ਮੁੱਖ ਮੰਤਰੀ ਕੈਪਟਨ ਵੀ ਤੁਰ ਪਏ ਬਾਦਲਾਂ ਦੇ ਰਾਹ ''ਤੇ : ਪ੍ਰਧਾਨ ਕਲਸੀ
Friday, Jul 07, 2017 - 11:06 AM (IST)
ਬਟਾਲਾ - ਆਜ਼ਾਦ ਪਾਰਟੀ ਦੇ ਕੌਮੀ ਪ੍ਰਧਾਨ ਸੁਰਿੰਦਰ ਸਿੰਘ ਕਲਸੀ ਸ਼ੁਕਰਪੁਰਾ ਨੇ ਇਕ ਪ੍ਰੈੱਸ ਕਾਨਫਰੰਸ ਦੌਰਾਨ ਦੱਸਿਆ ਕਿ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੀ ਬਾਦਲਾਂ ਦੀ ਸਰਕਾਰ ਦੀ ਨਿਸ਼ਾਨਦੇਹੀ 'ਤੇ ਤੁਰ ਪਏ ਹਨ ਕਿਉਂਕਿ ਬਾਦਲਾਂ ਦੀ ਸਾਬਕਾ ਸਰਕਾਰ ਨੇ10 ਸਾਲਾਂ ਦੇ ਰਾਜ ਦੌਰਾਨ ਸਾਰੇ ਕਾਇਦੇ ਕਾਨੂੰਨ ਛਿੱੱਕੇ ਟੰਗ ਕੇ ਗੈਰ-ਕਾਨੂੰਨੀ ਢੰਗ ਨਾਲ ਮੈਰਿਟ ਨੂੰ ਨਜ਼ਰ-ਅੰਦਾਜ਼ ਕਰ ਕੇ ਧੱਕੇਸ਼ਾਹੀਆਂ ਅਤੇ ਬੇ-ਇਨਸਾਫੀਆਂ ਵਾਲਾ ਰਾਜ ਕੀਤਾ ਅਤੇ ਨਾ ਬਣਨ ਯੋਗ ਛੋਟੇ-ਛੋਟੇ ਕਸਬਿਆਂ ਨੂੰ ਜ਼ਿਲੇ ਬਣਾਇਆ।
ਉਨ੍ਹਾਂ ਕਿਹਾ ਕਿ ਪੂਰਨ ਜ਼ਿਲੇ ਦੀਆਂ ਸਾਰੀਆਂ ਸ਼ਰਤਾਂ ਪੂਰੀਆਂ ਕਰਨ ਵਾਲਾ ਬਟਾਲਾ, ਜੋ ਕਿ ਪੁਲਸ ਜ਼ਿਲਾ ਵੀ ਹੈ, ਦੇ ਮੈਰਿਟ ਨੂੰ ਨਜ਼ਰ-ਅੰਦਾਜ਼ ਕਰ ਕੇ ਸਿਆਸਤ 'ਤੇ ਆਧਾਰਿਤ ਪਠਾਨਕੋਟ ਤੇ ਫਾਜ਼ਿਲਕਾ ਜ਼ਿਲੇ ਬਣਾ ਦਿੱਤੇ ਗਏ, ਜਿਸ ਤਰ੍ਹਾਂ ਸਾਲ 2005-6 'ਚ ਕੈਪਟਨ ਅਮਰਿੰਦਰ ਸਿੰਘ ਦੀ ਕਾਂਗਰਸ ਸਰਕਾਰ ਨੇ ਵੀ ਬਟਾਲਾ ਦੇ ਮੈਰਿਟ ਨੂੰ ਨਜ਼ਰ-ਅੰਦਾਜ਼ ਕਰ ਕੇ ਮੋਹਾਲੀ, ਤਰਨ-ਤਾਰਨ ਅਤੇ ਬਰਨਾਲਾ ਨੂੰ ਸਿਆਸਤ 'ਤੇ ਆਧਾਰਿਤ ਜ਼ਿਲੇ ਬਣਾਏ ਸਨ। ਉਨ੍ਹਾਂ ਕਿਹਾ ਕਿ ਬਟਾਲਾ ਨੂੰ ਜ਼ਿਲਾ ਬਣਾਉਣ ਸਬੰਧੀ ਕੈਪਟਨ ਸਰਕਾਰ ਨੂੰ ਕਈ ਮੰਗ ਪੱਤਰ/ਬੇਨਤੀ ਪੱਤਰ ਭੇਜੇ ਗਏ ਹਨ ਪਰ ਕੈਪਟਨ ਸਰਕਾਰ ਬਟਾਲਾ ਨੂੰ ਜ਼ਿਲਾ ਐਲਾਨ ਕਰਨ ਦੀ ਬਜਾਏ ਟਾਲ-ਮਟੋਲ ਦੀ ਨੀਤੀ ਅਪਣਾ ਰਹੀ ਹੈ ਪਰ ਦੂਜੇ ਪਾਸੇ ਬਿਨਾਂ ਕਿਸੇ ਮੰਗ ਤੋਂ ਹੀ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ, ਰਾਜ ਮੰਤਰੀ ਰਜ਼ੀਆ ਸੁਲਤਾਨਾ ਅਤੇ ਕੈਬਨਿਟ ਮੰਤਰੀ ਨਵਜੋਤ ਸਿੰਘ ਸਿੱਧੂ ਪੱਬਾਂ ਭਾਰ ਹੋ ਕੇ ਦਿਨ-ਰਾਤ ਇਕ ਕਰ ਕੇ ਕਸਬਾ ਮਾਲੇਰਕੋਟਲਾ ਨੂੰ ਜ਼ਿਲਾ ਐਲਾਨ ਕਰਨ ਦੀਆਂ ਪੂਰੀਆਂ ਤਿਆਰੀਆਂ ਕਰ ਚੁੱਕੇ ਹਨ। ਉਨ੍ਹਾਂ ਕਿਹਾ ਕਿ ਮਾਲੇਰਕੋਟਲਾ ਨੂੰ ਜ਼ਿਲਾ ਐਲਾਨ ਕਰਨ ਤੋਂ ਪਹਿਲਾਂ ਬਟਾਲਾ ਨੂੰ ਪੂਰਨ ਜ਼ਿਲਾ ਐਲਾਨਿਆ ਜਾਵੇ। ਪ੍ਰਧਾਨ ਸੁਰਿੰਦਰ ਸਿੰਘ ਕਲਸੀ ਨੇ ਕੈਪਟਨ ਸਰਕਾਰ ਨੂੰ ਚਿਤਾਵਨੀ ਦਿੰਦਿਆਂ ਕਿਹਾ ਕਿ ਜੇਕਰ ਸਰਕਾਰ ਨੇ ਬਟਾਲਾ ਦੇ ਮੈਰਿਟ ਨੂੰ ਨਜ਼ਰ-ਅੰਦਾਜ਼ ਕਰ ਕੇ ਮਾਲੇਰਕੋਟਲਾ ਨੂੰ ਜ਼ਿਲਾ ਐਲਾਨ ਕੀਤਾ ਤਾਂ ਆਜ਼ਾਦ ਪਾਰਟੀ ਸਰਕਾਰ ਦੇ ਖਿਲਾਫ ਪੰਜਾਬ ਤੇ ਹਰਿਆਣਾ ਹਾਈ ਕੋਰਟ ਦਾ ਦਰਵਾਜ਼ਾ ਖੜਖਾਏਗੀ।
