ਮੁੱਖ ਸਕੱਤਰ ਵੱਲੋਂ ਬਠਿੰਡਾ ਏਮਜ਼ ਵਿਖੇ IPD ਸੇਵਾਵਾਂ ਸਤੰਬਰ ਦੇ ਅੰਤ ਤੱਕ ਸ਼ੁਰੂ ਕਰਨ ਦੇ ਆਦੇਸ਼
Friday, Sep 03, 2021 - 09:29 PM (IST)
ਚੰਡੀਗੜ੍ਹ- ਭਵਿੱਖ 'ਚ ਕਿਸੇ ਵੀ ਤਰ੍ਹਾਂ ਦੇ ਹੰਗਾਮੀ ਹਾਲਾਤਾਂ ਵਿਸ਼ੇਸ਼ ਤੌਰ ‘ਤੇ ਕੋਵਿਡ ਦੇ ਅੱਗੇ ਫੈਲਾਅ ਨਾਲ ਪ੍ਰਭਾਵਸ਼ਾਲੀ ਢੰਗ ਨਾਲ ਨਜਿੱਠਣ ਲਈ ਬਿਹਤਰੀਨ ਸਿਹਤ ਸਹੂਲਤਾਂ ਮੁਹੱਈਆ ਕਰਵਾਉਣ ਤੇ ਬੁਨਿਆਦੀ ਸਿਹਤ ਢਾਂਚੇ ਨੂੰ ਹੋਰ ਮਜ਼ਬੂਤ ਕਰਨ ਲਈ ਮੁੱਖ ਸਕੱਤਰ, ਸ੍ਰੀਮਤੀ ਵਿਨੀ ਮਹਾਜਨ ਨੇ ਅੱਜ ਸਬੰਧਤ ਅਧਿਕਾਰੀਆਂ ਨੂੰ ਬਠਿੰਡਾ ਦੇ ਆਲ ਇੰਡੀਆ ਇੰਸਟੀਚਿਊਟ ਆਫ਼ ਮੈਡੀਕਲ ਸਾਇੰਸਿਜ਼ (ਏਮਜ਼) 'ਚ ਆਈ.ਪੀ.ਡੀ. (ਇਨ ਪੇਸ਼ੈਂਟ ਡਿਪਾਰਟਮੈਂਟ) ਸੇਵਾਵਾਂ ਸਤੰਬਰ ਦੇ ਅੰਤ ਤੱਕ ਸ਼ੁਰੂ ਕਰਨ ਤੋਂ ਇਲਾਵਾ ਅਗਲੇ ਸਾਲ ਅਕਤੂਬਰ ਤੱਕ ਸੰਗਰੂਰ 'ਚ ਉਸਾਰੀ ਅਧੀਨ ਪੀ.ਜੀ.ਆਈ. ਸੈਟੇਲਾਈਟ ਸੈਂਟਰ ਨੂੰ ਕਾਰਜਸ਼ੀਲ ਕਰਨ ਦੇ ਨਿਰਦੇਸ਼ ਦਿੱਤੇ। ਇਥੇ ਇੱਕ ਉੱਚ ਪੱਧਰੀ ਮੀਟਿੰਗ ਦੀ ਪ੍ਰਧਾਨਗੀ ਕਰਦਿਆਂ ਮੁੱਖ ਸਕੱਤਰ ਨੂੰ ਜਾਣੂ ਕਰਵਾਇਆ ਗਿਆ ਕਿ ਫਿਰੋਜ਼ਪੁਰ ਵਿਖੇ ਪੀ.ਜੀ.ਆਈ. ਸੈਟੇਲਾਈਟ ਸੈਂਟਰ ਦਾ ਨਿਰਮਾਣ ਕਾਰਜ ਪਿਛਲੇ ਮਹੀਨੇ ਸੌਂਪ ਦਿੱਤਾ ਗਿਆ ਹੈ ਤੇ ਇਹ ਕੰਮ 39 ਮਹੀਨਿਆਂ 'ਚ ਮੁਕੰਮਲ ਹੋ ਜਾਵੇਗਾ।
ਇਹ ਖ਼ਬਰ ਪੜ੍ਹੋ- IND v ENG : ਉਮੇਸ਼ ਦੀ ਸ਼ਾਨਦਾਰ ਵਾਪਸੀ, ਰੂਟ ਨੂੰ ਕੀਤਾ ਕਲੀਨ ਬੋਲਡ (ਵੀਡੀਓ)
ਪਿਛਲੇ ਹਫ਼ਤੇ ਸੂਬੇ ਵਿੱਚ ਕੋਵਿਡ ਪਾਜ਼ੇਟਿਵਿਟੀ ਦਰ 0.1 ਫ਼ੀਸਦ ’ਤੇ ਸਥਿਰ ਰਹਿਣ ’ਤੇ ਸੰਤੁਸ਼ਟੀ ਜ਼ਾਹਿਰ ਕਰਦਿਆਂ ਮੁੱਖ ਸਕੱਤਰ ਨੇ ਸਬੰਧਤ ਅਧਿਕਾਰੀਆਂ ਨੂੰ ਤਿਉਹਾਰਾਂ ਦੇ ਸੀਜ਼ਨ ਤੋਂ ਪਹਿਲਾਂ ਵੱਡੇ ਪੱਧਰ ‘ਤੇ ਜਾਂਚ ਅਤੇ ਸੰਪਰਕ ਟਰੇਸਿੰਗ ਜਾਰੀ ਰੱਖਣ ਦੇ ਨਿਰਦੇਸ਼ ਦਿੱਤੇ। ਸ੍ਰੀਮਤੀ ਮਹਾਜਨ ਨੇ 31 ਅਹਿਮ ਬੁਨਿਆਦੀ ਢਾਂਚਾ ਵਿਕਾਸ ਪ੍ਰਾਜੈਕਟਾਂ ਦੀ ਮੌਜੂਦਾ ਸਥਿਤੀ ਦੀ ਸਮੀਖਿਆ ਵੀ ਕੀਤੀ, ਜਿਸ 'ਚ ਭਾਰਤੀ ਰੇਲਵੇ, ਭਾਰਤੀ ਕੌਮੀ ਰਾਜਮਾਰਗ ਅਥਾਰਟੀ ਅਤੇ ਲੋਕ ਨਿਰਮਾਣ ਵਿਭਾਗ ਵੱਲੋਂ ਚਲਾਏ ਜਾ ਰਹੇ ਵੱਖ -ਵੱਖ ਰੇਲਵੇ ਲਾਈਨਾਂ ਅਤੇ ਸੜਕੀ ਪ੍ਰੋਜੈਕਟਾਂ ਤੋਂ ਇਲਾਵਾ ਰੋਪੜ 'ਚ ਇੰਡੀਅਨ ਇੰਸਟੀਚਿਊਟ ਆਫ਼ ਟੈਕਨਾਲੋਜੀ, ਅੰਮ੍ਰਿਤਸਰ 'ਚ ਇੰਡੀਅਨ ਇੰਸਟੀਚਿਊਟ ਆਫ਼ ਮੈਨੇਜਮੈਂਟ, ਬਠਿੰਡਾ ਵਿੱਚ ਏਮਜ਼, ਸੰਗਰੂਰ ਵਿੱਚ ਪੀ.ਜੀ.ਆਈ. ਸੈਟੇਲਾਈਟ ਸੈਂਟਰ ਅਤੇ ਬਠਿੰਡਾ 'ਚ ਈਥਾਨੋਲ ਬਾਇਓ-ਰਿਫਾਇਨਰੀ ਪ੍ਰਾਜੈਕਟ ਸ਼ਾਮਲ ਹਨ।
ਇਹ ਖ਼ਬਰ ਪੜ੍ਹੋ- ਅਮਰੀਕਾ 'ਚ ਕੋਰੋਨਾ ਵੈਕਸੀਨ ਦੀਆਂ ਲੱਗੀਆਂ 372.1 ਮਿਲੀਅਨ ਖੁਰਾਕਾਂ : CDC
ਉਨਾਂ ਦੱਸਿਆ ਕਿ ਸੂਬੇ 'ਚ 13315 ਕਰੋੜ ਰੁਪਏ ਦੀ ਲਾਗਤ ਨਾਲ 19 ਅਹਿਮ ਬੁਨਿਆਦੀ ਢਾਂਚਾ ਪ੍ਰਾਜੈਕਟ ਮੁਕੰਮਲ ਹੋ ਚੁੱਕੇ ਹਨ। ਸੂਬੇ ਵਿੱਚ ਅੰਤਰ-ਰਾਜੀ ਸੜਕੀ ਸੰਪਰਕ ਅਤੇ ਆਰਥਿਕ ਗਤੀਵਿਧੀਆਂ ਨੂੰ ਹੋਰ ਹੁਲਾਰਾ ਦੇਣ ਲਈ ਮੁੱਖ ਸਕੱਤਰ ਨੇ ਦੱਸਿਆ ਕਿ ਫਗਵਾੜਾ-ਰੂਪਨਗਰ (2574 ਕਰੋੜ ਰੁਪਏ), ਐੱਨ.ਐੱਚ.-71 ਦੇ ਲਾਂਬੜਾ-ਸ਼ਾਹਕੋਟ ਸੈਕਸ਼ਨ (847 ਕਰੋੜ ਰੁਪਏ) ਐੱਨ.ਐੱਚ.-71 ਦਾ ਮੋਗਾ-ਟੱਲੇਵਾਲ ਸੈਕਸ਼ਨ (905 ਕਰੋੜ ਰੁਪਏ), ਖਰੜ-ਲੁਧਿਆਣਾ (2593 ਕਰੋੜ ਰੁਪਏ), ਐੱਨ.ਐੱਚ.-71 ਦੇ ਸ਼ਾਹਕੋਟ-ਮੋਗਾ ਸੈਕਸ਼ਨ (766 ਕਰੋੜ ਰੁਪਏ), ਚੰਡੀਗੜ੍ਹ-ਖਰੜ (800 ਕਰੋੜ ਰੁਪਏ) ਅਤੇ ਲੁਧਿਆਣਾ-ਤਲਵੰਡੀ (479-ਕਰੋੜ ਰੁਪਏ) ਨੂੰ ਚਹੁੰ ਮਾਰਗੀ ਕਰਨ ਦਾ ਕੰਮ ਮੁਕੰਮਲ ਹੋ ਚੁੱਕਿਆ ਹੈ।
ਇਸ ਤੋਂ ਇਲਾਵਾ ਐੱਨ.ਐੱਚ-354 ਦੇ ਖੇਮਕਰਨ ਤੋਂ ਅੰਮ੍ਰਿਤਸਰ ਬਾਈਪਾਸ ਦੀ ਸ਼ੁਰੂਆਤ ਤੱਕ ਦੇ ਸੈਕਸ਼ਨ ਦਾ ਨਵੀਨੀਕਰਨ ਅਤੇ ਸੁਧਾਰ (196 ਕਰੋੜ ਰੁਪਏ), ਰਾਮਦਾਸ ਤੋਂ ਗੁਰਦਾਸਪੁਰ ਸਮੇਤ ਕਰਤਾਰਪੁਰ ਸਾਹਿਬ ਕੌਰੀਡੋਰ (219 ਕਰੋੜ ਰੁਪਏ), ਐੱਨ.ਐੱਚ.-254 ਦੇ ਮੁੱਦਕੀ-ਜਵਾਹਰ ਸਿੰਘ ਵਾਲਾ ਸੈਕਸ਼ਨ (173-ਕਰੋੜ ਰੁਪਏ) ਨੂੰ ਪੇਵਡ ਸ਼ੋਲਡਰ ਨਾਲ ਦੋ ਮਾਰਗੀ ਕਰਨ, ਐੱਨ.ਐੱਚ. -354 ਈ ਦੇ ਅਬੋਹਰ-ਸੀਤੋ ਗੁੰਨੋ-ਡੱਬਵਾਲੀ ਸੈਕਸ਼ਨ (322-ਕਰੋੜ ਰੁਪਏ), ਐੱਨ.ਐੱਚ.-703 ਬੀ ਦੇ ਮੱਖੂ- ਹਰੀਕੇ-ਖਾਲੜਾ ਸੈਕਸ਼ਨ (294-ਕਰੋੜ ਰੁਪਏ), ਟੋਹਾਣਾ (ਹਰਿਆਣਾ) ਪੰਜਾਬ/ਹਰਿਆਣਾ ਬਾਰਡਰ ਤੋਂ ਮੂਨਕ-ਜਾਖਲ-ਬੁਢਲਾਡਾ-ਭੀਖੀ ਤੱਕ ਐੱਨ.ਐੱਚ.-148 ਬੀ (342-ਕਰੋੜ ਰੁਪਏ) ਨੂੰ ਚੌੜਾ ਕਰਨ ਤੇ ਪੇਵਡ ਸ਼ੋਲਡਰ ਬਣਾਉਣ, ਹਰੀਕੇ-ਜ਼ੀਰਾ (892 ਕਰੋੜ ਰੁਪਏ) ਦੇ ਨਾਲ ਪੇਵ ਸ਼ੋਲਡਰ ਬਣਾਉਣ ਤੋਂ ਇਲਾਵਾ ਮੌਜੂਦਾ ਦੋ ਮਾਰਗੀ ਕੈਰੇਜਵੇਅ ਨੂੰ ਚਹੁੰ ਮਾਰਗੀ ਕਰਨ ਦਾ ਕੰਮ ਪ੍ਰਗਤੀ ਅਧੀਨ ਹੈ।
ਫੇਜ਼-1 ਬੀ ਅਧੀਨ ਆਈ.ਆਈ.ਟੀ., ਰੋਪੜ (351-ਕਰੋੜ ਰੁਪਏ) ਲਈ ਵੱਖ-ਵੱਖ ਇਮਾਰਤਾਂ ਦੀ ਉਸਾਰੀ ਨੂੰ ਮੁਕੰਮਲ ਕੀਤਾ ਗਿਆ, ਇਸ ਤੋਂ ਇਲਾਵਾ ਕ੍ਰਮਵਾਰ 219 ਕਰੋੜ ਤੇ 240-ਕਰੋੜ ਰੁਪਏ ਦੀ ਲਾਗਤ ਨਾਲ ਐੱਨ.ਐੱਫ.ਐੱਲ., ਬਠਿੰਡਾ ਅਤੇ ਨੰਗਲ ਵਿਖੇ ਗੈਸ ਟਰਬੋ ਜੈਨਰੇਟਰ ਅਤੇ ਹੀਟ ਰਿਕਵਰੀ ਸਟੀਮ ਜੈਨਰੇਟਰ ਪ੍ਰੋਜੈਕਟ ਲਾਗੂ ਕੀਤੇ ਗਏ ਹਨ। ਬਠਿੰਡਾ ਵਿਖੇ ਆਲ ਇੰਡੀਆ ਇੰਸਟੀਚਿਊਟ ਆਫ਼ ਮੈਡੀਕਲ ਸਾਇੰਸ (925 ਕਰੋੜ ਰੁਪਏ) ਤੇ ਸੰਗਰੂਰ ਵਿਖੇ ਸੈਟੇਲਾਈਟ ਸੈਂਟਰ ਪੀ.ਜੀ.ਆਈ. ਚੰਡੀਗੜ੍ਹ (178 ਕਰੋੜ ਰੁਪਏ) ਦਾ ਕੰਮ ਵੀ ਜੰਗੀ ਪੱਧਰ ’ਤੇ ਚੱਲ ਰਿਹਾ ਹੈ। ਉਹਨਾਂ ਸਬੰਧਤ ਅਧਿਕਾਰੀਆਂ ਤੋਂ ਪ੍ਰਗਤੀ ਰਿਪੋਰਟ ਮੰਗਦਿਆਂ ਰੇਲਵੇ ਲਾਈਨ ਪ੍ਰਾਜੈਕਟਾਂ ਲਈ ਚੱਲ ਰਹੀ ਜ਼ਮੀਨ ਗ੍ਰਹਿਣ ਪ੍ਰਕਿਰਿਆ ਨੂੰ ਹੋਰ ਤੇਜ਼ ਕਰਨ ਲਈ ਕਿਹਾ।
ਨੋਟ- ਇਸ ਖ਼ਬਰ ਸਬੰਧੀ ਕਮੈਂਟ ਕਰਕੇ ਦਿਓ ਆਪਣੀ ਰਾਏ।