ਸਾਡੀ ਨੀਅਤ ਤੇ ਦਿਲ ਸਾਫ਼, ਹਮੇਸ਼ਾ ਗ਼ਰੀਬਾਂ ਦੇ ਹੱਕਾਂ ਵਾਸਤੇ ਚੱਲਦਾ ਰਹੇਗਾ ਹਰਾ ਪੈੱਨ: ਭਗਵੰਤ ਮਾਨ
Thursday, Feb 02, 2023 - 04:31 PM (IST)

ਜਲੰਧਰ (ਵੈੱਬ ਡੈਸਕ)- ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਅੱਜ ਜਲੰਧਰ ਵਿਖੇ ਬਨਾਰਸ ਲਈ ਬੇਗਮਪੁਰਾ ਐਕਸਪ੍ਰੈੱਸ ਸਪੈਸ਼ਲ ਰੇਲਗੱਡੀ ਨੂੰ ਰਵਾਨਾ ਕਰਨ ਲਈ ਪੁੱਜੇ ਸਨ। ਰੇਲ ਗੱਡੀ ਰਾਹੀਂ ਡੇਰਾ ਸੱਚਖੰਡ ਬਲਾਂ ਦੇ ਮੁਖੀ ਸੰਤ ਨਿਰੰਜਣ ਦਾਸ ਦੀ ਅਗਵਾਈ ’ਚ ਸ਼ਰਧਾਲੂਆਂ ਦਾ ਜਥਾ ਰਵਾਨਾ ਹੋਇਆ। ਆਪਣੇ ਸੰਬੋਧਨ ਦੌਰਾਨ ਭਗਵੰਤ ਮਾਨ ਨੇ ਕਿਹਾ ਕਿ ਸਾਡੀ ਨੀਅਤ ਅਤੇ ਦਿਲ ਬਿਲਕੁਲ ਸਾਫ਼ ਹੈ ਮੇਰਾ ਹਰਾ ਪੈੱਨ ਹਮੇਸ਼ਾ ਲੋਕਾਂ ਦੇ ਹੱਕ ਵਾਸਤੇ ਚੱਲਦਾ ਰਹੇਗਾ। ਉਨ੍ਹਾਂ ਸਮੂਹ ਸੰਗਤ ਨੂੰ ਸ਼੍ਰੀ ਗੁਰੂ ਰਵਿਦਾਸ ਮਹਾਰਾਜ ਜੀ ਦੇ ਜਨਮ ਦਿਹਾੜੇ ਦੀ ਵਧਾਈ ਦਿੰਦੇ ਹੋਏ ਕਿਹਾ ਕਿ ਸ਼੍ਰੀ ਗੁਰੂ ਰਵਿਦਾਸ ਮਹਾਰਾਜ ਜੀ ਦੀ ਬਾਣੀ ਬਰਾਬਰਤਾ ਦਾ ਸੰਦੇਸ਼ ਦਿੰਦੀ ਹੈ। ਮੈਂ ਇਹੀ ਅਰਦਾਸ ਕਰਦਾ ਹਾਂ ਕਿ ਜੋ ਸ਼ਰਧਾ ਲੈ ਕੇ ਸੰਗਤ ਜਾ ਰਹੀ ਹੈ, ਉਨ੍ਹਾਂ ਦੀਆਂ ਆਸਾਂ ਸ਼੍ਰੀ ਗੁਰੂ ਰਵਿਦਾਸ ਮਹਾਰਾਜ ਜੀ ਪੂਰੀਆਂ ਕਰਨ।
CM ਮਾਨ ਨੇ ਹਰੀ ਝੰਡੀ ਦੇ ਕੇ ਬੇਗਮਪੁਰਾ ਐਕਸਪ੍ਰੈਸ ਵਿਸ਼ੇਸ਼ ਰੇਲ ਨੂੰ ਕਾਸ਼ੀ ਲਈ ਕੀਤਾ ਰਵਾਨਾ, ਉਮੜਿਆ ਸੰਗਤ ਦਾ ਸੈਲਾਬ
ਉਨ੍ਹਾਂ ਕਿਹਾ ਕਿ ਜਦੋਂ 16 ਮਾਰਚ ਨੂੰ ਖਟਕੜ ਕਲਾਂ ਵਿਖੇ ਸਹੁੰ ਚੁੱਕੀ ਸੀ ਤਾਂ ਅਸੀਂ ਉਸੇ ਦਿਨ ਫ਼ੈਸਲਾ ਕੀਤਾ ਸੀ ਕਿ ਸਰਕਾਰੀ ਦਫ਼ਤਰਾਂ ਵਿਚ ਮੇਰੀ ਤਸਵੀਰ ਨਹੀਂ ਸਗੋਂ ਸ਼ਹੀਦ ਭਗਤ ਸਿੰਘ ਜੀ ਅਤੇ ਡਾ. ਭੀਮਰਾਓ ਅੰਬੇਡਕਰ ਜੀ ਦੀ ਤਸਵੀਰ ਲੱਗੇਗੀ। ਡਾਕਟਰ ਭੀਮ ਰਾਓ ਅੰਬੇਡਕਰ ਜੀ ਦਾ ਸੁਫ਼ਨਾ ਐਜੁਕੇਸ਼ਨ ਦਾ ਸੀ, ਇਹੀ ਉਨ੍ਹਾਂ ਦੀ ਤਰਜੀਹ ਸੀ। ਹੁਣ ਉਹੀ ਤਕਜੀਹ ਸਾਡੀ ਹੈ। ਡਾ. ਭੀਮਰਾਓ ਅੰਬੇਡਕਰ ਜੀ ਦੇ ਅਧੂਰੇ ਸੁਫ਼ਨੇ ਨੂੰ ਅਸੀਂ ਪੂਰਾ ਕਰਾਂਗੇ।
ਪੰਜਾਬ ਵਿਚ ਗ਼ਰੀਬਾਂ ਦੇ ਬੱਚੇ ਪੜ੍ਹਨਗੇ। ਜੇਕਰ ਬੱਚਾ ਖਿਡਾਰੀ ਬਣਨਾ ਚਾਹੁੰਦਾ ਹੈ ਤਾਂ ਉਸ ਨੂੰ ਕੋਚਿੰਗ ਦਿੱਤੀ ਜਾਵੇਗੀ। ਜੇਕਰ ਕੋਈ ਡਾਕਟਰ ਬਣਨਾ ਚਾਹੁੰਦਾ ਹੈ ਤਾਂ ਉਸ ਨੂੰ ਡਾਕਟਰੀ ਵੱਲ ਲੈ ਕੇ ਜਾਵਾਂਗੇ। ਸਾਡੀ ਨੀਅਤ ਅਤੇ ਦਿਲ ਸਾਫ਼ ਹੈ, ਜਿੰਨਾ ਚਿਰ ਤੁਸੀਂ ਸਾਡੇ 'ਤੇ ਵਿਸ਼ਵਾਸ ਕਰਦੇ ਰਹੋਗੇ ਤਾਂ ਤੁਹਾਡੇ ਦੁਆਰਾ ਦਿੱਤਾ ਹੋਇਆ ਹਰਾ ਪੈੱਨ ਹਮੇਸ਼ਾ ਚੱਲਦਾ ਰਹੇਗਾ। ਸ਼੍ਰੀ ਗੁਰੂ ਰਵਿਦਾਸ ਮਹਾਰਾਜ ਜੀ ਦੇ ਅੱਗੇ ਇਹੀ ਅਰਦਾਸ ਕਰਦੇ ਹਾਂ ਕਿ ਹਮੇਸ਼ਾ ਲੋਕਾਂ ਦੇ ਹੱਕਾਂ ਵਿਚ ਹੀ ਸਾਡੇ ਕੋਲੋਂ ਫ਼ੈਸਲੇ ਹੋਣ।
ਇਹ ਵੀ ਪੜ੍ਹੋ : ਕੇਂਦਰ ਸਰਕਾਰ ਦੇ ਬਜਟ ਵਿਰੁੱਧ ਕਿਸਾਨ ਜਥੇਬੰਦੀਆਂ ਦਾ ਪੰਜਾਬ ਭਰ 'ਚ ਪ੍ਰਦਰਸ਼ਨ, ਉਲੀਕਣਗੇ ਅਗਲੀ ਰਣਨੀਤੀ
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।