ਕੈਪਟਨ ਨਾਲ ਅੱਜ ਹੋਵੇਗੀ ਚਾਰ ਨਾਰਾਜ਼ ਵਿਧਾਇਕਾਂ ਦੀ ਮੁਲਾਕਾਤ

11/29/2019 11:03:34 AM

ਚੰਡੀਗੜ੍ਹ/ਪਟਿਆਲਾ—ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਗ੍ਰਹਿ ਜ਼ਿਲੇ ਪਟਿਆਲਾ ਦੇ ਚਾਰ ਕਾਂਗਰਸੀ ਵਿਧਾਇਕਾਂ ਵਲੋਂ ਆਪਣੀ ਸਰਕਾਰ ਦੇ ਖਿਲਾਫ ਮੋਰਚਾ ਖੋਲ੍ਹੇ ਜਾਣ ਦੇ ਬਾਅਦ ਹੁਣ ਪ੍ਰਦੇਸ਼ ਕਾਂਗਰਸ ਅਤੇ ਕੈਪਟਨ ਸਰਕਾਰ ਨੇ ਡੈਮੇਜ ਕੰਟਰੋਲ ਦੀ ਮੁਹਿੰਮ ਸ਼ੁਰੂ ਕਰ ਦਿੱਤੀ ਹੈ। ਪੰਜਾਬ ਪ੍ਰਦੇਸ਼ ਕਾਂਗਰਸ ਪ੍ਰਧਾਨ ਸੁਨੀਲ ਜਾਖੜ ਨੇ ਜਿੱਥੇ ਚਾਰ ਵਿਧਾਇਕਾਂ ਨੂੰ ਭਰੋਸਾ ਦਿਵਾਇਆ ਹੈ ਕਿ ਉਹ ਖੁਦ ਕੈਪਟਨ ਅਮਰਿੰਦਰ ਸਿੰਘ ਦੇ ਨਾਲ ਮਿਲ ਕੇ ਉਨ੍ਹਾਂ ਦਾ ਪੱਖ ਰੱਖਣਗੇ, ਉੱਥੇ ਸੀ.ਐੱਮ.ਓ. 'ਚ ਕੈਪਟਨ ਸੰਦੀਪ ਸੰਧੂ ਨੇ ਨਾਰਾਜ਼ ਵਿਧਾਇਕਾਂ ਨੂੰ ਮੁੱਖ ਮੰਤਰੀ ਨਾਲ ਮਿਲਣ ਦੇ ਲਈ ਸ਼ੁੱਕਰਵਾਰ ਨੂੰ ਚੰਡੀਗੜ੍ਹ 'ਚ ਮਿਲਣ ਦੇ ਲਈ ਬੁਲਾ ਲਿਆ ਹੈ।

ਇਕ ਪਾਸੇ ਜਿੱਥੇ ਕੈਪਟਨ ਸੰਧੂ ਦੇ ਬੁਲਾਵੇ ਦੇ ਤਹਿਤ ਚਾਰੇ ਵਿਧਾਇਕ ਮੁੱਖ ਮੰਤਰੀ ਨੂੰ ਮਿਲਣ ਆਉਣਗੇ, ਉੱਥੇ ਪਾਰਟੀ ਪ੍ਰਧਾਨ ਸੁਨੀਲ ਜਾਖੜ ਵੀ ਇਨ੍ਹਾਂ ਚਾਰਾਂ ਵਿਧਾਇਕਾਂ ਦੇ ਨਾਲ ਮੁੱਖ ਮੰਤਰੀ ਆਵਾਸ 'ਤੇ ਪਹੁੰਚਣਗੇ। ਜਾਣਕਾਰੀ ਮੁਤਾਬਕ ਸ਼ੁੱਕਰਵਾਰ ਦੁਪਹਿਰ ਇਨ੍ਹਾਂ ਵਿਧਾਇਕਾਂ ਦੀ ਮੁੱਖ ਮੰਤਰੀ ਨਾਲ ਮੁਲਾਕਾਤ ਹੋਵੇਗੀ। ਇਸ ਸਬੰਧ 'ਚ ਸ਼ੁਤਰਾਣਾ ਤੋਂ ਵਿਧਾਇਕ ਨਿਰਮਲ ਸਿੰਘ ਦਾ ਕਹਿਣਾ ਹੈ ਕਿ ਉਨ੍ਹਾਂ ਨੂੰ ਕੈਪਟਨ ਸੰਧੂ ਦਾ ਫੋਨ ਵੀ ਆ ਚੁੱਕਾ ਹੈ ਪਰ ਇਸ ਤੋਂ ਪਹਿਲਾਂ ਉਨ੍ਹਾਂ ਦੀ ਮੁਲਾਕਾਤ ਸੁਨੀਲ ਜਾਖੜ ਨਾਲ ਇਸ ਹਫਤੇ ਪਟਿਆਲਾ 'ਚ ਹੋਈ ਸੀ, ਜਿਸ 'ਚ ਜਾਖੜ ਨੇ ਉਨ੍ਹਾਂ ਨੂੰ ਭਰੋਸਾ ਦਿਵਾਇਆ ਹੈ ਕਿ ਮੁੱਖ ਮੰਤਰੀ ਨਾਲ ਮੁਲਾਕਾਤ ਦੇ ਲਈ ਉਹ ਖੁਦ ਵੀ ਉਨ੍ਹਾਂ ਦੇ ਨਾਲ ਚੱਲਣਗੇ। ਅਸਲ 'ਚ ਨਿਰਮਲ ਸਿੰਘ, ਰਾਜਪੁਰਾ ਤੋਂ ਵਿਧਾਇਕ ਹਰਦਿਆਲ ਸਿੰਘ ਕੰਬੋਜ, ਘਨੌਰ ਤੋਂ ਮਦਨਲਾਲ ਜਲਾਲਪੁਰ ਅਤੇ ਸਮਾਣਾ ਤੋਂ ਰਜਿੰਦਰ ਸਿੰਘ ਦੀ ਬੀਤੇ ਦਿਨਾਂ 'ਚ ਪਟਿਆਲਾ 'ਚ ਇਕ ਵਿਆਹ ਸਮਾਰੋਹ ਦੌਰਾਨ ਸੁਨੀਲ ਜਾਖੜ ਨਾਲ ਮੁਲਾਕਾਤ ਹੋਈ ਸੀ। ਚਾਰਾਂ ਵਿਧਾਇਕਾਂ ਨੇ ਉਨ੍ਹਾਂ ਦੇ ਸਾਹਮਣੇ ਆਪਣੀਆਂ ਸ਼ਿਕਾਇਤਾਂ ਵੀ ਰੱਖੀਆਂ ਸਨ। ਨਿਰਮਲ ਸਿੰਘ ਦੇ ਮੁਤਾਬਕ ਜਾਖੜਨ ਨੇ ਉਨ੍ਹਾਂ ਦੀ ਸ਼ਿਕਾਇਤਾਂ ਨੂੰ ਜਾਇਜ਼ ਠਹਿਰਾਉਂਦੇ ਹੋਏ ਇਸ ਪੂਰੇ ਮਾਮਲੇ ਨੂੰ ਮੁੱਖ ਮੰਤਰੀ ਦੇ ਸਾਹਮਣੇ ਲੈ ਜਾਣ ਦੀ ਗੱਲ ਕਹੀ ਸੀ। ਜਾਖੜ ਨੇ ਚਾਰਾਂ ਵਿਧਾਇਕਾਂ ਨੂੰ ਕਿਹਾ ਸੀ ਕਿ ਉਹ ਉਨ੍ਹਾਂ ਨੂੰ ਨਾਲ ਲੈ ਕੇ ਮੁੱਖ ਮੰਤਰੀ ਨੂੰ ਮਿਲਣ ਜਾਣਗੇ।

ਦੂਜੇ ਪਾਸੇ ਵੀਰਵਾਰ ਨੂੰ ਪਟਿਆਲਾ 'ਚ ਚਾਰ ਕਾਂਗਰਸੀ ਵਿਧਾਇਕਾਂ ਦੇ ਤੇਵਰਾਂ 'ਚ ਕੋਈ ਨਰਮੀ ਫਿਲਹਾਲ ਦਿਖਾਈ ਨਹੀਂ ਦਿੱਤੀ। ਉਹ ਅਫਸਰਸ਼ਾਹੀ ਦੇ ਰਵੱਈਏ ਨੂੰ ਲੈ ਕੇ ਸਖਤੀ ਨਾਲ ਨਾਰਾਜ਼ਗੀ ਜਤਾਉਂਦੇ ਰਹੇ। ਚੰਡੀਗੜ੍ਹ 'ਚ ਕੈਪਟਨ ਸੰਦੀਪ ਸੰਧੂ ਨਾਲ ਇਸ ਬਾਬਤ ਕੋਈ ਗੱਲ ਨਹੀਂ ਹੋ ਸਕੀ ਪਰ ਪਾਰਟੀ ਸੂਤਰਾਂ ਦਾ ਕਹਿਣਾ ਹੈ ਕਿ ਕੈਪਟਨ ਚਾਰ ਵਿਧਾਇਕਾਂ ਵਲੋਂ ਜਿਨ੍ਹਾਂ ਅਫਸਰਾਂ ਦੇ ਖਿਲਾਫ ਮਾਮਲਾ ਚੁੱਕਿਆ ਗਿਆ ਹੈ, ਉਨ੍ਹਾਂ 'ਤੇ ਐਕਸ਼ਨ ਲੈਣ ਦੇ ਨਾਲ-ਨਾਲ ਸੂਬੇ ਦੀ ਅਫਸਰਸ਼ਾਹੀ ਦੇ ਲਈ ਨਵੇਂ ਸਿਰੇ ਤੋਂ ਦਿਸ਼ਾ-ਨਿਰਦੇਸ਼ ਜਾਰੀ ਕਰ ਸਕਦੇ ਹਨ। 

ਹਾਲਾਂਕਿ ਮੁੱਖ ਮੰਤਰੀ ਦੇ ਵਿਦੇਸ਼ ਦੌਰੇ ਦੌਰਾਨ ਜਦੋਂ ਪਟਿਆਲਾ ਜ਼ਿਲੇ ਦੇ ਵਿਧਾਇਕਾਂ ਨੇ ਆਪਣੀ ਸਰਕਾਰ ਦੇ ਖਿਲਾਫ ਬਿਆਨਬਾਜ਼ੀ ਸ਼ੁਰੂ ਕੀਤੀ ਤਾਂ ਆਨਨ-ਫਾਨਨ 'ਚ ਕਈ ਅਫਸਰਾਂ ਦੇ ਟਰਾਂਸਫਰ ਦੇ ਆਦੇਸ਼ ਜਾਰੀ ਕੀਤੇ ਗਏ ਸਨ, ਪਰ ਨਾਰਾਜ਼ ਵਿਧਾਇਕ ਇਸ ਕਾਰਵਾਈ ਨੂੰ ਕਾਫੀ ਨਹੀਂ ਮੰਨ ਰਹੇ। ਉਨ੍ਹਾਂ ਨੇ ਫਿਰ ਤੋਂ ਦੋਸ਼ ਲਗਾਇਆ ਹੈ ਕਿ ਟਰਾਂਸਫਰ ਵੀ ਜੂਨੀਅਰ ਮੁਲਾਜ਼ਮਾਂ ਦੇ ਕੀਤੇ ਗਏ ਗਨ, ਵੱਡੇ ਅਧਿਕਾਰੀ ਜੋ ਲਗਾਤਾਰ ਮਨਮਾਨੀ ਕਰ ਰਹੇ ਹਨ, ਅੱਜ ਵੀ ਆਪਣੇ ਅਹੁਦਿਆਂ ਤੇ ਕਾਬਜ਼ ਹਨ।


Shyna

Content Editor

Related News