਅੰਜਾਮ ਦੇ ਕੇ ਲਾਸ਼ ਨੂੰ ਇੱਥੇ ਸੁੱਟੇ ਜਾਣ ਦਾ ਖਦਸ਼ਾ ਜ਼ਾਹਰ ਕੀਤਾ ਜਾ ਰਿਹਾ ਹੈ। ਇਸ ਮੌਕੇ ਡੀ. ਐੱਸ. ਪੀ.(ਡੀ) ਸੁਖਵਿੰਦਰ ਸਿੰਘ ਚੌਹਾਨ, ਡੀ.ਐੱਸ.ਪੀ.ਘਨੌਰ ਅਸ਼ੋਕ ਕੁਮਾਰ, ਸੀ.ਆਈ.ਏ. ਸਟਾਫ ਪਟਿਆਲਾ ਦੇ ਇੰਚਾਰਜ ਇੰਸਪੈਕਟਰ ਸ਼ਮਿੰਦਰ ਸਿੰਘ ਅਤੇ ਇੰਸਪੈਕਟਰ ਅਮਨਪਾਲ ਸਿੰਘ ਵਿਰਕ ਥਾਣਾ ਘਨੌਰ ਨੇ ਮੌਕੇ ਵਾਰਦਾਤ ਥਾਂ ਦੀ ਛਾਣਬੀਣ ਕਰਕੇ ਜਾਇਜ਼ਾ ਲਿਆ। ਡਾਕਟਰਾਂ ਦੇ ਪੰਜ ਮੈਂਬਰੀ ਬੋਰਡ ਵੱਲੋਂ ਬੱਚੇ ਦੀ ਲਾਸ਼ ਦਾ ਪੋਸਟਮਾਰਟਮ ਕਰਵਾ ਕੇ ਲਾਸ਼ ਵਾਰਿਸਾਂ ਨੂੰ ਸੌਂਪ ਦਿੱਤੀ ਗਈ ਹੈ। ਪੁਲਸ ਨੇ ਕੇਸ 'ਚ ਕਤਲ ਕਰਨ ਸਬੰਧੀ ਧਾਰਾ ਦਾ ਵਾਧਾ ਕਰਕੇ ਕਾਰਵਾਈ ਸ਼ੁਰੂ ਕਰ ਦਿੱਤੀ।