ਮੁੱਖ ਮੰਤਰੀ ਦੇ OSD ਗੁਰਪ੍ਰੀਤ ਸਿੰਘ ਸੋਨੂੰ ਨੇ ਗੰਨੇ ਦੇ ਮੁੱਲ ਵਧਾਉਣ 'ਤੇ ਕੈਪਟਨ ਨੂੰ ਦਿੱਤੀ ਵਧਾਈ
Thursday, Aug 26, 2021 - 12:36 AM (IST)
ਚੰਡੀਗੜ੍ਹ- ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਆਫਿਸਰ ਆਫ ਸਪੈਸ਼ਲ ਡਿਊਟੀ (ਓ. ਐੱਸ. ਡੀ.) ਗੁਰਪ੍ਰੀਤ ਸਿੰਘ ਸੋਨੂੰ ਦੇਸੀ ਵੱਲੋਂ ਕੈਪਟਨ ਅਤੇ ਪੰਜਾਬ ਦੇ ਸਮੂਹ ਕਿਸਾਨਾਂ ਨੂੰ ਗੰਨੇ ਦੇ ਰੇਟ 'ਚ ਵਾਧਾ ਕਰਨ 'ਤੇ ਵਧਾਈ ਦਿੱਤੀ ਹੈ। ਸੋਨੂੰ ਨੇ ਆਪਣੇ ਫੇਸਬੁੱਕ ਪੇਜ 'ਤੇ ਇਕ ਵੀਡੀਓ ਸ਼ੇਅਰ ਕਰ ਪੰਜਾਬ ਅਤੇ ਪੰਜਾਬ ਦੇ ਸਮੂਹ ਕਿਸਾਨਾਂ ਨੂੰ ਵਧਾਈ ਦਿੱਤੀ।
ਇਹ ਵੀ ਪੜ੍ਹੋ : ਡਾ. ਓਬਰਾਏ ਨੇ ਕਿਸੇ ਵੀ ਪਾਰਟੀ ਲਈ ਮੁੱਖ ਮੰਤਰੀ ਦਾ ਚਿਹਰਾ ਬਣਨ ਤੋਂ ਕੀਤੀ ਨਾਂਹ
ਵੀਡੀਓ ਸ਼ੇਅਰ ਕਰ ਸੋਨੂੰ ਨੇ ਕਿਹਾ ਮੈਂ ਕੈਪਟਨ ਅਮਰਿੰਦਰ ਸਿੰਘ ਅਤੇ ਉਨ੍ਹਾਂ ਦੀ ਸਰਕਾਰ ਦਾ ਧੰਨਵਾਦ ਕਰਦਾ ਹਾਂ ਕਿਉਂਕਿ ਉਨ੍ਹਾਂ ਨੇ ਗੰਨੇ ਦੇ ਰੇਟ 'ਚ ਵਾਧਾ ਕਰ ਕੇ ਇਕ ਇਤਿਹਾਸਕ ਫੈਸਲਾ ਕੀਤਾ ਹੈ ਅਤੇ ਕਿਸਾਨਾਂ ਦੀ ਬਾਂਹ ਫੜ੍ਹੀ ਹੈ। ਸੋਨੂੰ ਨੇ ਕਿਹਾ ਕਿ ਪੰਜਾਬ ਦੇ ਮੁੱਖ ਮੰਤਰੀ ਨੇ ਜੋ ਗੰਨੇ ਦੇ ਰੇਟ 'ਚ 50 ਰੁਪਏ ਵਾਧਾ ਕੀਤਾ ਹੈ ਅਜਿਹਾ ਉਛਾਲ ਪਹਿਲਾਂ ਕਦੇ ਵੀ ਗੰਨੇ ਦੇ ਰੇਟ 'ਚ ਨਹੀਂ ਹੋਇਆ ਜਿਸ ਕਾਰਨ ਕਿਸਾਨ ਆਗੂ ਬਲਬੀਰ ਸਿੰਘ ਰਾਜੇਵਾਲ ਜੀ ਵੱਲੋਂ ਵੀ ਉਨ੍ਹਾਂ ਦੀ ਸਿਫਤ ਕੀਤੀ ਗਈ ਸੀ।
ਇਹ ਵੀ ਪੜ੍ਹੋ : ਰੇਲ ਮੰਤਰੀ ਨੂੰ ਮਿਲੇ SP ਮਨੀਸ਼ ਤਿਵਾੜੀ, ਰੋਪੜ ਰੇਲਵੇ ਸਟੇਸ਼ਨ 'ਚ ਸੁਧਾਰ ਦੀ ਕੀਤੀ ਮੰਗ
ਸੋਨੂੰ ਨੇ ਕਿਹਾ ਸਾਡਾ ਪੰਜਾਬ ਸੂਬਾ ਇਕ ਕਿਸਾਨੀ ਪ੍ਰਧਾਨ ਸੂਬਾ ਹੈ ਜੇਕਰ ਸਾਡੇ ਕਿਸਾਨ ਖੁਸ਼ਹਾਲ ਹੋਣਗੇ ਤਾਂ ਹੀ ਸਾਡਾ ਪ੍ਰਦੇਸ਼ ਖੁਸ਼ਹਾਲ ਹੋਵੇਗਾ, ਇਸ ਲਈ ਸਾਨੂੰ ਕਿਸਾਨੀ ਅਤੇ ਕਿਸਾਨਾਂ ਨੂੰ ਸੰਭਾਲ ਕੇ ਰੱਖਣਾ ਚਾਹੀਦਾ ਹੈ। ਸੋਨੂੰ ਨੇ ਅੱਗੇ ਕਿਹਾ ਕਿ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਵੱਲੋਂ ਹਮੇਸ਼ਾਂ ਹੀ ਕਿਸਾਨੀ ਦੇ ਲਈ ਅਹਿਮ ਫੈਸਲੇ ਲਏ ਗਏ ਹਨ। ਉਨ੍ਹਾਂ ਕਿਹਾ ਕਿ ਜਦੋਂ ਪੰਜਾਬ 'ਚ ਪਾਣੀ ਦਾ ਮੁੱਦਾ ਵੀ ਉਠਿਆ ਸੀ ਤਾਂ ਉਨ੍ਹਾਂ ਆਪਣੀ ਪਾਰਟੀ ਅਤੇ ਅਹੁੱਦੇ ਤੋਂ ਉਪਰ ਉੱਠ ਕੇ ਪੰਜਾਬ ਦੇ ਹੱਕ 'ਚ ਫੈਸਲਾ ਕੀਤਾ ਸੀ। ਜਿਸ 'ਤੇ ਪੰਜਾਬ ਦੇ ਲੋਕਾਂ ਵੱਲੋਂ ਉਨ੍ਹਾਂ ਨੂੰ ਪਾਣੀ ਦਾ ਰਾਖਾ ਵੀ ਕਿਹਾ ਗਿਆ ਸੀ।