ਪੰਜਾਬ 'ਚ ਧੁੰਦ ਦਾ ਆਗਾਜ਼, ਸਫ਼ਰ ਕਰਨ ਤੋਂ ਪਹਿਲਾਂ ਜਾਣ ਲਓ ਜ਼ਰੂਰੀ ਗੱਲਾਂ
Friday, Nov 17, 2023 - 05:29 PM (IST)
ਜਲੰਧਰ - ਸਰਦੀਆਂ ਦਾ ਮੌਸਮ ਸ਼ੁਰੂ ਹੋ ਗਿਆ ਹੈ ਤੇ ਧੁੰਦ ਵੀ ਪੈਣੀ ਸ਼ੁਰੂ ਹੋ ਗਈ ਹੈ। ਧੁੰਦ ਦੇ ਸਮੇਂ ਸੜਕ ਹਾਦਸਿਆਂ ਤੋਂ ਬਚਣ ਅਤੇ ਆਪਣੀ ਜਾਨ ਦੀ ਰੱਖਿਆ ਕਰਨ ਲਈ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਲੋਕਾਂ ਨੂੰ ਸੜਕ 'ਤੇ ਧਿਆਨ ਨਾਲ ਨਿਕਲਣ ਦੀ ਅਪੀਲ ਕੀਤੀ ਹੈ। ਇਸ ਮੌਕੇ ਉਨ੍ਹਾਂ ਲੋਕਾਂ ਪੰਜਾਬ ਰਾਜ ਸੜਕ ਸੁਰੱਖਿਆ ਕੌਂਸਲ ਵੱਲੋਂ ਜਾਰੀ ਕੀਤੀਆਂ ਹਦਾਇਤਾਂ ਦੀ ਪਾਲਣਾ ਕਰਨ ਦੀ ਵੀ ਅਪੀਲ ਕੀਤੀ ਹੈ।
ਪੰਜਾਬ ਰਾਜ ਸੜਕ ਸੁਰੱਖਿਆ ਕੌਂਸਲ ਵੱਲੋਂ ਜਾਰੀ ਕੀਤੀਆਂ ਗਈਆਂ ਹਦਾਇਤਾਂ-
* ਚੰਗੀ ਵਿਜ਼ੀਬਿਲਿਟੀ ਲਈ ਹੈੱਡਲਾਈਟਾਂ, ਫਲੈਸ਼ਰਜ਼ ਅਤੇ ਧੁੰਦ ਦੀਆਂ ਲਾਈਟਾਂ ਦਾ ਸਹੀ ਤਰ੍ਹਾਂ ਕੰਮ ਕਰਨਾ ਯਕੀਨੀ ਬਣਾਓ।
* ਵਾਹਨ ਹੌਲੀ ਚਲਾਓ ਤੇ ਦੂਜੀਆਂ ਗੱਡੀਆਂ ਤੋਂ ਸੁਰੱਖਿਅਤ ਦੂਰੀ ਬਣਾ ਕੇ ਰੱਖੋ।
* ਸੜਕ ਦੇ ਚਿਨ੍ਹਾਂ ਅਤੇ ਨਿਸ਼ਾਨਾਂ 'ਤੇ ਵਧੇਰੇ ਧਿਆਨ ਦਿਓ।
* ਸਹੀ ਲੇਨ 'ਚ ਰਹਿਣ ਲਈ ਸੜਕ 'ਤੇ ਬਣੇ ਨਿਸ਼ਾਨਾਂ ਦੀ ਵਰਤੋਂ ਕਰੋ।
* ਅਚਾਨਕ ਰੁਕਣ ਅਤੇ ਲੇਨ ਬਦਲਣ ਤੋਂ ਬਚੋ।
* ਸਾਈਕਲ ਸਵਾਰਾਂ, ਪੈਦਲ ਚੱਲਣ ਵਾਲਿਆਂ ਅਤੇ ਦੋ-ਪਹੀਆ ਵਾਹਨਾਂ ਦੀ ਆਵਾਜਾਈ ਦਾ ਵੀ ਧਿਆਨ ਰੱਖੋ।
* ਜੇਕਰ ਵਿਜ਼ੀਬਿਲਿਟੀ ਘੱਟ ਹੈ ਤਾਂ ਦੂਜੇ ਵਾਹਨਾਂ ਨੂੰ ਓਵਰਟੇਕ ਨਾ ਕਰੋ।
* ਜੇਕਰ ਵਿਜ਼ੀਬਿਲਿਟੀ ਬਹੁਤ ਘੱਟ ਹੈ ਤਾਂ ਗੱਡੀ ਚਲਾਉਣ ਤੋਂ ਬਚੋ।
* ਸਫ਼ਰ ਕਰਨ ਤੋਂ ਪਹਿਲਾਂ ਧੁੰਦ ਬਾਰੇ ਮੌਸਮ ਵਿਭਾਗ ਦੀ ਚਿਤਾਵਨੀ ਵੱਲ ਧਿਆਨ ਦਿਓ।
ਸੜਕ ਸੁਰੱਖਿਆ ਲਈ ਅਪਣਾਓ ਇਹ ਸੁਨਹਿਰੀ ਨਿਯਮ
ਧੁੰਦ ਦੌਰਾਨ ਸਾਵਧਾਨੀਆਂ- ਧੁੰਦ ਦੇ ਮੌਸਮ 'ਚ ਸਾਵਧਾਨੀ ਨਾਲ ਗੱਡੀ ਚਲਾਓ ਤੇ ਖ਼ਰਾਬ ਮੌਸਮ 'ਚ ਗੱਡੀ ਚਲਾਉਣ ਤੋਂ ਗੁਰੇਜ਼ ਕਰੋ।
ਸੀਟ ਬੈਲਟ ਲਗਾਓ- ਆਪਣੀ ਤੇ ਪਰਿਵਾਰ ਦੀ ਸੁਰੱਖਿਆ ਲਈ ਸੀਟ ਬੈਲਟ ਜ਼ਰੂਰ ਲਗਾਓ। ਸੀਟ ਬੈਲਟ ਸੜਕ ਹਾਦਸਿਆਂ ਨੂੰ 60 ਫ਼ੀਸਦੀ ਤੱਕ ਘਟਾਉਣ 'ਚ ਮਦਦ ਕਰਦੀ ਹੈ।
ਹੈਲਮਟ ਪਾਓ- ਦੋ ਪਹੀਆ ਵਾਹਨ ਚਲਾਉਂਦੇ ਹੋਏ ਆਪਣੇ ਸਿਰ ਦੀ ਸੁਰੱਖਿਆ ਲਈ ਹੈਲਮਟ ਜ਼ਰੂਰ ਪਾਓ। ਹੈਲਮਟ ਸਿਰ 'ਚ ਸੱਟ ਲੱਗਣ ਦੀਆਂ ਸੰਭਾਵਨਾਵਾਂ ਨੂੰ 70 ਫ਼ੀਸਦੀ ਤੱਕ ਘੱਟ ਕਰਦਾ ਹੈ।
ਆਵਾਜ਼ਾਈ ਨਿਯਮਾਂ ਦੀ ਪਾਲਣਾ ਕਰੋ- ਸੜਕ ਹਾਦਸਿਆਂ ਤੋਂ ਬਚਣ ਲਈ ਆਵਾਜਾਈ ਨਿਯਮਾਂ ਦੀ ਪਾਲਣਾ ਕਰਨ ਨੂੰ ਯਕੀਨੀ ਬਣਾਓ।
ਸਪੀਡ ਲਿਮਿਟ ਦਾ ਰੱਖੋ ਧਿਆਨ- ਆਪਣੀ ਅਤੇ ਦੂਜਿਆਂ ਦੀ ਸੁਰੱਖਿਆ ਲਈ ਸਪੀਡ ਲਿਮਿਟ ਦੀ ਪਾਲਣਾ ਕਰੋ। ਰਿਹਾਇਸ਼ੀ ਇਲਾਕਿਆਂ 'ਚ 20 ਕਿਲੋਮੀਟਰ ਪ੍ਰਤੀ ਘੰਟਾ ਦੀ ਗਤੀ 'ਤੇ ਚੱਲਣਾ ਚਾਹੀਦਾ ਹੈ।
ਵਾਹਨ ਚਲਾਉਣ ਸਮੇਂ ਮੋਬਾਇਲ ਦੀ ਵਰਤੋਂ ਨਾ ਕਰੋ- ਵਾਹਨ ਚਲਾਉਂਦੇ ਸਮੇਂ ਫ਼ੋਨ ਦੀ ਵਰਤੋਂ ਕਰਨ ਨਾਲ ਧਿਆਨ ਭਟਕ ਸਕਦਾ ਹੈ ਤੇ ਸੜਕ ਦੁਰਘਟਨਾ ਵਾਪਰਨ ਦੀ ਸੰਭਾਵਨਾ ਵਧ ਜਾਂਦੀ ਹੈ।
ਸ਼ਰਾਬ ਪੀ ਕੇ ਵਾਹਨ ਨਾ ਚਲਾਓ- ਨਸ਼ਾ ਕਰ ਕੇ ਵਾਹਨ ਨਹੀਂ ਚਲਾਉਣਾ ਚਾਹੀਦਾ, ਹਾਦਸੇ ਹੋਣ ਦਾ ਖ਼ਤਰਾ ਵਧ ਜਾਂਦਾ ਹੈ।
ਜ਼ੈਬਰਾ-ਕ੍ਰਾਸਿੰਗ ਕੋਲ ਰੁਕੋ ਜਾਂ ਗੱਡੀ ਹੌਲੀ ਕਰੋ- ਜ਼ੈਬਰਾ ਕ੍ਰਾਸਿੰਗ ਕੋਲ ਗੱਡੀ ਨੂੰ ਰੋਕੋ ਅਤੇ ਪੈਦਲ ਚੱਲਣ ਵਾਲੇ ਯਾਤਰੀਆਂ ਨੂੰ ਸੜਕ ਪਾਰ ਕਰਨ ਦਿਓ।
ਪੈਦਲ ਯਾਤਰੀਆਂ, ਸਾਈਕਲ ਸਵਾਰਾਂ, ਬੱਚਿਆਂ, ਬਜ਼ੁਰਗਾਂ ਤੇ ਦਿਵਿਆਂਗਜਨਾਂ ਦੀ ਸੁਰੱਖਿਆ ਨੂੰ ਯਕੀਨੀ ਬਣਾਓ- ਗੱਡੀ ਜਾਂ ਵਾਹਨ ਚਲਾਉਣ ਸਮੇਂ ਸਾਈਕਲ ਸਵਾਰਾਂ, ਬੱਚਿਆਂ, ਬਜ਼ੁਰਗਾਂ ਤੇ ਦਿਵਿਆਂਗਜਨਾਂ ਦੀ ਸੁਰੱਖਿਆ ਵੱਲ ਖ਼ਾਸ ਧਿਆਨ ਦਿਓ ਤੇ ਸਾਵਧਾਨੀ ਵਰਤੋ।
ਮਦਦਗਾਰ ਬਣੋ- ਚੰਗੇ ਨਾਗਰਿਕ ਬਣੋ ਤੇ ਸੜਕ ਹਾਦਸਿਆਂ ਦੇ ਪੀੜਤਾਂ ਦੀ ਮਦਦ ਕਰੋ।