ਮੁੱਖ ਮੰਤਰੀ ਨੇ ਕੀਤਾ ਸੁਚੇਤ, ਕਿਸਾਨਾਂ ਦੇ ਸ਼ਾਂਤਮਈ ਪ੍ਰਦਰਸ਼ਨ 'ਤੇ ਮੌਕਾਪ੍ਰਸਤਾਂ ਦੀ ਨਜ਼ਰ

Wednesday, Dec 09, 2020 - 10:29 AM (IST)

ਮੁੱਖ ਮੰਤਰੀ ਨੇ ਕੀਤਾ ਸੁਚੇਤ, ਕਿਸਾਨਾਂ ਦੇ ਸ਼ਾਂਤਮਈ ਪ੍ਰਦਰਸ਼ਨ 'ਤੇ ਮੌਕਾਪ੍ਰਸਤਾਂ ਦੀ ਨਜ਼ਰ

ਚੰਡੀਗੜ੍ਹ/ਜਲੰਧਰ (ਅਸ਼ਵਨੀ, ਧਵਨ): ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਮੰਗਲਵਾਰ ਨੂੰ ਕਿਸਾਨਾਂ ਨੂੰ ਅਜਿਹੇ ਅਨਸਰਾਂ ਵਿਰੁੱਧ ਸਾਵਧਾਨ ਕੀਤਾ, ਜੋ ਉਨ੍ਹਾਂ ਦੇ ਅੰਦੋਲਨ ਦਾ ਲਾਭ ਉਠਾਉਣ ਅਤੇ ਸੂਬੇ ਦਾ ਸ਼ਾਂਤਮਈ ਮਾਹੌਲ ਖ਼ਰਾਬ ਕਰਨ ਦੀ ਕੋਸ਼ਿਸ਼ ਕਰ ਸਕਦੇ ਹਨ। ਮੰਗਲਵਾਰ ਭਾਰਤ ਬੰਦ ਦੌਰਾਨ ਅਮਨ-ਸ਼ਾਂਤੀ ਨੂੰ ਯਕੀਨੀ ਬਣਾਉਣ ਲਈ ਕਿਸਾਨਾਂ ਨੂੰ ਵਧਾਈ ਦਿੰਦਿਆਂ ਮੁੱਖ ਮੰਤਰੀ ਨੇ ਕਿਹਾ ਕਿ ਕਿਸਾਨਾਂ ਨੇ ਆਪਣੇ 2 ਮਹੀਨਿਆਂ ਤੋਂ ਵੱਧ ਲੰਬਾ ਸਮਾਂ ਚੱਲ ਰਹੇ ਰੋਸ ਪ੍ਰਦਰਸ਼ਨਾਂ ਦੌਰਾਨ ਅਮਨ-ਅਮਾਨ ਬਰਕਰਾਰ ਰੱਖਿਆ ਹੋਇਆ ਹੈ। ਮੁੱਖ ਮੰਤਰੀ ਨੇ ਹੁਣ ਸੁਚੇਤ ਕੀਤਾ ਕਿ ਅਜਿਹੇ ਅੰਦੋਲਨਾਂ ਜਾਂ ਅਜਿਹੀਆਂ ਸਥਿਤੀਆਂ ਦੌਰਾਨ ਕੁਝ ਲੋਕ ਜਿਨ੍ਹਾਂ ਦਾ ਪ੍ਰਦਰਸ਼ਨਕਾਰੀਆਂ ਨਾਲ ਕੋਈ ਵਾਜਬ ਸਰੋਕਾਰ ਨਹੀਂ ਹੁੰਦਾ, ਆਪਣੇ ਸੌੜੇ ਮੁਫ਼ਾਦਾਂ ਲਈ ਮੌਕੇ ਦਾ ਫ਼ਾਇਦਾ ਚੁੱਕਣ ਦੀ ਫ਼ਿਰਾਕ 'ਚ ਹੁੰਦੇ ਹਨ ਤਾਂ ਕਿ ਸ਼ਾਂਤਮਈ ਮਾਹੌਲ 'ਚ ਖ਼ਲਲ ਪਾ ਸਕਣ।

ਇਹ ਵੀ ਪੜ੍ਹੋ : ਸ਼ਿਵ ਸੈਨਾ ਆਗੂ ਦੀਆਂ ਅਸ਼ਲੀਲ ਹਰਕਤਾਂ ਤੋਂ ਪਰੇਸ਼ਾਨ ਬੱਚਾ ਨਿਕਲਿਆ ਖ਼ੁਦਕੁਸ਼ੀ ਕਰਨ, ਮਾਂ ਨਾਲ ਸਨ ਨਾਜਾਇਜ਼ ਸਬੰਧ

ਕੈਪਟਨ ਨੇ ਕਿਸਾਨਾਂ ਦੀ ਕੀਤੀ ਸ਼ਲਾਘਾ 
ਇਕ ਫੇਸਬੁੱਕ ਲਾਈਵ ਸੰਦੇਸ਼ 'ਚ ਕੈਪਟਨ ਅਮਰਿੰਦਰ ਨੇ ਖ਼ੁਸ਼ੀ ਜ਼ਾਹਰ ਕੀਤੀ ਕਿ ਪੰਜਾਬ 'ਚ ਬੰਦ ਪੂਰੀ ਤਰ੍ਹਾਂ ਸ਼ਾਂਤੀਪੂਰਵਕ ਰਿਹਾ ਅਤੇ ਉਨ੍ਹਾਂ ਨੇ ਸ਼ਾਂਤਮਈ ਢੰਗ ਨਾਲ ਵਿਰੋਧ ਕਰਨ ਦੇ ਜ਼ਮਹੂਰੀ ਹੱਕ ਦੀ ਵਰਤੋਂ ਕਰਨ ਲਈ ਕਿਸਾਨਾਂ ਦੀ ਸ਼ਲਾਘਾ ਕੀਤੀ। ਉਨ੍ਹਾਂ ਕਿਹਾ ਕਿ ਇਥੋਂ ਤਕ ਕਿ ਜਦੋਂ ਕਿਸਾਨਾਂ ਨੇ ਪੰਜਾਬ 'ਚ ਰੇਲਵੇ ਟਰੈਕ 'ਤੇ ਨਾਕਾਬੰਦੀ ਕੀਤੀ ਸੀ ਤਾਂ ਕੋਈ ਹਿੰਸਾ ਨਹੀਂ ਹੋਈ। ਮੁੱਖ ਮੰਤਰੀ ਨੇ ਕੇਂਦਰ ਸਰਕਾਰ ਨੂੰ ਕਿਸਾਨੀ ਦੇ ਦਰਦ ਨੂੰ ਸਮਝਣ ਦੀ ਅਪੀਲ ਕਰਦਿਆਂ ਉਮੀਦ ਜਤਾਈ ਕਿ ਖੇਤੀ ਕਾਨੂੰਨਾਂ 'ਤੇ ਬਣੀ ਪੇਚੀਦਗੀ, ਜਿਸ ਸਬੰਧੀ ਇਸ ਵੇਲੇ ਗੱਲਬਾਤ ਚੱਲ ਰਹੀ ਹੈ, ਦਾ ਹੱਲ ਜਲਦ ਹੀ ਹੋ ਜਾਵੇਗਾ।

ਇਹ ਵੀ ਪੜ੍ਹੋ : ਇਨਸਾਨੀਅਤ ਸ਼ਰਮਸਾਰ : ਮੋਗਾ 'ਚ ਫ਼ੌਜੀ ਜਵਾਨ ਨੇ ਨਾਬਾਲਗ ਕੁੜੀ ਨਾਲ ਕੀਤਾ ਜਬਰ-ਜ਼ਿਨਾਹ

ਭਾਰਤ ਸਰਕਾਰ ਜਲਦ ਤੋਂ ਜਲਦ ਕੱਢੇ ਹੱਲ 
ਉਨ੍ਹਾਂ ਕਿਹਾ ਕਿ ਲੰਬੇ ਸਮੇਂ ਤੋਂ ਚੱਲ ਰਹੇ ਅੰਦੋਲਨ ਵਿਚ ਪੰਜਾਬ ਦੇ ਕਿਸਾਨ ਸਭ ਤੋਂ ਅੱਗੇ ਰਹੇ ਹਨ ਅਤੇ ਠੰਢ ਦੇ ਵਧਣ ਨੂੰ ਧਿਆਨ ਵਿਚ ਰੱਖਦਿਆਂ ਭਾਰਤ ਸਰਕਾਰ ਲਈ ਜਰੂਰੀ ਹੈ ਕਿ ਇਸ ਦਾ ਹੱਲ ਜਲਦ ਤੋਂ ਜਲਦ ਕੱਢਿਆ ਜਾਵੇ ਤਾਂ ਜੋ ਕਿਸਾਨ ਆਪਣੇ ਘਰਾਂ ਨੂੰ ਵਾਪਸ ਪਰਤ ਸਕਣ। ਉਨ੍ਹਾਂ ਕਿਹਾ ਕਿ ਚੱਲ ਰਹੇ ਹਾੜ੍ਹੀ ਬਿਜਾਈ ਸੀਜ਼ਨ ਨੂੰ ਦੇਖਦਿਆਂ ਇਹ ਹੋਰ ਵੀ ਜ਼ਰੂਰੀ ਹੈ ਅਤੇ ਕਿਹਾ ਕਿ ਦੇਸ਼ ਨੂੰ ਸਾਡੇ ਅਨਾਜ ਦੀ ਲੋੜ ਹੈ। ਇਸ ਗੱਲ 'ਤੇ ਅਫ਼ਸੋਸ ਜ਼ਾਹਰ ਕਰਦਿਆਂ ਕਿ ਚੱਲ ਰਹੇ ਅੰਦੋਲਨ ਦੌਰਾਨ ਬੀਤੇ ਦਿਨ ਇਕ ਬਜ਼ੁਰਗ ਔਰਤ ਸਮੇਤ ਕੁਝ ਲੋਕਾਂ ਦੀ ਜਾਨ ਚਲੀ ਗਈ, ਮੁੱਖ ਮੰਤਰੀ ਨੇ ਪੀੜਤ ਪਰਿਵਾਰਾਂ ਲਈ ਆਪਣੀ ਸਰਕਾਰ ਵਲੋਂ ਪੂਰਾ ਸਮਰਥਨ ਦੇਣ ਦਾ ਐਲਾਨ ਕੀਤਾ।

ਨੋਟ— ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵਲੋਂ ਦਿੱਤੇ ਗਏ ਇਸ ਬਿਆਨ 'ਤੇ ਤੁਹਾਡੀ ਕੀ ਹੈ ਰਾਏ?


author

Baljeet Kaur

Content Editor

Related News