ਟਾਈਟਲਰ ਦੀ ਨਿਯੁਕਤੀ ’ਤੇ ਮੁੱਖ ਮੰਤਰੀ ਚੰਨੀ ਅਤੇ ਅੰਬਿਕਾ ਸੋਨੀ ਨੂੰ ਦੇਣਾ ਚਾਹੀਦੈ ਜਵਾਬ : ਜਾਖੜ
Saturday, Oct 30, 2021 - 04:51 PM (IST)
ਚੰਡੀਗੜ੍ਹ (ਅਸ਼ਵਨੀ) : ਪੰਜਾਬ ਪ੍ਰਦੇਸ਼ ਕਾਂਗਰਸ ਦੇ ਸਾਬਕਾ ਪ੍ਰਧਾਨ ਸੁਨੀਲ ਜਾਖੜ ਨੇ ਦਿੱਲੀ ਕਾਂਗਰਸ ’ਚ 1984 ਦੰਗਿਆਂ ਦੇ ਮੁਲਜ਼ਮ ਜਗਦੀਸ਼ ਟਾਈਟਲਰ ਦੀ ਨਿਯੁਕਤੀ ਨੂੰ ਬੇਹੱਦ ਸੰਵੇਦਨਸ਼ੀਲ ਮੁੱਦਾ ਕਰਾਰ ਦਿੱਤਾ। ਉਨ੍ਹਾਂ ਕਿਹਾ ਕਿ ਅਜਿਹੇ ਸੰਵੇਦਨਸ਼ੀਲ ਮੁੱਦੇ ’ਤੇ ਕੋਈ ਵੀ ਫੈਸਲਾ ਰਾਏਸ਼ੁਮਾਰੀ ਤੋਂ ਬਾਅਦ ਹੀ ਲਿਆ ਗਿਆ ਹੋਵੇਗਾ। ਬੀਤੇ ਦਿਨੀਂ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ, ਸੀਨੀਅਰ ਨੇਤਾ ਅੰਬਿਕਾ ਸੋਨੀ ਰਾਹੁਲ ਗਾਂਧੀ ਦੇ ਨਾਲ ਲਗਾਤਾਰ ਬੈਠਕਾਂ ਕਰ ਰਹੇ ਹਨ ਤਾਂ ਜਗਦੀਸ਼ ਟਾਈਟਲਰ ਵਰਗੇ ਸੰਵੇਦਨਸ਼ੀਲ ਮੁੱਦੇ ’ਤੇ ਫੈਸਲਾ ਕਰਨ ਤੋਂ ਪਹਿਲਾਂ ਪੱਕੇ ਤੌਰ ’ਤੇ ਦੋਵਾਂ ਨੂੰ ਭਰੋਸੇ ’ਚ ਲਿਆ ਗਿਆ ਹੋਵੇਗਾ, ਅਜਿਹਾ ਉਨ੍ਹਾਂ ਦਾ ਮੰਨਣਾ ਹੈ। ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਚੰਨੀ ਅਤੇ ਅੰਬਿਕਾ ਸੋਨੀ ਲਗਾਤਾਰ ਦੂਜੇ ਦਿਨ ਰਾਹੁਲ ਗਾਂਧੀ ਦੇ ਨਾਲ ਬੈਠਕ ਕਰ ਰਹੇ ਹਨ ਤਾਂ ਜਗਦੀਸ਼ ਟਾਈਟਲਰ ਦੀ ਨਿਯੁਕਤੀ ’ਤੇ ਸੋਨੀ ਅਤੇ ਮੁੱਖ ਮੰਤਰੀ ਚੰਨੀ ਨੂੰ ਇਹ ਦੱਸਣਾ ਚਾਹੀਦਾ ਹੈ ਕਿ ਦੋਵਾਂ ਤੋਂ ਹਾਈਕਮਾਨ ਨੇ ਕੀ ਸਲਾਹ ਲਈ ਸੀ, ਜਦੋਂ ਟਾਈਟਲਰ ਨੂੰ ਨਿਯੁਕਤ ਕੀਤਾ ਜਾ ਰਿਹਾ ਸੀ। ਪੰਜਾਬ ਦੇ ਅਹਿਮ ਫੈਸਲਿਆਂ ’ਚ ਇਨ੍ਹੀਂ ਦਿਨੀਂ ਅੰਬਿਕਾ ਸੋਨੀ ਦਾ ਲਗਾਤਾਰ ਦਖਲ ਬਰਕਰਾਰ ਹੈ। ਪੰਜਾਬ ਦੇ ਕਈ ਕਾਂਗਰਸੀ ਨੇਤਾ ਤਾਂ ਉਨ੍ਹਾਂ ਨੂੰ ਅਣਐਲਾਨਿਆ ਪੰਜਾਬ ਇੰਚਾਰਜ ਮੰਨਣ ਲੱਗੇ ਹਨ, ਕਿਉਂਕਿ ਕੈਪਟਨ ਤੋਂ ਬਾਅਦ ਮੁੱਖ ਮੰਤਰੀ ਦੀ ਨਿਯੁਕਤੀ ਦੇ ਸਮੇਂ ਉਨ੍ਹਾਂ ਨਾਲ ਕਾਫ਼ੀ ਸਲਾਹ-ਮਸ਼ਵਰਾ ਕੀਤਾ ਗਿਆ ਸੀ।
ਇਹ ਵੀ ਪੜ੍ਹੋ : ਰਾਹੁਲ ਗਾਂਧੀ ਦੇ ਮੁੱਖ ਮੰਤਰੀ ਚੰਨੀ ਨੂੰ ਨਿਰਦੇਸ਼, ਪੰਜਾਬ ਮੰਤਰੀ ਮੰਡਲ ਤਿਆਰ ਕਰੇਗਾ ਕਾਂਗਰਸ ਦਾ ਚੋਣ ਰੋਡਮੈਪ
ਇੱਥੇ ਦੱਸਣਯੋਗ ਹੈ ਕਿ ਦਿੱਲੀ ਪ੍ਰਦੇਸ਼ ਕਾਂਗਰਸ ਕਮੇਟੀ ’ਚ ਜਗਦੀਸ਼ ਟਾਈਟਲਰ ਨੂੰ ਜਗ੍ਹਾ ਦਿੱਤੀ ਗਈ ਹੈ, ਜਿਸ ’ਤੇ ਹੁਣ ਵਿਵਾਦ ਛਿੜ ਗਿਆ। ਦਰਅਸਲ ਵੀਰਵਾਰ ਨੂੰ ਕਾਂਗਰਸ ਦੀ ਦਿੱਲੀ ਇਕਾਈ ਦੀ ਨਵੀਂ ਕਾਰਜਕਾਰਨੀ ਦਾ ਗਠਨ ਕੀਤਾ ਗਿਆ। ਇਸ ’ਚ ਜਗਦੀਸ਼ ਟਾਈਟਲਰ ਦਾ ਨਾਂ ਵੀ ਸ਼ਾਮਲ ਹੈ। ਦੱਸ ਦਈਏ ਕਿ ਟਾਈਟਲਰ ਦਾ ਨਾਂ 1984 ਦੇ ਸਿੱਖ ਵਿਰੋਧੀ ਦੰਗਿਆਂ ਦੇ ਸਿਲਸਿਲੇ ’ਚ ਸਾਹਮਣੇ ਆਇਆ ਸੀ। ਟਾਈਟਲਰ ’ਤੇ ਦੋਸ਼ ਲੱਗਦੇ ਰਹੇ ਹਨ ਕਿ ਉਸ ਨੇ 1984 ’ਚ ਲੋਕਾਂ ਨੂੰ ਸਿੱਖ ਵਿਰੋਧੀ ਦੰਗਿਆਂ ਦੌਰਾਨ ਭੜਕਾਇਆ ਸੀ। ਟਾਈਟਲਰ ਦੇ ਨਾਲ ਹੀ ਸਾਬਕਾ ਪ੍ਰਦੇਸ਼ ਕਾਂਗਰਸ ਪ੍ਰਧਾਨ ਜੇ .ਪੀ. ਅਗਰਵਾਲ, ਸਾਬਕਾ ਰਾਸ਼ਟਰੀ ਸਕੱਤਰ ਜਨਾਰਦਨ ਦਿਵੇਦੀ ਅਤੇ ਸਾਬਕਾ ਕੇਂਦਰੀਆਂ ਕਪਿਲ ਸਿੱਬਲ, ਅਜੇ ਮਾਕਨ ਅਤੇ ਕ੍ਰਿਸ਼ਨਾ ਤੀਰਥ ਨੂੰ ਵੀ ਜਗ੍ਹਾ ਦਿੱਤੀ ਗਈ ਹੈ। ਜਗਦੀਸ਼ ਸਮੇਤ ਇਨ੍ਹਾਂ ਨੇਤਾਵਾਂ ਦੀ ਨਿਯੁਕਤੀ ਦਾ ਆਦੇਸ਼ ਕਾਂਗਰਸ ਜਨਰਲ ਸਕੱਤਰ ਕੇ. ਸੀ. ਵੇਨੂੰਗੋਪਾਲ ਵਲੋਂ ਵੀਰਵਾਰ ਨੂੰ ਜਾਰੀ ਕੀਤਾ ਗਿਆ। ਇਸ ਦੇ ਅਧੀਨ 87 ਨੇਤਾਵਾਂ ਨੂੰ ਦਿੱਲੀ ਪ੍ਰਦੇਸ਼ ਕਾਂਗਰਸ ਕਮੇਟੀ ’ਚ ਮੈਂਬਰ ਦੇ ਤੌਰ ’ਤੇ ਸ਼ਾਮਲ ਕੀਤਾ ਗਿਆ ਹੈ।
ਇਹ ਵੀ ਪੜ੍ਹੋ : ਉੱਪ-ਮੁੱਖ ਮੰਤਰੀ ਰੰਧਾਵਾ ਨੇ ਲਾਇਆ ਖੁੱਲ੍ਹਾ ਦਰਬਾਰ, ਮੌਕੇ ’ਤੇ ਹੀ ਸ਼ਿਕਾਇਤਾਂ ਦਾ ਨਿਪਟਾਰਾ
ਨੋਟ : ਇਸ ਖ਼ਬਰ ਬਾਰੇ ਤੁਸੀਂ ਕੀ ਕਹਿਣਾ ਚਾਹੁੰਦੇ ਹੋ, ਕੁਮੈਂਟ ਬਾਕਸ ’ਚ ਦਿਓ ਆਪਣੀ ਰਾਏ