ਪਲਾਂ ''ਚ ਖੁਸ਼ੀ ਹੋਈ ਵੱਡੇ ਗਮ ''ਚ ਤਬਦੀਲ, ਦੇਖਦੇ ਹੀ ਦੇਖਦੇ ਮੌਤ ਦੇ ਮੂੰਹ ''ਚ ਚਲੀ ਗਈ ਧੀ (ਤਸਵੀਰਾਂ)

10/15/2017 7:39:51 PM

ਕੋਟ ਈਸੇ ਖਾਂ (ਛਾਬੜਾ) : ਐਤਵਾਰ ਦੁਪਹਿਰ 2 ਵਜੇ ਸਥਾਨਕ ਸ਼ਹਿਰ ਦੇ ਜ਼ੀਰਾ ਰੋਡ 'ਤੇ ਸਥਿਤ ਜੀ. ਐੱਮ. ਫੈਮਿਲੀ ਹਾਲ ਦੇ ਸਾਹਮਣੇ ਟਰੱਕ ਦੀ ਲਪੇਟ 'ਚ ਆਉਣ ਕਾਰਨ ਇਕ ਮਾਸੂਮ ਬੱਚੀ ਦੀ ਦਰਦਨਾਕ ਮੌਤ ਹੋ ਗਈ। ਮਿਲੀ ਜਾਣਕਾਰੀ ਅਨੁਸਾਰ ਸਥਾਨਕ ਸ਼ਹਿਰ ਦੇ ਵਸਨੀਕ ਅਵਤਾਰ ਸਿੰਘ ਘੜੀਆਂ ਵਾਲਿਆਂ ਦੇ ਪੋਤਰੇ ਦੇ ਜਨਮ ਸਬੰਧੀ ਜੀ. ਐੱਮ. ਫੈਮਿਲੀ ਹਾਲ ਵਿਚ ਇਕ ਪ੍ਰੋਗਰਾਮ ਚੱਲ ਰਿਹਾ ਸੀ, ਜਿਸ ਵਿਚ ਉਨ੍ਹਾਂ ਦਾ ਦਮਾਦ ਕੁਲਬੀਰ ਸਿੰਘ ਪੁੱਤਰ ਰਣਜੀਤ ਸਿੰਘ ਵਾਸੀ ਫਿਰੋਜ਼ਪੁਰ ਆਪਣੇ ਬੱਚਿਆਂ ਸਮੇਤ ਪ੍ਰੋਗਰਾਮ ਵਿਚ ਸ਼ਾਮਲ ਹੋਣ ਆਇਆ ਹੋਇਆ ਸੀ, ਦੁਪਿਹਰ ਕਰੀਬ 2 ਵਜੇ ਕੁਲਬੀਰ ਸਿੰਘ ਕਿਸੇ ਕੰਮ ਸਬੰਧੀ ਸੜਕ ਦੇ ਦੂਸਰੇ ਪਾਸੇ ਜਾ ਰਿਹਾ ਸੀ ਕਿ ਆਪਣੇ ਪਿਤਾ ਨੂੰ ਜਾਂਦਿਆਂ ਵੇਖ ਕੇ ਉਸ ਦੀ ਲੜਕੀ ਅਸ਼ਮੀਤ ਕੌਰ ਉਮਰ ਕਰੀਬ ਸਾਢੇ ਤਿੰਨ ਸਾਲ ਵੀ ਉਸ ਦੇ ਪਿੱਛੇ ਦੌੜ ਗਈ। ਜਦੋਂ ਉਹ ਸੜਕ ਦੇ ਵਿਚਕਾਰ ਪਹੁੰਚੀ ਤਾਂ ਅਚਾਨਕ ਕੋਟ ਈਸੇ ਖਾ ਵਾਲੇ ਪਾਸਿਓਂ ਦਸ ਟਾਇਰੀ ਟਰੱਕ ਨੰਬਰ ਪੀ.ਬੀ.13ਏ-5263 ਦੀ ਲਪੇਟ ਵਿਚ ਆ ਗਈ, ਜਿਸ ਕਾਰਨ ਅਸ਼ਮੀਤ ਦੀ ਮੌਕੇ 'ਤੇ ਮੌਤ ਹੋ ਗਈ। 
ਟਰੱਕ ਡਰਾਈਵਰ ਅਨੁਸਾਰ ਉਹ ਕਿਲੀ ਚਾਹਲਾਂ ਤੋਂ ਝੋਨਾ ਲੈਣ ਲਈ ਤਰਨਤਾਰਨ ਨੂੰ ਜਾ ਰਿਹਾ ਸੀ ਅਤੇ ਅਚਾਨਕ ਬੱਚੀ ਸੜਕ ਵਿਚ ਆ ਗਈ, ਉਸ ਨੇ ਬੱਚੀ ਨੂੰ ਬਚਾਉਣ ਕਾਫੀ ਕੋਸ਼ਿਸ਼ ਕੀਤੀ ਪਰ ਫਿਰ ਵੀ ਇਹ ਦਰਦਨਾਕ ਹਾਦਸਾ ਵਾਪਰ ਗਿਆ। ਇਸ ਦੁਰਘਟਨਾ ਦੀ ਸੂਚਨਾ ਮਿਲਦੇ ਹੀ ਥਾਣਾ ਕੋਟ ਈਸੇ ਖਾਂ ਦੀ ਪੁਲਸ ਪਾਰਟੀ ਨੇ ਘਟਨਾ ਸਥਾਨ 'ਤੇ ਪਹੁੰਚ ਕੇ ਡਰਾਈਵਰ ਸਮੇਤ ਟਰਾਲੇ ਨੂੰ ਕਬਜੇ ਵਿਚ ਲੈ ਕੇ ਅਗਲੇਰੀ ਕਾਰਵਾਈ ਆਰੰਭ ਦਿੱਤੀ।


Related News