ਮੁੱਖ ਮੰਤਰੀ ਨੇ ਵਰਲਡ ਸਕਿੱਲ ਕੈਂਪਸ ਆਫ ਐਕਸੀਲੈਂਸ ਐਂਡ ਰਿਨੋਵੇਟਿਡ ਦਾ ਕੀਤਾ ਉਦਘਾਟਨ
Thursday, Apr 03, 2025 - 08:41 PM (IST)

ਲੁਧਿਆਣਾ- ਲੁਧਿਆਣਾ ਦੇ ਦਿਲ ਵਿੱਚ 20 ਏਕੜ 'ਚ ਫੈਲਿਆ ਵਰਲਡ ਸਕਿੱਲ ਕੈਂਪਸ ਆਫ ਐਕਸੀਲੈਂਸ ਅਤੇ ਨਵੇਂ ਮੁਰੰਮਤ ਕੀਤੇ ਗਏ ਇੰਡਸਟਰੀਅਲ ਟ੍ਰੇਨਿੰਗ ਇੰਸਟੀਚਿਊਟ (ਆਈਟੀਆਈ) ਅਤੇ ਮਲਟੀ ਸਕਿੱਲ ਡਿਵੈਲਪਮੈਂਟ ਸੈਂਟਰ ਦਾ ਉਦਘਾਟਨ ਵੀਰਵਾਰ ਨੂੰ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਅਤੇ ਪੰਜਾਬ ਦੇ ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ ਨੇ ਕੀਤਾ। 20 ਏਕੜ ਦੇ ਇਸ ਕੈਂਪਸ 'ਚ ਸਾਲਾਨਾ 3,000 ਤੋਂ ਵੱਧ ਵਿਦਿਆਰਥੀਆਂ ਨੂੰ ਹੁਨਰ ਸਿਖਲਾਈ ਪ੍ਰਦਾਨ ਕਰਨ ਅਤੇ ਨੌਕਰੀਆਂ ਦੀ ਸਹੂਲਤ ਦੇਣ ਦੀ ਸਮਰੱਥਾ ਹੈ।
ਡਾ. ਵਿਕਰਮਜੀਤ ਸਿੰਘ ਸਾਹਨੀ, ਪਦਮ ਸ਼੍ਰੀ, ਸੰਸਦ ਮੈਂਬਰ, ਰਾਜ ਸਭਾ ਨੇ ਆਈਟੀਆਈ ਲੁਧਿਆਣਾ ਨੂੰ ਅਪਣਾਇਆ ਅਤੇ ਸਲਾਹ ਦਿੱਤੀ ਹੈ ਅਤੇ ਆਪਣੇ ਐਮਪੀਐਲਏਡੀ ਫੰਡ ਵਿੱਚੋਂ 2 ਕਰੋੜ ਰੁਪਏ ਅਤੇ ਆਈਟੀਆਈ - ਲੁਧਿਆਣਾ ਨੂੰ ਅਪਗ੍ਰੇਡ ਅਤੇ ਆਧੁਨਿਕ ਬਣਾਉਣ ਲਈ ਆਪਣੇ ਵੱਲੋਂ 70 ਲੱਖ ਰੁਪਏ ਦਾ ਯੋਗਦਾਨ ਪਾਇਆ ਹੈ। ਇਨ੍ਹਾਂ ਅਪਗ੍ਰੇਡਾਂ 'ਚ ਰੋਬੋਟਿਕ ਵੈਲਡਰ, 3ਡੀ ਪ੍ਰਿੰਟਿੰਗ ਮਸ਼ੀਨਾਂ, ਸੀਐਨਸੀ ਮਸ਼ੀਨਾਂ ਆਦਿ ਵਰਗੀਆਂ ਅਤਿ-ਆਧੁਨਿਕ ਤਕਨਾਲੋਜੀਆਂ, ਆਡੀਓ-ਵੀਡੀਓ ਸੈੱਟਅੱਪ ਵਾਲੇ ਡਿਜੀਟਲ ਕਲਾਸਰੂਮ ਅਤੇ ਉੱਨਤ ਸਿਖਲਾਈ ਲੈਬਾਂ ਸ਼ਾਮਲ ਹਨ।
ਇਸ ਮੌਕੇ ਬੋਲਦਿਆਂ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਡਾ. ਸਾਹਨੀ ਦੇ ਯੋਗਦਾਨ ਦੀ ਸ਼ਲਾਘਾ ਕੀਤੀ ਅਤੇ ਕਿਹਾ ਕਿ ਅੱਜ ਪੰਜਾਬ ਨੇ ਸਿੱਖਿਆ ਦੇ ਖੇਤਰ 'ਚ ਇੱਕ ਨਵਾਂ ਮੀਲ ਪੱਥਰ ਹਾਸਲ ਕੀਤਾ ਹੈ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਨੇ ਨਸ਼ਿਆਂ ਵਿਰੁੱਧ ਇੱਕ ਵੱਡੀ ਮੁਹਿੰਮ ਸ਼ੁਰੂ ਕੀਤੀ ਹੈ ਅਤੇ ਇਹ ਯਕੀਨੀ ਬਣਾਇਆ ਹੈ ਕਿ ਪੰਜਾਬੀ ਨੌਜਵਾਨਾਂ ਨੂੰ ਪੰਜਾਬ 'ਚ ਮਿਆਰੀ ਸਿੱਖਿਆ ਅਤੇ ਰੁਜ਼ਗਾਰ ਮਿਲੇ।
ਉਨ੍ਹਾਂ ਕਿਹਾ ਕਿ ਪੰਜਾਬੀਆਂ ਕੋਲ ਹੁਨਰ ਹਨ ਅਤੇ ਉਹ ਵੱਖ-ਵੱਖ ਖੇਤਰਾਂ 'ਚ ਉੱਤਮਤਾ ਪ੍ਰਾਪਤ ਕਰਕੇ ਇੱਕ ਮਿਸਾਲ ਕਾਇਮ ਕਰ ਸਕਦੇ ਹਨ।
ਡਾ. ਸਾਹਨੀ ਨੇ ਮਿਲਟੀ ਸਕਿੱਲ ਡਿਵੈਲਪਮੈਂਟ ਸਕਿੱਲ ਸੈਂਟਰ ਆਫ਼ ਐਕਸੀਲੈਂਸ ਸਥਾਪਤ ਕਰਨ ਲਈ ਆਪਣੀ ਜੇਬ 'ਚੋਂ 2.5 ਕਰੋੜ ਰੁਪਏ ਪੂੰਜੀ ਖਰਚ 'ਤੇ ਵੀ ਖਰਚ ਕੀਤੇ। ਇਹ ਸਹੂਲਤ ਨੌਜਵਾਨਾਂ ਨੂੰ ਆਰਟੀਫੀਸ਼ੀਅਲ ਇੰਟੈਲੀਜੈਂਸ, ਏਵੀਏਸ਼ਨ, ਪ੍ਰਾਹੁਣਚਾਰੀ ਅਤੇ ਸੈਰ-ਸਪਾਟਾ, ਖੇਤੀਬਾੜੀ ਹੁਨਰ ਵਿਕਾਸ, ਫੈਸ਼ਨ ਡਿਜ਼ਾਈਨਿੰਗ, ਸੁੰਦਰਤਾ ਅਤੇ ਤੰਦਰੁਸਤੀ, ਨਰਸਿੰਗ, ਸੀਐਨਸੀ ਪ੍ਰੋਗਰਾਮਿੰਗ, ਇਲੈਕਟ੍ਰੀਸ਼ੀਅਨ, ਵੈਲਡਿੰਗ ਅਤੇ ਰਾਸ਼ਟਰੀ ਹੁਨਰ ਵਿਕਾਸ ਨਿਗਮ (ਐਨਐਸਡੀਸੀ) ਦੁਆਰਾ ਮਾਨਤਾ ਪ੍ਰਾਪਤ ਹੋਰ ਕੋਰਸਾਂ ਵਿੱਚ ਮੁਫਤ ਹੁਨਰ ਕੋਰਸ ਪ੍ਰਦਾਨ ਕਰੇਗੀ।
ਡਾ. ਵਿਕਰਮਜੀਤ ਸਿੰਘ ਸਾਹਨੀ ਨੇ ਕਿਹਾ ਕਿ ਉਦਯੋਗਾਂ ਵਿੱਚ ਖੜੋਤ ਆ ਰਹੀ ਸੀ, ਸੂਬੇ ਵਿੱਚੋਂ ਬ੍ਰੇਨ ਡਰੇਨ ਹੋ ਰਹੀ ਸੀ, ਪਰ ਸਰਕਾਰ ਵੱਲੋਂ ਨੌਜਵਾਨਾਂ ਨੂੰ ਹੁਨਰ ਪ੍ਰਦਾਨ ਕਰਨ ਲਈ ਸ਼ੁਰੂ ਕੀਤੀ ਗਈ ਮੁਹਿੰਮ ਦੇ ਚੰਗੇ ਨਤੀਜੇ ਨਿਕਲਣਗੇ। ਉਨ੍ਹਾਂ ਕਿਹਾ ਕਿ ਉਦਯੋਗਪਤੀਆਂ ਨੇ ਵੀ ਇਸ ਵਿੱਚ ਮੁੱਖ ਭੂਮਿਕਾ ਨਿਭਾਈ ਹੈ ਅਤੇ ਭਰੋਸਾ ਦਿੱਤਾ ਹੈ ਕਿ ਹਰ ਸਾਲ 5000 ਨੌਜਵਾਨਾਂ ਨੂੰ ਨੌਕਰੀਆਂ ਦਿੱਤੀਆਂ ਜਾਣਗੀਆਂ।
ਪੰਜਾਬ ਦੇ ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ ਨੇ ਅੱਜ ਇਸ ਮੌਕੇ ਬੋਲਦਿਆਂ ਲੁਧਿਆਣਾ ਨੂੰ ਸਭ ਤੋਂ ਵਧੀਆ ਆਈ.ਟੀ.ਆਈ. ਮਿਲੀ ਹੈ ਅਤੇ ਡਾ. ਸਾਹਨੀ ਦੇ ਇਸ ਉਪਰਾਲੇ ਦੀ ਸ਼ਲਾਘਾ ਕੀਤੀ। ਉਨ੍ਹਾਂ ਕਿਹਾ ਕਿ ਪਹਿਲਾਂ ਆਈ.ਟੀ.ਆਈ. ਵਿੱਚ ਸਿਰਫ਼ 50-60 ਪ੍ਰਤੀਸ਼ਤ ਸੀਟਾਂ ਭਰੀਆਂ ਜਾ ਰਹੀਆਂ ਸਨ ਪਰ ਸਰਕਾਰ ਨੇ ਹੁਣ ਹਰ ਸਾਲ ਸੀਟਾਂ ਦੀ ਗਿਣਤੀ ਵਧਾਉਣ ਦੇ ਬਾਵਜੂਦ 97 ਪ੍ਰਤੀਸ਼ਤ ਦਾਖਲਾ ਦਰ ਯਕੀਨੀ ਬਣਾਈ ਹੈ।