ਮੁੱਖ ਸਕੱਤਰ ਵਲੋਂ ਡੈਲਟਾ ਪਲੱਸ ਦੇ ਫੈਲਾਅ ਨੂੰ ਰੋਕਣ ਲਈ ਟੈਸਟਿੰਗ ਦੇ ਹੁਕਮ ਜਾਰੀ
Monday, Jun 28, 2021 - 01:48 PM (IST)
ਚੰਡੀਗੜ੍ਹ (ਅਸ਼ਵਨੀ) : ਸੂਬੇ ’ਚ ਡੈਲਟਾ ਪਲੱਸ ਦੇ ਮਾਮਲੇ ਸਾਹਮਣੇ ਆਉਣ ਤੋਂ ਬਾਅਦ ਮੁੱਖ ਸਕੱਤਰ ਵਿਨੀ ਮਹਾਜਨ ਨੇ ਡੈਲਟਾ ਪਲੱਸ, ਜੋ ਕੋਵਿਡ ਦਾ ਤੇਜ਼ੀ ਨਾਲ ਫੈਲਣ ਵਾਲਾ ਸਰੂਪ ਹੈ। ਇਸ ’ਤੇ ਕਾਬੂ ਪਾਉਣ ਲਈ ਨਿਗਰਾਨੀ ਵਧਾਉਣ ਤੋਂ ਇਲਾਵਾ ਵੱਡੇ ਪੱਧਰ ’ਤੇ ਸੰਪਰਕ ਟਰੇਸਿੰਗ ਅਤੇ ਟੈਸਟਿੰਗ ਨੂੰ ਯਕੀਨੀ ਬਣਾਉਣ ਵਾਸਤੇ ਸਰਕਾਰੀ ਅਮਲੇ ਨੂੰ ਚੌਕਸ ਰਹਿਣ ਦੇ ਨਿਰਦੇਸ਼ ਦਿੱਤੇ ਹਨ। ਇਥੇ ਕੋਵਿਡ ਰਿਸਪਾਂਸ ਗਰੁੱਪ ਦੀ ਮੀਟਿੰਗ ਦੀ ਪ੍ਰਧਾਨਗੀ ਕਰਦਿਆਂ ਮੁੱਖ ਸਕੱਤਰ ਨੇ ਕਿਹਾ ਕਿ ਸੂਬੇ ’ਚ ਡੈਲਟਾ ਪਲੱਸ ਵੇਰੀਐਂਟ ਦੇ ਕੁਝ ਮਾਮਲੇ ਸਾਹਮਣੇ ਆਏ ਹਨ, ਜਿਨ੍ਹਾਂ ’ਚੋਂ ਪਟਿਆਲਾ ਅਤੇ ਲੁਧਿਆਣਾ ’ਚ 1-1 ਮਾਮਲਾ ਰਿਪੋਰਟ ਕੀਤਾ ਗਿਆ ਹੈ। ਉਨ੍ਹਾਂ ਕਿਹਾ ਕਿ ਸਥਿਤੀ ਨੂੰ ਧਿਆਨ ’ਚ ਰੱਖਦਿਆਂ ਵਾਇਰਸ ਦੇ ਇਸ ਸਰੂਪ ਦੇ ਅੱਗੇ ਫੈਲਾਅ ਨੂੰ ਰੋਕਣ ਲਈ ਨਿਗਰਾਨੀ ਵਧਾਉਣ ਅਤੇ ਵੱਡੇ ਪੱਧਰ ’ਤੇ ਸੰਪਰਕ ਟਰੇਸਿੰਗ ਤੇ ਟੈਸਟਿੰਗ ਕਰਨ ਦਾ ਫੈਸਲਾ ਲਿਆ ਗਿਆ ਹੈ।
ਇਹ ਵੀ ਪੜ੍ਹੋ : ਵਿਦੇਸ਼ ’ਚ ਪੜ੍ਹਾਈ ਲਈ ਤਿਆਰ 50 ਹਜ਼ਾਰ ਵਿਦਿਆਰਥੀਆਂ ਲਈ ਰਾਹਤ ਲਿਆਇਆ ਕੈਪਟਨ ਦਾ ਫੈਸਲਾ
ਉਨ੍ਹਾਂ ਕਿਹਾ ਕਿ ਮੈਡੀਕਲ ਸਿੱਖਿਆ ਅਤੇ ਖੋਜ ਮਹਿਕਮੇ ਅਤੇ ਪੰਜਾਬ ਹੈਲਥ ਸਿਸਟਮ ਕਾਰਪੋਰੇਸ਼ਨ (ਪੀ. ਐੱਚ. ਐੱਸ. ਸੀ.) ਵਲੋਂ ਪਟਿਆਲਾ ਦੇ ਸਰਕਾਰੀ ਮੈਡੀਕਲ ਕਾਲਜ ਵਿਖੇ ’ਹੋਲ ਜੀਨੋਮ ਸੀਕੁਐਂਸਿੰਗ’ ਮਸ਼ੀਨ ਲਗਾਉਣ ਸਬੰਧੀ ਪ੍ਰਸਤਾਵ ਤਿਆਰ ਕੀਤਾ ਜਾ ਰਿਹਾ ਹੈ। ਮੁੱਖ ਸਕੱਤਰ ਨੇ ਲੈਬਾਟਰੀਆਂ ਵਿਚ ਡੇਟਾ ਪ੍ਰੋਸੈਸਿੰਗ ਵਿਚ ਲੱਗਦੇ ਸਮੇਂ ਨੂੰ ਬਚਾਉਣ ਦੇ ਮੰਤਵ ਨਾਲ ਕੋਵਿਡ ਦੇ ਨਮੂਨਿਆਂ ’ਤੇ ਬਾਰ ਕੋਡ ਲਗਾਉਣ ਦੇ ਹੁਕਮ ਦਿੱਤੇ ਹਨ ਤਾਂ ਜੋ ਲੈਬਾਟਰੀਆਂ ’ਚ ਡਾਟਾ ਲੈਣ ਦੀ ਪ੍ਰਕਿਰਿਆ ਨੂੰ ਸਵੈ-ਚਾਲਿਤ ਕੀਤਾ ਜਾ ਸਕੇ ਅਤੇ ਰਿਪੋਰਟ ਦਾ ਨਤੀਜਾ ਆਉਣ ਦੇ ਸਮੇਂ ਨੂੰ ਘਟਾਇਆ ਜਾ ਸਕੇ। ਉਨ੍ਹਾਂ ਦੱਸਿਆ ਕਿ ਟੀਕਾਕਰਨ, ਬਿਮਾਰੀ ਦੇ ਨਤੀਜੇ ਅਤੇ ਹੋਲ ਜੀਨੋਮ ਸੀਕੁਐਂਸਿੰਗ ਨੂੰ ਪਹਿਲਾਂ ਹੀ ਕੋਵਾ ਮੋਬਾਈਲ ਐਪ ਨਾਲ ਜੋੜ ਦਿੱਤਾ ਗਿਆ ਹੈ ਅਤੇ ਹੋਰ ਪੈਰਾਮੀਟਰਾਂ ਨੂੰ ਵੀ ਇਸ ਐਪ ਨਾਲ ਜਲਦੀ ਜੋੜ ਦਿੱਤਾ ਜਾਵੇਗਾ। ਜੀ. ਆਈ. ਐੱਸ. ਲਿੰਕਿਗ ਵੀ ਕੀਤੀ ਜਾ ਸਕਦੀ ਹੈ।
ਇਹ ਵੀ ਪੜ੍ਹੋ : ‘ਡੈਲਟਾ ਪਲੱਸ’ ਵੈਰੀਐਂਟ ਦਾ ਪਹਿਲਾ ਮਰੀਜ਼ ਮਿਲਣ ’ਤੇ ਪ੍ਰਸ਼ਾਸਨ ’ਚ ਭਾਜੜਾਂ
ਨੋਟ — ਇਸ ਖ਼ਬਰ ਬਾਰੇ ਤੁਸੀਂ ਕੀ ਕਹਿਣਾ ਚਾਹੁੰਦੇ ਹੋ, ਕੁਮੈਂਟ ਬਾਕਸ ’ਚ ਦਿਓ ਆਪਣੀ ਰਾਏ