ਮੁੱਖ ਮੰਤਰੀ ਤੇ ਜਾਖੜ ਕੇਂਦਰੀ ਮੰਤਰੀ ਗਡਕਰੀ ਨਾਲ ਕਰਨਗੇ ਮੁਲਾਕਾਤ

02/07/2018 9:26:22 PM

ਜਲੰਧਰ (ਧਵਨ)-2600 ਕਰੋੜ ਦੀ ਲਾਗਤ ਨਾਲ ਸ਼ਾਹਪੁਰ ਕੰਢੀ ਡੈਮ 'ਤੇ ਬੈਰਾਜ ਬਣਨ ਦੇ ਮਾਮਲੇ ਨੂੰ ਲੈ ਕੇ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਤੇ ਪੰਜਾਬ ਕਾਂਗਰਸ ਕਮੇਟੀ ਦੇ ਪ੍ਰਧਾਨ ਸੁਨੀਲ ਜਾਖੜ ਦਿੱਲੀ ਵਿਚ ਕੇਂਦਰੀ ਮੰਤਰੀ ਨਿਤਿਨ ਗਡਕਰੀ ਨਾਲ ਮੁਲਾਕਾਤ ਕਰਨ ਜਾ ਰਹੇ ਹਨ। ਸਰਕਾਰੀ ਹਲਕਿਆਂ ਤੋਂ ਪਤਾ ਲੱਗਾ ਹੈ ਕਿ ਇਸ ਬੈਠਕ 'ਤੇ ਸ਼ਾਹਪੁਰ ਕੰਢੀ ਡੈਮ 'ਤੇ ਬੈਰਾਜ ਦੇ ਮਸਲੇ 'ਤੇ ਪੰਜਾਬ ਸਰਕਾਰ ਵਲੋਂ ਆਪਣਾ ਪੱਖ ਰੱਖਿਆ ਜਾਵੇਗਾ।
ਦੱਸਿਆ ਜਾਂਦਾ ਹੈ ਕਿ ਸਾਬਕਾ ਪ੍ਰਧਾਨ ਮੰਤਰੀ ਡਾ. ਮਨਮੋਹਨ ਸਿੰਘ ਨੇ ਆਪਣੀ ਸਰਕਾਰ ਦੇ ਕਾਰਜਕਾਲ ਦੌਰਾਨ ਸ਼ਾਹਪੁਰ ਕੰਢੀ 'ਤੇ ਬੈਰਾਜ ਬਣਾਉਣ ਦੇ ਪ੍ਰਾਜੈਕਟ ਨੂੰ ਨੈਸ਼ਨਲ ਪ੍ਰਾਜੈਕਟ ਐਲਾਨ ਕਰ ਦਿੱਤਾ ਸੀ। ਪਿਛਲੇ ਕੁਝ ਸਮੇਂ ਤੋਂ ਇਸ ਮਾਮਲੇ ਵਿਚ ਕੋਈ ਤਰੱਕੀ ਨਹੀਂ ਹੋ ਸਕੀ ਕਿਉਂਕਿ ਕੇਂਦਰ ਵਿਚ ਭਾਜਪਾ ਸਰਕਾਰ ਆਉਣ ਤੋਂ ਬਾਅਦ ਇਸ ਮਨਜ਼ੂਰਸ਼ੁਦਾ ਪ੍ਰਾਜੈਕਟ ਵਲ ਕੋਈ ਧਿਆਨ ਨਹੀਂ ਦਿੱਤਾ ਗਿਆ। ਇਸ ਲਈ ਮੁੱਖ ਮੰਤਰੀ ਤੇ ਜਾਖੜ ਨੇ ਇਸ ਮਾਮਲੇ ਨੂੰ ਦੁਬਾਰਾ ਕੇਂਦਰ ਸਰਕਾਰ ਦੇ ਸਾਹਮਣੇ ਉਠਾਉਣ ਦਾ ਫੈਸਲਾ ਲਿਆ।
ਦੱਸਿਆ ਜਾਂਦਾ ਹੈ ਕਿ ਸ਼ਾਹਪੁਰਕੰਢੀ ਡੈਮ 'ਤੇ ਬੈਰਾਜ ਬਣਨ ਤੋਂ ਬਾਅਦ ਇਕ ਤਾਂ ਬਿਜਲੀ ਉਤਪਾਦਨ ਵਿਚ ਤੇਜ਼ੀ ਆਵੇਗੀ, ਦੂਜਾ ਇਸ ਨਾਲ ਪੰਜਾਬ ਦੇ ਸਰਹੱਦੀ ਖੇਤਰਾਂ ਨੂੰ ਲਾਭ ਮਿਲੇਗਾ। ਸਰਹੱਦੀ ਖੇਤਰਾਂ ਵਿਚ ਮਾਨਸੂਨ ਦੇ ਦਿਨਾਂ ਵਿਚ ਹੜ੍ਹ ਆਉਣ ਨਾਲ ਕਿਸਾਨਾਂ ਦੀਆਂ ਫਸਲਾਂ ਨੂੰ ਭਾਰੀ ਨੁਕਸਾਨ ਪਹੁੰਚਦਾ ਹੈ। ਇਹ ਵੀ ਦੱਸਿਆ ਜਾ ਰਿਹਾ ਹੈ ਕਿ ਕੈਪਟਨ ਅਮਰਿੰਦਰ ਸਿੰਘ ਵਲੋਂ ਨਿਤਿਨ ਗਡਕਰੀ ਨੂੰ ਬੇਨਤੀ ਕੀਤੀ ਜਾਵੇਗੀ ਕਿ ਉਹ ਨੈਸ਼ਨਲ ਪ੍ਰਾਜੈਕਟ ਲਈ ਤੁਰੰਤ ਫੰਡ ਜਾਰੀ ਕਰਨ ਤਾਂ ਜੋ ਇਸ 'ਤੇ ਕੰਮ ਸ਼ੁਰੂ ਹੋ ਸਕੇ ਤੇ ਅਗਲੇ ਕੁਝ ਸਾਲਾਂ ਤੱਕ ਇਸ ਪ੍ਰਾਜੈਕਟ ਨੂੰ ਨੇਪਰੇ ਚਾੜ੍ਹਿਆ ਜਾ ਸਕੇ। ਸੰਭਵ ਹੈ ਕਿ ਕੈਪਟਨ ਅਮਰਿੰਦਰ ਸਿੰਘ  ਨਿਤਿਨ ਗਡਕਰੀ ਦੇ ਨਾਲ ਪੰਜਾਬ ਦੇ ਕੁਝ ਸੜਕ ਪ੍ਰਾਜੈਕਟਾਂ ਬਾਰੇ ਵੀ ਚਰਚਾ ਕਰਨ ਕਿਉਂਕਿ ਕਈ ਨੈਸ਼ਨਲ ਹਾਈਵੇ ਪ੍ਰਾਜੈਕਟਾਂ 'ਤੇ ਕੰਮ ਦੀ ਰਫਤਾਰ ਬਹੁਤ ਹੌਲੀ ਚੱਲ ਰਹੀ ਹੈ।


Related News