ਅਕਾਲੀ-ਭਾਜਪਾ ਸਰਕਾਰ ਸਮੇਂ ਦੌਰਾ ਕਰਕੇ ਕੀਤਾ ਵਾਅਦਾ ਪੂਰਾ ਕਰਨ ਮੁੱਖ ਮੰਤਰੀ ਕੈਪਟਨ: ਸਰਪੰਚ ਗੁਰਲਾਲ

08/17/2020 6:54:45 PM

ਬੁਢਲਾਡਾ(ਮਨਜੀਤ) - ਅੱਜ ਤੋਂ 10 ਵਰ੍ਹੇ ਪਹਿਲਾਂ ਅਕਾਲੀ-ਭਾਜਪਾ ਸਰਕਾਰ ਸਮੇਂ ਮਾਨਸਾ ਜਿਲ੍ਹੇ ਦੇ ਪਿੰਡ ਗੋਬਿੰਦਪੁਰਾ ਵਿਖੇ ਲੱਗਣ ਵਾਲਾ ਥਰਮਲ ਪਲਾਂਟ ਹਾਲੇ ਵੀ ਨਹੀਂ ਲੱਗ ਸਕਿਆ। ਪਰ ਲੰਮਾ ਸਮਾਂ ਬੀਤਣ ਤੋਂ ਬਾਅਦ ਇਸ ਥਰਮਲ ਪਲਾਂਟ ਦੇ ਇੱਕ ਵੀ ਇੱਟ ਉਸਾਰੀ ਲਈ ਨਹੀਂ ਲੱਗ ਸਕੀ। ਹਾਲਾਂਕਿ ਸਮੇਂ-ਸਮੇਂ 'ਤੇ ਇਸ ਥਰਮਲ ਪਲਾਂਟ ਦੀ ਯੋਜਨਾ ਰੱਦ ਕਰਕੇ ਸਰਕਾਰ ਵੱਲੋਂ ਇੱਥੇ ਹੋਰ ਪ੍ਰੋਜੈਕਟ ਲਾਉਣ ਦੀ ਤਜਵੀਜ ਰੱਖੀ ਹੈ। ਪਰ ਲੰਮਾਂ ਸਮਾਂ ਬੀਤਣ ਦੇ ਬਾਅਦ ਵੀ ਨਾ ਥਰਮਲ ਪਲਾਂਟ ਅਤੇ ਨਾ ਕੋਈ ਹੋਰ ਪ੍ਰੋਜੈਕਟ ਸਿਰੇ ਚੜ੍ਹ ਸਕਿਆ। ਥਰਮਲ ਪਲਾਂਟ ਦੀ ਗ੍ਰਹਿਣ ਕੀਤੀ ਜ਼ਮੀਨ 'ਤੇ ਆਪਣੀਆਂ ਜਮੀਨਾਂ ਦੇ ਕੇ ਸਰਕਾਰ ਦੇ ਵਾਅਦੇ ਮੁਤਾਬਕ ਨੌਕਰੀ ਉਡੀਕ ਰਹੇ ਜਮੀਨਾਂ ਦੇ ਰਹਿੰਦੇ ਕੁਝ ਕੁ ਮਾਲਕਾਂ ਨੂੰ ਸਰਕਾਰੀ ਨੌਕਰੀ ਅਜੇ ਤੱਕ ਨਹੀਂ ਦਿੱਤੀ ਗਈ ਅਤੇ ਮਜਦੂਰਾਂ ਨੂੰ ਬਣਦਾ ਉਜਾੜਾ ਭੱਤਾ ਅਜੇ ਤੱਕ ਨਹੀਂ ਦਿੱਤਾ ਗਿਆ। ਇਸ ਸੰਬੰਧੀ ਪਿੰਡ ਗੋਬਿੰਦਪੁਰਾ ਦੇ ਸਰਪੰਚ ਅਤੇ ਮਾਰਕਿਟ ਕਮੇਟੀ ਬਰੇਟਾ ਦੇ ਉੱਪ ਚੇਅਰਮੈਨ ਗੁਰਲਾਲ ਸਿੰਘ ਨੇ ਦੱਸਿਆ ਕਿ ਅਕਾਲੀ-ਭਾਜਪਾ ਸਰਕਾਰ ਸਮੇਂ 10 ਸਾਲ ਪਹਿਲਾਂ ਇਸ ਪਿੰਡ ਵਿਚ ਥਰਮਲ ਪਲਾਂਟ ਲਾਉਣ ਵਾਸਤੇ ਸਰਕਾਰ ਵੱਲੋਂ ਜ਼ਮੀਨ ਗ੍ਰਹਿਣ ਕੀਤੀ ਗਈ। ਜ਼ਮੀਨ ਦੇਣ ਵਾਲੇ ਮਾਲਕਾਂ ਨਾਲ ਸਰਕਾਰ ਵੱਲੋਂ ਵਾਅਦਾ ਕੀਤਾ ਗਿਆ ਸੀ ਕਿ ਥਰਮਲ ਪਲਾਂਟ ਲੱਗਣ 'ਤੇ ਜਮੀਨਾਂ ਦੇ ਮਾਲਕਾਂ ਦੇ ਪਰਿਵਾਰਾਂ ਦੇ ਇੱਕ ਜੀਅ ਨੂੰ ਸਰਕਾਰੀ ਨੌਕਰੀਆਂ, ਮਜਦੂਰਾਂ ਨੂੰ ਪ੍ਰਤੀ ਪਰਿਵਾਰ ਤਿੰਨ ਲੱਖ ਰੁਪਏ ਉਜਾੜਾ ਭੱਤਾ ਅਤੇ ਹੋਰ ਸਹੂਲਤਾਂ ਦਿੱਤੀਆਂ ਜਾਣਗੀਆਂ। ਪਰ ਕੋਈ ਥਰਮਲ ਪਲਾਂਟ ਨਾ ਲੱਗਣ 'ਤੇ ਸਰਕਾਰਾਂ ਦਾ ਇਹ ਵਾਅਦਾ ਪੂਰਾ ਨਹੀਂ ਕੀਤਾ ਗਿਆ।

ਉਨ੍ਹਾਂ ਦੱਸਿਆ ਕਿ ਗ੍ਰਹਿਣ ਕੀਤੀ ਜ਼ਮੀਨ ਅੱਜ ਵੀ ਸਰਕਾਰ ਕੋਲ ਹੈ। ਪਰ ਜੇਕਰ ਸਰਕਾਰ ਇਸ ਥਾਂ ਤੇ ਕੋਈ ਹੋਰ ਵੱਡਾ ਪ੍ਰੋਜੈਕਟ ਲਾਵੇ ਤਾਂ 20 ਹਜਾਰ ਦੇ ਕਰੀਬ ਨੌਜਵਾਨਾਂ ਨੂੰ ਨੌਕਰੀਆਂ ਮਿਲ ਸਕਦੀਆਂ ਹਨ ਅਤੇ ਇਸ ਖੇਤਰ ਦਾ ਵਿਕਾਸ ਹੋ ਸਕਦਾ ਹੈ। ਉਨ੍ਹਾਂ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਤੋਂ ਮੰਗ ਕੀਤੀ ਕਿ ਅਕਾਲੀ-ਭਾਜਪਾ ਸਰਕਾਰ ਸਮੇਂ ਕੈਪਟਨ ਅਮਰਿੰਦਰ ਸਿੰਘ ਨੇ ਪਿੰਡ ਗੋਬਿੰਦਪੁਰਾ ਆ ਕੇ ਜੋ ਵਾਅਦਾ ਕੀਤਾ ਸੀ ਕਿ ਸਰਕਾਰ ਬਣਨ 'ਤੇ ਇਸ ਦੀ ਸਾਰ ਲਈ ਜਾਵੇਗੀ। ਪਰ ਅੱਜ ਮੁੱਖ ਮੰਤਰੀ ਕੋਲ ਸਮਾਂ ਹੈ ਕਿ ਉਹ ਉਨ੍ਹਾਂ ਨਾਲ ਕੀਤੇ ਵਾਅਦੇ ਨੂੰ ਪੂਰਾ ਕਰਨ ਅਤੇ ਲੋਕਾਂ ਨੂੰ ਵੀ ਉਮੀਦ ਹੈ ਕਿ ਕਾਂਗਰਸ ਸਰਕਾਰ ਇਸ ਜਗ੍ਹਾ ਤੇ ਕੋਈ ਵੱਡਾ ਪ੍ਰੋਜੈਕਟ ਲਾ ਕੇ ਜਮੀਨਾਂ ਦੇਣ ਵਾਲੇ ਪਰਿਵਾਰਾਂ ਨੂੰ ਰੁਜਗਾਰ ਦੇਵੇਗੀ ਤਾਂ ਕਿ ਇਸ ਖੇਤਰ ਦਾ ਚਹੁੰ ਪੱਖੀ ਵਿਕਾਸ ਹੋ ਸਕੇ।  


Harinder Kaur

Content Editor

Related News