ਬੇਅਦਬੀ ਦੇ ਮੁੱਦੇ 'ਤੇ CM ਮਾਨ ਨੇ ਘੇਰੇ ਅਕਾਲੀ, ਕਿਹਾ-ਅਦਾਲਤ ’ਚ ਪੇਸ਼ ਹੋਣ ਤੋਂ ਭੱਜ ਰਹੇ ਹਨ ਬਾਦਲ
Sunday, Mar 19, 2023 - 11:56 AM (IST)
ਜਲੰਧਰ (ਰਮਨਦੀਪ ਸਿੰਘ ਸੋਢੀ)-ਪੰਜਾਬ ’ਚ ਆਮ ਆਦਮੀ ਪਾਰਟੀ ਨੂੰ ਸੱਤਾ ’ਚ ਆਏ ਇਕ ਸਾਲ ਪੂਰਾ ਹੋ ਗਿਆ ਹੈ। ਜਿੱਥੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਸਰਕਾਰ ਵੱਲੋਂ ਆਪਣੀਆਂ ਉਪਲੱਬਧੀਆਂ ਗਿਣਾਈਆਂ ਜਾ ਰਹੀਆਂ ਹਨ, ਉਥੇ ਹੀ ਵਿਰੋਧੀ ਪਾਰਟੀਆਂ ਵੱਲੋਂ ਵੱਖ-ਵੱਖ ਮਸਲਿਆਂ ’ਤੇ ਸਰਕਾਰ ਨੂੰ ਘੇਰਿਆ ਜਾ ਰਿਹਾ ਹੈ। ਪੰਜਾਬ ਦੀ ਕਾਨੂੰਨ ਵਿਵਸਥਾ, ਅਰਥਵਿਵਸਥਾ ਅਤੇ ਵਿਜੀਲੈਂਸ ਦੀ ਕਾਰਵਾਈ ਨੂੰ ਲੈ ਕੇ ਵਿਰੋਧੀ ਧਿਰ ਸਵਾਲ ਉਠਾ ਰਿਹਾ ਹੈ। ਅਜਿਹੇ ਵਿਚ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਇਨ੍ਹਾਂ ਸਭ ਸਵਾਲਾਂ ’ਤੇ ਕੀ ਸੋਚਦੇ ਹਨ, ਮਾਨ ਦਾ ਪੰਜਾਬ ਨੂੰ ਲੈ ਕੇ ਫਿਊਚਰ ਪਲਾਨ ਕੀ ਹੈ ਅਤੇ ਸਰਕਾਰ ਦੇ ਇਕ ਸਾਲ ਦਾ ਉਹ ਕਿਸ ਤਰ੍ਹਾਂ ਮੁਲਾਂਕਣ ਕਰਦੇ ਹਨ, ਇਨ੍ਹਾਂ ਤਮਾਮ ਵਿਸ਼ਿਆਂ ’ਤੇ ਮੁੱਖ ਮੰਤਰੀ ਨੇ 'ਜਗ ਬਾਣੀ' ਨਾਲ ਵਿਸ਼ੇਸ਼ ਗੱਲਬਾਤ ਕੀਤੀ, ਜਿਸ ’ਚ ਲਾਰੈਂਸ ਬਿਸ਼ਨੋਈ, ਸਿੱਧੂ ਮੂਸੇਵਾਲਾ ਅਤੇ ਬੇਅਦਬੀ ਮਾਮਲੇ ’ਤੇ ਖੁੱਲ੍ਹ ਕੇ ਚਰਚਾ ਹੋਈ।
ਵਿਰੋਧੀ ਦਲਾਂ ਵੱਲੋਂ ਪੰਜਾਬ ’ਚ ਸ਼ਾਂਤੀ ਭੰਗ ਹੋਣ ਦੇ ਦੋਸ਼ ਲਾਏ ਜਾ ਰਹੇ ਹਨ। ਅੰਮ੍ਰਿਤਪਾਲ ਸਿੰਘ ਅਤੇ ਗੈਂਗਸਟਰਾਂ ਦੇ ਮੁੱਦੇ ’ਤੇ ਸਵਾਲ ਖੜ੍ਹੇ ਕੀਤੇ ਜਾ ਰਹੇ ਹਨ। ਇਸ ’ਤੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਕਿਹਾ ਕਿ ਪੰਜਾਬ ਦੇ ਲੋਕਾਂ ਦੀ ਸੁਰੱਖਿਆ ਮੇਰੀ ਪਹਿਲ ਹੈ। ਲੋਕਾਂ ਨੇ ਮੇਰੇ ’ਤੇ ਭਰੋਸਾ ਕੀਤਾ ਹੈ। ਮੈਂ ਇਸ ਮੀਡੀਆ ਦੇ ਮਾਧਿਅਮ ਰਾਹੀਂ ਪੰਜਾਬ ਦੇ ਲੋਕਾਂ ਨੂੰ ਇਹ ਵੀ ਕਹਿਣਾ ਚਾਹੁੰਦਾ ਹਾਂ ਕਿ ਅਸੀਂ ਗੱਲ-ਗੱਲ ’ਤੇ ਗੋਲੀਆਂ ਚਲਾਉਣ ਲੱਗ ਗਏ, ਅਸੀਂ ਆਖਿਰ ਸਾਬਿਤ ਕੀ ਕਰਨਾ ਚਾਹੁੰਦੇ ਹਾਂ। ਇਕ ਜ਼ਮਾਨਾ ਸੀ ਜਦੋਂ ਬਰਾਤ ਜਾਂਦੀ ਸੀ ਤਾਂ 5-5 ਦਿਨ ਕੁੜੀ ਵਾਲਿਆਂ ਦੇ ਇਥੇ ਰਹਿੰਦੇ ਸੀ। ਕਦੇ ਕੋਈ ਮੁਸ਼ਕਿਲ-ਪ੍ਰੇਸ਼ਾਨੀ ਨਹੀਂ ਆਉਂਦੀ ਸੀ ਪਰ ਹੁਣ ਅਸੀਂ ਵਿਆਹਾਂ ਵਿਚ ਹੀ ਗੋਲੀਆਂ ਚਲਾਉਣ ਲੱਗ ਗਏ ਹਾਂ, ਕਦੇ ਗੋਲੀ ਆਰਕੈਸਟ੍ਰਾ ਨੂੰ ਲੱਗਦੀ ਹੈ ਤਾਂ ਕਦੇ ਲਾੜੇ ਨੂੰ ਲੱਗ ਜਾਂਦੀ ਹੈ। ਹਾਲ ਇਹ ਹੋ ਗਿਆ ਹੈ ਕਿ ਹੁਣ ਬਰਾਤ ਨੂੰ 5 ਘੰਟੇ ਰੱਖਣਾ ਮੁਸ਼ਕਿਲ ਹੋ ਗਿਆ ਹੈ। ਇਸ ਕਾਰਨ ਅਸੀਂ ਅਸਲਾ ਲਾਇਸੈਂਸ ਦੇ ਕੇਸ ਰੀਵਿਊ ਕੀਤੇ ਹਨ, ਸੋਸ਼ਲ ਮੀਡੀਆ ’ਤੇ ਹਥਿਆਰਾਂ ਨਾਲ ਫੋਟੋ ਪਾਉਣ ਵਾਲਿਆਂ ’ਤੇ ਸਖ਼ਤੀ ਕੀਤੀ ਹੈ।
ਇਹ ਵੀ ਪੜ੍ਹੋ : ਮੰਤਰੀ ਧਾਲੀਵਾਲ ਬੋਲੇ, ਖਾਲਿਸਤਾਨ ਦਾ ਪੰਜਾਬ ’ਚ ਕੋਈ ਰੌਲਾ ਨਹੀਂ, ਅੰਮ੍ਰਿਤਪਾਲ ਨੂੰ ਲੈ ਕੇ ਸਰਕਾਰ ਨੇ ਦੇ ਦਿੱਤਾ ਜਵਾਬ
ਅਦਾਲਤ ’ਚ ਪੇਸ਼ ਹੋਣ ਤੋਂ ਭੱਜ ਰਹੇ ਹਨ ਬਾਦਲ?
ਸੁਖਬੀਰ ਬਾਦਲ ਕਹਿ ਰਹੇ ਹਨ ਕਿ ਭਗਵੰਤ ਮਾਨ ਸਾਡੇ ’ਤੇ ਝੂਠੇ ਕੇਸ ਪਾ ਰਹੇ ਹਨ। ਇਸ ’ਤੇ ਮਾਨ ਨੇ ਕਿਹਾ–ਮੇਰਾ ਉਨ੍ਹਾਂ ਕੇਸਾਂ ਨਾਲ ਕੀ ਲੈਣਾ-ਦੇਣਾ ਹੈ? ਐੱਸ. ਆਈ. ਟੀ. ਕਿਸ ਨੇ ਬਣਾਈ ਸੀ, ਉਹ ਤਾਂ ਅਦਾਲਤ ਨੇ ਬਣਾਈ ਸੀ। ਇਸ ਸਬੰਧੀ ਜਿਹੜੀਆਂ ਵੀ ਰਿਪੋਰਟਾਂ ਸਨ, ਉਨ੍ਹਾਂ ਨੂੰ ਚੁੱਕ ਕੇ ਡਸਟਬਿਨ ਵਿਚ ਸੁੱਟ ਦਿੱਤਾ ਗਿਆ। ਇਨ੍ਹਾਂ ਲੋਕਾਂ ਨੇ ਹੀ ਅਰਦਾਸ ਕੀਤੀ ਸੀ ਕਿ ਜਿਨ੍ਹਾਂ ਨੇ ਬੇਅਦਬੀ ਕਰਵਾਈ ਹੈ, ਉਨ੍ਹਾਂ ਦਾ ਕੱਖ ਨਾ ਰਹੇ ਤਾਂ ਹੁਣ ਅਰਦਾਸ ਵਿਚ ਭਰੋਸਾ ਰੱਖੋ। ਘੱਟੋ-ਘੱਟ ਅਦਾਲਤ ਵਿਚ ਜਾ ਕੇ ਪੇਸ਼ ਤਾਂ ਹੋ ਜਾਓ, ਆਪਣਾ ਪੱਖ ਰੱਖੋ। ਉਂਝ ਤਾਂ ਵੱਡੇ ਬਾਦਲ ਕਹਿੰਦੇ ਹਨ ਕਿ ਜੇ ਉਨ੍ਹਾਂ ਦੀ ਅਤੇ ਸੁਖਬੀਰ ਦੀ ਪੰਜਾਬ ਦੀ ਸ਼ਾਂਤੀ ਲਈ ਕੁਰਬਾਨੀ ਵੀ ਦੇਣੀ ਪਈ ਤਾਂ ਉਹ ਤਿਆਰ ਹਨ ਪਰ ਹੁਣ ਉਹ ਫਰੀਦਕੋਟ ਦੀ ਅਦਾਲਤ ਤਕ ਜਾਣ ਨੂੰ ਤਿਆਰ ਨਹੀਂ ਅਤੇ ਭੱਜ ਰਹੇ ਹਨ। ਲੋਕਾਂ ਨੂੰ ਜਵਾਬ ਚਾਹੀਦਾ ਹੈ ਕਿ ਇਨ੍ਹਾਂ ਦੀ ਸਰਕਾਰ ਵਿਚ ਬੇਅਦਬੀ ਵਰਗੀ ਘਟਨਾ ਕਿਵੇਂ ਹੋ ਗਈ, ਜਦੋਂ ਵੱਡੇ ਬਾਦਲ ਮੁੱਖ ਮੰਤਰੀ ਸਨ ਅਤੇ ਸੁਖਬੀਰ ਗ੍ਰਹਿ ਮੰਤਰੀ। ਇਨ੍ਹਾਂ ਕੋਲ ਕੋਈ ਪਲਾਨਿੰਗ ਨਹੀਂ ਹੈ, ਇਨ੍ਹਾਂ ਦਾ ਕੰਮ ਸਿਰਫ਼ ਬੋਲਣਾ ਹੈ। ਇਨ੍ਹਾਂ ਦਾ ਇਕੋ ਮਨੋਰਥ ਹੁੰਦਾ ਹੈ ਕਿ ਅੱਜ ਅਖ਼ਬਾਰ ਵਿਚ ਕਿਵੇਂ ਖ਼ਬਰ ਛਪਵਾਈ ਜਾਵੇ।
ਬਾਦਲਾਂ ਨੂੰ ਗੱਲ ਕਰਨ ਦਾ ਹੱਕ ਨਹੀਂ
ਅਕਾਲੀ ਦਲ ਕਹਿ ਰਿਹਾ ਹੈ ‘ਸਰਕਾਰ ਦਾ ਇਕ ਸਾਲ, ਪੰਜਾਬ ਦਾ ਬੁਰਾ ਹਾਲ’। ਇਸ ’ਤੇ ਕੀ ਕਹੋਗੇ ਤਾਂ ਮਾਨ ਨੇ ਕਿਹਾ–ਅਕਾਲੀ ਦਲ ? ਕਿੰਨੀਆਂ ਸੀਟਾਂ ਹਨ ਇਨ੍ਹਾਂ ਦੀਆਂ? ਜਿਨ੍ਹਾਂ ਦੀਆਂ 2 ਸੀਟਾਂ ਹਨ ਅਤੇ ਪੰਜਾਬ ਦੇ ਲੋਕਾਂ ਨੇ ਹੀ ਜਿਨ੍ਹਾਂ ਨੂੰ ਨਕਾਰ ਦਿੱਤਾ, ਇਹ ਕਿਸ ਮੂੰਹ ਨਾਲ ਅਜਿਹੀਆਂ ਗੱਲਾਂ ਕਰਦੇ ਹਨ, ਲੋਕਾਂ ਨੇ ਤਾਂ ਇਨ੍ਹਾਂ ਦਾ ਪੂਰੇ ਦਾ ਪੂਰਾ ਪਰਿਵਾਰ ਹੀ ਹਰਾ ਦਿੱਤਾ। ਇਕ ਹੀ ਨਹੀਂ, ਸਗੋਂ ਪੂਰੇ ਦਾ ਪੂਰਾ ਪਰਿਵਾਰ। ਘੱਟ ਤੋਂ ਘੱਟ ਪਬਲਿਕ ਦਾ ਫ਼ੈਸਲਾ ਤਾਂ ਮੰਨ ਲੈਣ। ਇਨ੍ਹਾਂ ਨੂੰ ਤਾਂ ਇਸ ਤਰ੍ਹਾਂ ਦੀ ਗੱਲ ਕਰਨ ਦਾ ਹੱਕ ਹੀ ਨਹੀਂ ਹੈ। ਇਨ੍ਹਾਂ ਨੇ ਜੋ ਹਾਲ ਕੀਤਾ ਸੀ ਪੰਜਾਬ ਦਾ, ਉਹ ਸਾਰਿਆਂ ਨੂੰ ਪਤਾ ਹੈ। ਬਲੈਕ ਵਿਚ ਰੇਤ ਮਿਲਦੀ ਸੀ, ਲੋਕਾਂ ਦੀਆਂ ਮਿੰਨੀ ਬੱਸਾਂ ਤਕ ਖੋਹ ਲਈਆਂ, ਢਾਬਿਆਂ ਤਕ ਵਿਚ ਹਿੱਸੇ ਪੁਆ ਦਿੱਤੇ।
ਇਹ ਵੀ ਪੜ੍ਹੋ : ਜਲੰਧਰ ਜ਼ਿਮਨੀ ਚੋਣ ਨੂੰ ਲੈ ਕੇ ਹੋਣ ਲੱਗੀਆਂ ਤਿਆਰੀਆਂ, ਡੀ. ਸੀ. ਨੇ ਅਧਿਕਾਰੀਆਂ ਤੋਂ ਮੰਗੀ ਇਹ ਰਿਪੋਰਟ
ਭਾਜਪਾ ਤੋਂ 12 ਪੌੜੀਆਂ ਦੂਰ ਹਨ ਬਾਜਵਾ
ਪ੍ਰਤਾਪ ਬਾਜਵਾ ਪੁੱਛ ਰਹੇ ਹਨ ਕਿ 20,000 ਕਰੋੜ ਦਾ ਰੈਵੇਨਿਊ ਕਿੱਥੇ ਹੈ? ਇਸ ’ਤੇ ਮਾਨ ਕਿਹਾ–ਅਸੀਂ ਮਾਲੀਆ ਵਧਾਉਣ ਵੱਲ ਕਦਮ ਵਧਾ ਦਿੱਤਾ ਹੈ। 16,000 ਕਰੋੜ ਮੂਲ ਧਨ ਅਤੇ 20,000 ਕਰੋੜ ਉਸ ਦਾ ਵਿਆਜ, ਜੋ ਇਨ੍ਹਾਂ ਨੇ ਲਿਆ ਹੋਇਆ ਹੈ, ਕੁੱਲ 36,000 ਕਰੋੜ ਅਸੀਂ ਵਾਪਸ ਵੀ ਕੀਤਾ ਹੈ। ਅਸੀਂ ਇੰਨੀਆਂ ਸਹੂਲਤਾਂ ਦਿੱਤੀਆਂ, ਬਿਜਲੀ ਤਕ ਫ੍ਰੀ ਕਰ ਦਿੱਤੀ, ਨੌਕਰੀਆਂ ਦਿੱਤੀਆਂ, ਝੋਨੇ ਦੀ ਸਿੱਧੀ ਬਿਜਾਈ ਲਈ 1500 ਰੁਪਏ ਪ੍ਰਤੀ ਏਕੜ ਦਿੱਤਾ, ਅਸੀਂ ਸ਼ੂਗਰਫੈੱਡ ਦਾ ਸਾਰਾ 392 ਕਰੋੜ ਰੁਪਿਆ ਕਲੀਅਰ ਕਰ ਦਿੱਤਾ, ਅਸੀਂ ਹਸਪਤਾਲ ਬਣਾ ਰਹੇ ਹਾਂ, ਸਕੂਲ ਬਣਾ ਰਹੇ ਹਾਂ, ਫਿਰ ਵੀ ਅਸੀਂ ਵਿਆਜ ਤੇ ਮੂਲ ਧਨ ਵਾਪਸ ਕਰਨ ਵੱਲ ਤੇਜ਼ੀ ਨਾਲ ਵਧ ਰਹੇ ਹਾਂ। ਇਨ੍ਹਾਂ ਨੇ ਕੀ ਕੀਤਾ ਹੈ, 5 ਸਾਲ ਦਾ ਬਜਟ ਪੇਸ਼ ਕਰਨ ਵਾਲਾ ਇਨ੍ਹਾਂ ਦਾ ਵਿੱਤ ਮੰਤਰੀ ਕਿੱਥੇ ਹੈ, ਉਹ ਤਾਂ ਖ਼ੁਦ ਡੈਪੂਟੇਸ਼ਨ ’ਤੇ ਸੀ ਅਤੇ ਵਾਪਸ ਚਲਾ ਗਿਆ। ਪੰਜਾਬ ਵਿਚ ਇਕੋ ਘਰ ਹੈ, ਜਿੱਥੇ ਗਰਾਊਂਡ ਫਲੋਰ ’ਤੇ ਕਾਂਗਰਸ ਦਾ ਅਤੇ ਪਹਿਲੀ ਮੰਜ਼ਿਲ ’ਤੇ ਭਾਜਪਾ ਦਾ ਝੰਡਾ ਲੱਗਾ ਹੈ। ਇਹ ਤਾਂ ਬੋਲਦੇ ਵੀ ਹੁਣ ਭਾਜਪਾ ਵੱਲੋਂ ਹਨ, ਹਰ ਤੀਜੇ ਦਿਨ ਰਾਜਪਾਲ ਦੇ ਕੋਲ ਪਹੁੰਚੇ ਹੁੰਦੇ ਹਨ। ਕਦੇ ਪੰਜਾਬ ਦੇ ਹੱਕ ਵਿਚ ਵੀ ਖੜ੍ਹੇ ਹੋਣ ਜਾਣ, ਜ਼ਰੂਰੀ ਨਹੀਂ ਕਿ ਹਰ ਸਮੇਂ ਨੁਕਸ ਹੀ ਕੱਢੇ ਜਾਣ। ਜਦੋਂ ਤਕ ਪਬਲਿਕ ਮੇਰੇ ਨਾਲ ਹੈ, ਮੈਂ ਇਨ੍ਹਾਂ ਦੀ ਪ੍ਰਵਾਹ ਨਹੀਂ ਕਰਦਾ। ਪੰਜਾਬ ਵਿਚ ਇਕਲੌਤਾ ਬਾਜਵਾ ਦਾ ਅਜਿਹਾ ਘਰ ਹੈ ਜਿੱਥੇ ਇਕ ਝੰਡਾ ਕਾਂਗਰਸ ਦਾ ਤਾਂ ਦੂਜਾ ਭਾਜਪਾ ਦਾ ਲੱਗਾ ਹੋਇਆ ਹੈ। ਬਾਜਵਾ ਦੀ ਭਾਜਪਾ ਤੋਂ ਦੂਰੀ ਸਿਰਫ਼ 12 ਪੌੜੀਆਂ ਦੀ ਹੈ, ਜਿਨ੍ਹਾਂ ਕੋਲ ਜਾ ਕੇ ਉਹ ਕਦੇ ਵੀ ਆਪਣੇ ਭਰੇ ਦੇ ਨਾਲ ਭਾਜਪਾ ਜੁਆਇਨ ਕਰ ਸਕਦੇ ਹਨ।
ਇਹ ਵੀ ਪੜ੍ਹੋ : ਪੰਜਾਬੀ ਦੌੜਾਕ ਦੀ ਚਾਰੇ ਪਾਸੇ ਚਰਚਾ, ਮਾਈਨਸ 7 ਡਿਗਰੀ 'ਚ ਬਰਫ਼ੀਲੀ ਸੜਕ ’ਤੇ ਲਾਈ 21.1 ਕਿਲੋਮੀਟਰ ਦੌੜ
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।